ਨਾਜਾਇਜ਼ ਕਬਜ਼ੇ ਬਹਾਨਾ ਹੈ, ਮੁਸਲਮਾਨਾਂ ਤੇ ਨਿਸ਼ਾਨਾ ਹੈ – ਵਿਦਿਆਰਥੀ ਫਰੰਟ
ਪਰਦੀਪ ਕਸਬਾ, ਪਟਿਆਲਾ, 23 ਅਪ੍ਰੈਲ 2022
ਪਿਛਲੇ ਦਿਨੀਂ ਜਹਾਂਗੀਰਪੁਰੀ(ਦਿੱਲੀ) ਵਿੱਚ ਨਜਾਇਜ਼ ਕਬਜ਼ਿਆਂ ਦਾ ਬਹਾਨਾ ਬਣਾ ਜੋ ਦਿੱਲੀ ਪ੍ਸ਼ਾਸਨ ਤੇ ਬੀ.ਜੇ.ਪੀ ਵੱਲੋਂ ਮੁਸਲਮਾਨ ਪਰਿਵਾਰ ਦੇ ਮਕਾਨਾਂ ਉਪਰ ਬੁਲਡੋਜ਼ਰ ਚਲਾ ਕੇ ਘਰਾਂ ਤੇ ਦੁਕਾਨਾਂ ਨੂੰ ਕੁਚਲਿਆ ਗਿਆ ਹੈ ਸੋ ਇਸ ਦੇ ਖਿਲਾਫ਼ ਅੱਜ ਪੰਜਾਬੀ ਯੂਨੀਵਰਸਿਟੀ, ਪਟਿਆਲਾ ਵਿੱਚ ਸਾਂਝੇ ਵਿਦਿਆਰਥੀ ਮੋਰਚੇ ਵੱਲੋਂ ਰੋਸ ਪ੍ਦਰਸ਼ਨ ਕੀਤਾ ਗਿਆ। ਇਸ ਪ੍ਰਦਰਸ਼ਨ ਦੌਰਾਨ PRSU, PSU, SFI, AISF, PSU(L) ਦੇ ਵਿਦਿਆਰਥੀ ਆਗੂਆਂ ਵੱਲੋਂ ਸੰਬੋਧਨ ਕੀਤਾ ਗਿਆ।
ਬੁਲਾਰਿਆਂ ਨੇ ਕਿਹਾ ਕਿ ਪਿਛਲੇ ਦਿਨਾਂ ਤੋਂ ਹੀ ਲਗਾਤਾਰ ਮੀਟ ਜਾਂ ਕੋਈ ਹੋਰ ਬਹਾਨਾ ਬਣਾ ਦੁਕਾਨਾਂ ਫੂਕੀਆਂ ਗਈਆਂ। ਨਰਾਤਿਆਂ ਦੀ ਸ਼ੁਰੂਆਤ ਤੋਂ ਹੀ ਸੰਘੀ ਹਜੂਮ ਫਿਰਕੂ ਨਾਅਰੇ ਮਾਰਦਾ, ਮੁਸਲਮਾਨਾਂ ਨੂੰ ਮਾਰਨ, ਦੇਸ਼ ਚੋਂ ਕੱਢਣ ਦੇ ਭਾਸ਼ਣ ਦਿੰਦਾ, ਨੰਗੀਆਂ ਤਲਵਾਰਾਂ ਹੱਥਾਂ ‘ਚ ਲੈ ਦੇਸ਼ ਦੇ ਵੱਖ-ਵੱਖ ਸੂਬਿਆਂ ‘ਚ ਫਿਰਿਆ। ਮੁਸਲਮਾਨਾਂ ਦੇ ਘਰ ਢਾਹੁਣੇ, ਦੁਕਾਨਾਂ ਫੂਕਣੀਆਂ ਇਸ ਹਜੂਮ ਦਾ ਏਜੰਡਾ ਸੀ।
ਬੁਲਾਰਿਆਂ ਨੇ ਕਿਹਾ ਕਿ ਇਹਨਾਂ ਘਟਨਾਵਾਂ ਦੀ ਤੰਦ ਹਿੰਦੂ ਰਾਸ਼ਟਰ ਬਣਾਉਣ ਦੀ ਆਰ. ਐਸ. ਐਸ. ਫਿਰਕੁੂ ਸੋਚ ਨਾਲ ਜੁੜਦੀ ਹੈ, ਜਿਸਦਾ ਇਜ਼ਹਾਰ ਆਏ ਦਿਨ ਹੋਰ ਨੰਗਾ-ਹੋਰ ਸਾਫ਼-ਹੋਰ ਬਰਬਰ ਤੇ ਭਿਆਨਕ ਘਟਨਾਵਾਂ ਰਾਹੀਂ ਹੋ ਰਿਹਾ ਹੈ। ਧਾਰਮਿਕ ਘੱਟ-ਗਿਣਤੀਆਂ ਖਾਸਕਰ ਮੁਸਲਮਾਨਾਂ ਅਤੇ ਦਲਿਤਾਂ ‘ਤੇ ਹਮਲੇ ਵੱਧ ਰਹੇ ਹਨ। ਯੋਜਨਾਬੱਧ ਢੰਗ ਨਾਲ ਕਤਲੇਆਮ ਕੀਤੇ ਜਾ ਰਹੇ ਹਨ ਅਤੇ ਹਰੇਕ ਘਟਨਾ ‘ਚ ਪੁਲਿਸ ਪ੍ਰਸ਼ਾਸਨ, ਨਿਆਂਪਾਲਿਕਾ, ਲੀਡਰਾਂ ਅਤੇ ਮੀਡੀਆ ਦਾ ਰੋਲ ਸੰਘੀ ਗੁੰਡਿਆਂ ਦੇ ਹੱਕ ‘ਚ ਸਾਫ ਦੇਖਿਆ ਜਾ ਸਕਦਾ ਹੈ।
ਇਨ੍ਹਾਂ ਘਟਨਾਵਾਂ ਖ਼ਿਲਾਫ਼ ਬੋਲਣਾ ਅੱਜ ਆਪਣੇ ਮਨੁੱਖ ਹੋਣ ਦਾ ਸਬੂਤ ਦੇਣਾ ਹੈ। ਇਨ੍ਹਾਂ ਫਾਸ਼ੀਵਾਦੀਆਂ ਦੀ ਜੜ੍ਹ ਪੁੱਟ ਕੇ ਹੀ ਇਨ੍ਹਾਂ ਘਟਨਾਵਾਂ ਨੂੰ ਰੋਕਿਆ ਜਾ ਸਕਦਾ ਹੈ।