ਮੋਟਰਸਾਈਕਲ ਰੇਹੜੀ ਵਾਲਿਆਂ ਦੇ ਚੁੱਲ੍ਹਿਆਂ ਦੀ ਅੱਗ ਬੁਝਾ ਕੇ ਆਪ ਨੇ ਗਰੀਬ ਲੋਕਾਂ ਨਾਲ ਧੋਖਾ ਕੀਤਾ: ਦਿਓਲ
ਪਰਦੀਪ ਕਸਬਾ, ਸੰਗਰੂਰ, 23 ਅਪ੍ਰੈਲ 2022
ਮੋਟਰਸਾਈਕਲ ਰੇਹੜੀ ਵਾਲਿਆਂ ਦੇ ਚੁੱਲ੍ਹਿਆਂ ਦੀ ਅੱਗ ਬੁਝਾ ਕੇ ਆਮ ਆਦਮੀ ਪਾਰਟੀ ਨੇ ਪੰਜਾਬ ਦੇ ਲੋਕਾਂ ਨਾਲ ਧੋਖਾ ਕੀਤਾ ਹੈ।ਆਮ ਆਦਮੀ ਪਾਰਟੀ ਦੀ ਸਰਕਾਰ ਵਲੋਂ ਪੰਜਾਬ ਦੇ ਲੋਕਾਂ ਨਾਲ ਗਰੰਟੀ ਦੇ ਨਾਂ ਤੇ ਕੀਤਾ ਧੋਖਾ ਹਰ ਰੋਜ਼ ਸਾਹਮਣੇ ਆ ਰਿਹੈ ਆਮ ਲੋਕਾਂ ਨੂੰ ਜਿੰਦਗੀ ਜਿਊਣਾ ਦੁੱਭਰ ਹੋ ਗਿਆ। ਭਾਵੇਂ ਭਗਵੰਤ ਮਾਨ ਨੂੰ ਮੁੱਖ ਮੰਤਰੀ ਬਣਿਆ ਅਜੇ ਬਹੁਤ ਸਮਾਂ ਨਹੀਂ ਹੋਇਆ। ਪਰੰਤੂ ਗਰੀਬ ਲੋਕਾਂ ਦੀ ਰੋਜੀ ਰੋਟੀ ਖੋਹਣ ਦੇ ਨਿੱਤ ਨਵੇਂ ਨਾਦਰਸ਼ਾਹੀ ਹੁਕਮ ਜਾਰੀ ਹੋ ਰਹੇ ਨੇ ਜਿਸ ਨੂੰ ਬਰਦਾਸ਼ਤ ਕਰਨਾ ਮੁਸ਼ਕਲ ਹੋ ਜਾਂਦੈ ਜਿਸ ਦਿਨ ਦੀ ਸਰਕਾਰ ਬਣੀ ਹੈ।
ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਭਾਰਤੀ ਜਨਤਾ ਪਾਰਟੀ ਦੇ ਜ਼ਿਲ੍ਹਾ ਪ੍ਰਧਾਨਾਂ ਤੇ ਧੂਰੀ ਵਿਧਾਨ ਸਭਾ ਹਲਕੇ ਦੇ ਇੰਚਾਰਜ ਰਣਦੀਪ ਸਿੰਘ ਦਿਓਲ ਨੇ ਕੀਤਾ।ਉਨ੍ਹਾਂ ਕਿਹਾ ਕਿ ਉਦੋਂ ਤੋਂ ਹੀ ਕੇਵਲ ਐਲਾਨ ਹੀ ਐਲਾਨ ਨਾਂ ਕੋਈ ਨੌਕਰੀ ਨਾਂ ਕੋਈ ਮੁਲਾਜਮ ਰੈਗੂਲਰ ਨਾਂ ਕਿਸਾਨਾਂ ਨੂੰ ਕਣਕ ਦੇ ਹੋਏ ਨੁਕਸਾਨ ਤੇ ਬੋਨਸ ਬਲਕਿ ਬਿਜਲੀ ਮਾਫ਼ੀ ਦੀ ਗਰੰਟੀ ਦਾ ਵੀ ਜਨਾਜ਼ਾ ਕੱਢਦਾ ਉਲਟਾ ਕਿਸਾਨਾਂ ਦੇ ਰਿਕਵਰੀ ਲਈ ਵਾਰੰਟ ਜਾਰੀ ਕਰਤੇ ਹੁਣ ਨਵਾਂ ਕਾਰਨਾਮਾ ਜਿਹੜੇ ਗਰੀਬ ਆਦਮੀ ਮੋਟਰ ਸਾਈਕਲਾਂ ਤੇ ਰੇਹੜੀਆਂ ਆਦਿ ਲਾ ਕੇ ਮਜ਼ਦੂਰੀ ਕਰਕੇ ਪਰਿਵਾਰ ਪਾਲਦੇ ਸਨ ਉਨ੍ਹਾਂ ਤੇ ਪਾਬੰਦੀ ਲਾ ਕੇ ਰੋਟੀ ਤੋ ਮੁਹਤਾਜ਼ ਕਰ ਦਿਤੇ।
ਉਨ੍ਹਾਂ ਕਿਹਾ ਕਿ ਜੇਕਰ ਆਮ ਆਦਮੀ ਪਾਰਟੀ ਨੇ ਪੰਜਾਬ ਦੇ ਲੋਕਾਂ ਨਾਲ ਇਸੇ ਤਰ੍ਹਾਂ ਦਾ ਹੀ ਵਤੀਰਾ ਰੱਖਿਆ ਤਾਂ ਆਉਣ ਵਾਲੇ ਸਮੇਂ ਵਿੱਚ ਭਾਰਤੀ ਜਨਤਾ ਪਾਰਟੀ ਸਰਕਾਰ ਦੇ ਖਿਲਾਫ ਧਰਨੇ ਮੁਜ਼ਾਹਰੇ ਕਰਕੇ ਪੰਜਾਬ ਦੇ ਲੋਕਾਂ ਦੀ ਆਵਾਜ਼ ਨੂੰ ਬੁਲੰਦ ਕਰੇਗੀ।ਇਸ ਮੌਕੇ ਉਨ੍ਹਾਂ ਦੇ ਨਾਲ ਜ਼ਿਲ੍ਹਾ ਜਨਰਲ ਸਕੱਤਰ ਪਰਦੀਪ ਕੁਮਾਰ ਗਰਗ,ਭੁਪੇਸ਼ ਕੁਮਾਰ ਜਿੰਦਲ,ਅਸ਼ੀਸ਼ ਗਰਗ ,ਜਗਦੀਪ ਸਿੰਘ ਅਤੇ ਵੱਡੀ ਗਿਣਤੀ ਵਿੱਚ ਭਾਰਤੀ ਜਨਤਾ ਪਾਰਟੀ ਦੇ ਵਰਕਰ ਤੇ ਅਹੁਦੇਦਾਰ ਹਾਜ਼ਰ ਸਨ।