ਸਿਵਲ ਹਸਪਤਾਲ ‘ਚ ਰੋਸ ਧਰਨਾ ਸ਼ੁਰੂ, ਮੰਗਾਂ ਨਾ ਮੰਨੀਆਂ , ਫਿਰ ਡੀਸੀ ਦਫਤਰ ਅੱਗੇ ਧਰਨੇ ਦਾ ਐਲਾਨ
ਪਰਿਵਾਰਾਂ ਨੂੰ ਮੁਆਵਜ਼ਾ ਅਤੇ ਸਰਕਾਰੀ ਨੌਕਰੀ ਨਾ ਮਿਲਣ ਤੱਕ ਮ੍ਰਿਤਕਾਂ ਨਹੀਂ ਕੀਤਾ ਜਾਵੇਗਾ ਸਸਕਾਰ
ਜਗਸੀਰ ਸਿੰਘ ਚਹਿਲ , ਬਰਨਾਲਾ 22 ਅਪ੍ਰੈਲ 2022
ਪੀਆਰਟੀਸੀ ਬੱਸ ਦੇ ਡਰਾਈਵਰ ਦੀ ਲਾਪਰਵਾਹੀ ਦੀ ਭੇਂਟ ਚੜ੍ਹੇ ਦੋ ਨੌਜਵਾਨਾਂ ਗੁਰਸੰਤ ਸਿੰਘ ਤੇ ਮਿੱਠੂ ਸਿੰਘ ਦੇ ਵਾਰਿਸਾਂ ਨੂੰ ਸਰਕਾਰੀ ਨੌਕਰੀ ਅਤੇ ਫੌਰੀ ਤੌਰ ਤੇ ਮੁਆਵਜਾ ਰਾਸ਼ੀ ਦੇਣ ਦੀ ਮੰਗ ਨੂੰ ਲੈ ਕੇ ਪਰਿਵਾਰਿਕ ਮੈਂਬਰਾਂ ਨੇ ਸੰਘਰਸ਼ਸ਼ੀਲ ਜਥੇਬੰਦੀਆਂ ਦੇ ਸਹਿਯੋਗ ਨਾਲ ਸਿਵਲ ਹਸਪਤਾਲ ਅੰਦਰ ਧਰਨਾ ਸ਼ੁਰੂ ਕਰ ਦਿੱਤਾ ਹੈ। ਪ੍ਰਦਰਸ਼ਨਕਾਰੀਆਂ ਨੇ ਐਲਾਨ ਕੀਤਾ ਕਿ ਜਦੋਂ ਤੱਕ ਉਨ੍ਹਾਂ ਦੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ, ਉਦੋਂ ਤੱਕ ਨਾ ਉਹ ਲਾਸ਼ਾਂ ਦਾ ਪੋਸਟਮਾਰਟਮ ਕਰਵਾਉਣਗੇ ਅਤੇ ਨਾ ਹੀ ਸਸਕਾਰ ਕਰਨਗੇ। ਪ੍ਰਦਰਸ਼ਨਕਾਰੀਆਂ ਨੇ ਸਰਕਾਰ ਅਤੇ ਪ੍ਰਸ਼ਾਸ਼ਨ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਅੱਜ ਸ਼ਾਮ ਪੰਜ ਵਜੇ ਤੱਕ, ਉਨ੍ਹਾਂ ਦੀਆਂ ਮੰਗਾਂ ਨਾ ਮੰਨੀਆਂ ਤਾਂ ਕੱਲ੍ਹ ਨੂੰ ਡੀਸੀ ਦਫਤਰ ਅੱਗੇ, ਅਣਮਿੱਥੇ ਸਮੇਂ ਤੱਕ ਰੋਸ ਧਰਨਾ ਦਿੱਤਾ ਜਾਵੇਗਾ।
ਸਿਵਲ ਹਸਪਤਾਲ ਮੂਹਰੇ ਜਾਰੀ ਧਰਨੇ ਨੂੰ ਸੰਬੋਧਨ ਕਰਦਿਆਂ ਇਨਕਲਾਬੀ ਕੇਂਦਰ ਪੰਜਾਬ ਦੇ ਜਿਲ੍ਹਾ ਪ੍ਰਧਾਨ ਡਾਕਟਰ ਰਜਿੰਦਰ ਪਾਲ, ਕਰਮਚਾਰੀ ਆਗੂ ਬਲਦੇਵ ਮੰਡੇਰ, ਨਗਰ ਕੌਂਸਲ ਬਰਨਾਲਾ ਦੇ ਸਾਬਕਾ ਮੀਤ ਪ੍ਰਧਾਨ ਤੇ ਸੀਨੀਅਰ ਕਾਂਗਰਸੀ ਆਗੂ ਮਹੇਸ਼ ਲੋਟਾ, ਮਹਿੰਦਰਪਾਲ ਸਿੰਘ ਪੱਖੋ, ਕਾਂਗਰਸ ਦੀ ਸਾਬਕਾ ਜਿਲ੍ਹਾ ਪ੍ਰਧਾਨ ਰੂਪੀ ਕੌਰ, ਨਗਰ ਪੰਚਾਇਤ ਹੰਡਿਆਇਆ ਦੇ ਸਾਬਕਾ ਪ੍ਰਧਾਨ ਰਣਧੀਰ ਕੌਸ਼ਲ , ਮਜਦੂਰ ਆਗੂ ਅਜੈਬ ਸਿੰਘ ਫੱਲੇਵਾਲੀਆ ਆਦਿ ਨੇ ਕਿਹਾ ਕਿ ਦੋਵੇਂ ਮ੍ਰਿਤਕ ਨੌਜਵਾਨ ਗਰੀਬ ਪਰਿਵਾਰ ਨਾਲ ਸਬੰਧਿਤ ਹਨ ਤੇ ਦਿਹਾੜੀ ਮਜਦੂਰੀ ਕਰਕੇ ਆਪਣੇ ਪਰਿਵਾਰਾਂ ਦਾ ਪਾਲਣ-ਪੋਸਣ ਕਰਦੇ ਸਨ। ਉਨ੍ਹਾਂ ਦੀ ਹਾਦਸੇ ਨਾਲ ਹੋਈ ਮੌਤ ਤੋਂ ਬਾਅਦ ਉਨ੍ਹਾਂ ਤੇ ਆਸ਼ਰਿਤ ਪਰਿਵਾਰ ਦੇ ਜੀਆਂ ਦਾ ਦੋ ਡੰਗ ਦੀ ਰੋਟੀ ਦਾ ਵੀ ਕੋਈ ਸਾਧਨ ਨਹੀਂ ਰਿਹਾ। ਉਨ੍ਹਾਂ ਕਿਹਾ ਕਿ ਪੀਆਰਟੀਸੀ ਬੱਸ ਦੇ ਡਰਾਇਵਰ ਦੀ ਘੋਰ ਲਾਪਰਵਾਹੀ ਨੇ ਦੋ ਗਰੀਬ ਨੌਜਵਾਨਾਂ ਦੇ ਘਰਾਂ ਵਿੱਰ ਸੱਥਰ ਬਿਛਾ ਕੇ, ਪਰਿਵਾਰਾਂ ਨੂੰ ਭੁੱਖਮਰੀ ਨਾਲ ਜੂਝਨ ਲਈ ਮਜਬੂਰ ਕਰ ਦਿੱਤਾ ਹੈ। ਇਸ ਮੌਕੇ ਲੋਕਾਂ ਵੱਲੋਂ ਹਾਦਸੇ ਦੇ ਦੋਸ਼ੀ ਨੂੰ ਸਜਾ ਅਤੇ ਮ੍ਰਿਤਕਾਂ ਦੇ ਪਰਿਵਾਰਾਂ ਨੂੰ ਫੌਰੀ ਤੌਰ ਤੇ 5/5 ਲੱਖ ਰੁਪਏ ਦਾ ਮੁਆਵਜਾ ਅਤੇ ਪਰਿਵਾਰ ਦੇ ਇੱਕ ਇੱਕ ਜੀਅ ਨੂੰ ਸਰਕਾਰੀ ਨੌਕਰੀ ਦਿਵਾਉਣ ਲਈ ਐਕਸ਼ਨ ਕਮੇਟੀ ਕਾਇਮ ਕਰ ਦਿੱਤੀ ਹੈ। ਐਕਸ਼ਨ ਕਮੇਟੀ ਦੇ ਬੁਲਾਰੇ ਡਾਕਟਰ ਰਜਿੰਦਰ ਪਾਲ ਨੇ ਕਿਹਾ ਕਿ ਮੰਗਾਂ ਪੂਰੀਆਂ ਕਰਵਾਉਣ ਲਈ , ਐਕਸ਼ਨ ਕਮੇਟੀ ਕਿਸਾਨ ਯੂਨੀਅਨਾਂ ਅਤੇ ਹੋਰ ਭਰਾਤਰੀ ਜਥੇਬੰਦੀਆਂ ਦੇ ਸਹਿਯੋਗ ਨਾਲ ਤਿੱਖਾ ਸੰਘਰਸ਼ ਵਿੱਢਣ ਤੋਂ ਪਿੱਛੇ ਨਹੀਂ ਹਟੇਗੀ।
ਜਿਕਰਯੋਗ ਹੈ ਕਿ ਲੰਘੀ ਕੱਲ੍ਹ ਬਰਨਾਲਾ- ਹੰਡਿਆਇਆ ਰੋਡ ਤੇ ਡੀ ਮਾਰਟ ਮਾਲ ਦੇ ਸਾਹਮਣੇ ਪੀਆਰਟੀਸੀ ਦੀ ਬੱਸ ਦੇ ਡਰਾਇਵਰ ਵੱਲੋਂ ਮੋਟਰਸਾਈਕਲ ਸਵਾਰ ਦੋ ਨੌਜਵਾਨਾਂ ਮਿੱਠੂ ਸਿੰਘ ਪੁੱਤਰ ਗੇਜਾ ਸਿੰਘ ਤੇ ਗੁਰਸੰਤ ਸਿੰਘ ਪੁੱਤਰ ਸਾਧਾ ਸਿੰਘ ਵਾਸੀ ਬਾਬਾ ਜੀਵਨ ਸਿੰਘ ਨਗਰ ਹੰਡਿਆਇਆ ਨੂੰ ਕੁਚਲ ਦਿੱਤਾ ਸੀ,ਜਿੰਨ੍ਹਾਂ ਦੀ ਮੌਕੇ ਤੇ ਹੀ ਮੌਤ ਹੋ ਗਈ ਸੀ। ਪੁਲਿਸ ਨੇ ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਪੋਸਟ ਮਾਰਟਮ ਲਈ ਸਿਵਲ ਹਸਪਤਾਲ ਦੇ ਮੁਰਦਾਘਾਟ ਵਿੱਚ ਰੱਖਿਆ ਹੋਇਆ ਹੈ।
ਮੌਕੇ ਤੇ ਮੌਜੂਦ ਥਾਣਾ ਸਿਟੀ-2 ਬਰਨਾਲਾ ਦੇ ਐਸਐਚਉ ਲਖਵਿੰਦਰ ਸਿੰਘ ਨੇ ਦੱਸਿਆ ਕਿ ਕਮਲਜੀਤ ਸਿੰਘ ਪੁੱਤਰ ਮਿੱਠੂ ਸਿੰਘ ਵਾਸੀ ਹੰਡਿਆਇਆ ਦੇ ਬਿਆਨਾਂ ਤੇ ਬੱਸ ਡਰਾਈਵਰ ਸੰਜੀਵ ਕੁਮਾਰ ਪੁੱਤਰ ਮਲਕੀਤ ਸਿੰਘ ਵਾਸੀ ਪਲਾਹੜ (ਹੁਸ਼ਿਆਰਪੁਰ) ਦੇ ਖਿਲਾਫ ਅਧੀਨ ਜੁਰਮ 304 ਏ / 279/ 337/ 338 / 427 ਆਈ ਪੀ ਸੀ ਤਹਿਤ ਮਾਮਲਾ ਦਰਜ ਕਰਕੇ ਨਾਮਜ਼ਦ ਦੋਸ਼ੀ ਬੱਸ ਡਰਾਈਵਰ ਨੂੰ ਗਿਰਫ਼ਤਾਰ ਵੀ ਕਰ ਲਿਆ ਹੈ। ਉਨ੍ਹਾਂ ਪੋਸਟਮਾਰਟਮ ਨਾ ਕਰਵਾਏ ਜਾਣ ਬਾਰੇ ਦੱਸਿਆ ਕਿ ਪਰਿਵਾਰ ਵਲੋਂ ਕੀਤੀ ਜਾ ਰਹੀ ਮੰਗ ਨੂੰ ਉੱਚ ਅਧਿਕਾਰੀਆਂ ਦੇ ਧਿਆਨ ਵਿੱਚ ਲਿਆਂਦਾ ਗਿਆ ਹੈ, ਇਸ ਸੰਬੰਧੀ ਜੋ ਵੀ ਹੁਕਮ ਜਾਰੀ ਹੋਣਗੇ, ਉਸ ਤਹਿਤ ਅਗਲੇਰੀ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।