ਮਾਨ ਸਰਕਾਰ ਵਲੋਂ ਜੁਗਾੜੂ ਮੋਟਰਸਾਇਕਲਾਂ ਉੱਤੇ ਲਾਈ ਪਾਬੰਦੀ ਦਾ ਤਿੱਖਾ ਵਿਰੋਧ ਕਰੇਗੀ ਇਫਟੂ
ਪਰਦੀਪ ਕਸਬਾ , ਨਵਾਂਸ਼ਹਿਰ 23 ਅਪ੍ਰੈਲ 2022
ਇੰਡੀਅਨ ਫੈਡਰੇਸ਼ਨ ਆਫ ਟਰੇਡ ਯੂਨੀਅਨਜ਼(ਇਫਟੂ) ਦੀ ਪੰਜਾਬ ਇਕਾਈ ਨੇ ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਵਲੋਂ ਜੁਗਾੜੂ ਮੋਟਰਸਾਈਕਲਾਂ ਉੱਤੇ ਪਾਬੰਦੀ ਲਾਏ ਜਾਣ ਨੂੰ ਆਮ ਲੋਕਾਂ ਦੇ ਹਿੱਤਾਂ ਦਾ ਵਿਰੋਧੀ ਕਰਾਰ ਦਿੱਤਾ ਹੈ।ਜਥੇਬੰਦੀ ਦੇ ਸੂਬਾ ਪ੍ਰਧਾਨ ਕੁਲਵਿੰਦਰ ਸਿੰਘ ਵੜੈਚ, ਸੂਬਾ ਸਕੱਤਰ ਅਵਤਾਰ ਸਿੰਘ ਤਾਰੀ ਅਤੇ ਸੂਬਾ ਪ੍ਰੈਸ ਸਕੱਤਰ ਜਸਬੀਰ ਦੀਪ ਨੇ ਕਿਹਾ ਹੈ ਕਿ ਮਾਨ ਸਰਕਾਰ ਦਾ ਇਹ ਫੈਸਲਾ ਬਹੁਤ ਸਾਰੇ ਲੋਕਾਂ ਦੇ ਰੁਜਗਾਰ ਉੱਤੇ ਸੱਟ ਮਾਰਨ ਵਾਲਾ ਅਤੇ ਆਟੋ ਇੰਡਸਟਰੀ ਦੇ ਹਿੱਤ ਸਾਧਣ ਵਾਲਾ ਹੈ।
ਆਗੂਆਂ ਨੇ ਕਿਹਾ ਕਿ ਮਾਨ ਸਰਕਾਰ ਦੇ ਇਹਨਾਂ ਹੁਕਮਾਂ ਨਾਲ ਘੁੰਮ ਫਿਰ ਕੇ ਫਲ ਅਤੇ ਸਬਜੀਆਂ ਵੇਚਣ ਵਾਲਿਆਂ, ਖੇਤੀ ਦੇ ਕੰਮਕਾਰ ਕਰਨ ਵਾਲੇ ਕਿਸਾਨਾਂ, ਢੋਆ-ਢੁਆਈ ਦੇ ਕੰਮ ਕਰਨ ਵਾਲੇ ਮਜਦੂਰਾਂ ਅਤੇ ਹੋਰ ਛੋਟੇ ਕਾਰੋਬਾਰੀਆਂ ਦੇ ਹਿੱਤਾਂ ਉੱਤੇ ਸੱਟ ਮਾਰੇਗਾ।ਉਹਨਾਂ ਕਿਹਾ ਕਿ ਮਾਨ ਸਰਕਾਰ ਇਹ ਜੁਗਾੜੂ ਮੋਟਰ ਸਾਈਕਲ ਬੰਦ ਕਰਕੇ ਲੋਕਾਂ ਨੂੰ ਨਵੇਂ ਵਹੀਕਲ ਖ੍ਰੀਦਣ ਲਈ ਮਜਬੂਰ ਕਰਨ ਵਾਲਾ ਹੈ ਜਦਕਿ ਇਹਨਾਂ ਕਾਰੋਬਾਰਾਂ ਨਾਲ ਜੁੜੇ ਲੋਕਾਂ ਦੀ ਆਰਥਿਕ ਹਾਲਤ ਇੰਨੀ ਮਜਬੂਤ ਨਹੀਂ ਕਿ ਉਹ 2-4 ਲੱਖ ਰੁਪਏ ਛੋਟੇ ਹਾਥੀਆਂ, ਭੂੰਡੀਆਂ ਦੇ ਖ੍ਰੀਦਣ ਉੱਤੇ ਖਰਚ ਸਕਣ।
ਆਗੂਆਂ ਨੇ ਕਿਹਾ ਕਿ ਕਿਸੇ ਵੀ ਸਰਕਾਰ ਦੇ ਫੈਸਲੇ ਇਹ ਸਪੱਸ਼ਟ ਕਰਨ ਵਾਲੇ ਹੁੰਦੇ ਹਨ ਕਿ ਸਰਕਾਰ ਦੇ ਫੈਸਲੇ ਕਿਹਨਾਂ ਵਰਗਾਂ ਦੇ ਹਿੱਤਾਂ ਉੱਤੇ ਹਮਲਾ ਕਰਦੇ ਹਨ ਅਤੇ ਕਿਹਨਾਂ ਵਰਗਾਂ ਨੂੰ ਲਾਭ ਦਿੰਦੇ ਹਨ।ਆਗੂਆਂ ਨੇ ਕਿਹਾ ਹੈ ਕਿ ਇਫਟੂ ਮਾਨ ਸਰਕਾਰ ਦੇ ਇਸ ਫੈਸਲੇ ਦੇ ਵਿਰੋਧ ਵਿਚ ਲੋਕ ਲਾਮਬੰਦੀ ਕਰਕੇ ਤਿੱਖਾ ਸੰਘਰਸ਼ ਕਰੇਗੀ।