ਬਰਨਾਲਾ ਕਲੱਬ ‘ਚ ਉੱਭਰੀਆਂ ਬਾਗੀ ਸੁਰਾਂ
ਕਲੱਬ ਦੇ ਸੈਕਟਰੀ ਬਿਨਾਂ ਹੀ ਕਲੱਬ ਵਿੱਚ ਵੱਡੀ ਗਿਣਤੀ ਮੈਂਬਰਾਂ ਦੀ ਹੋਈ ਮੀਟਿੰਗ
6 ਸੀਨੀਅਰ ਮੈਂਬਰਾਂ ਦੀ ਸੈਕਟਰੀ ਨਾਲ ਗੱਲਬਾਤ ਲਈ ਕਮੇਟੀ ਕਾਇਮ
ਹਰਿੰਦਰ ਨਿੱਕਾ, ਬਰਨਾਲਾ 21 ਅਪ੍ਰੈਲ 2022
ਡਿਪਟੀ ਕਮਿਸ਼ਨਰ ਕੁਮਾਰ ਸੌਰਭ ਰਾਜ ਵੱਲੋਂ ਬਿਨਾਂ ਕਿਸੇ ਸੰਵਿਧਾਨਿਕ ਅਧਿਕਾਰ ਤੋਂ ਥਾਪੇ ਗਏ ਬਰਨਾਲਾ ਕਲੱਬ ਦੇ ਸੈਕਟਰੀ ਡਾਕਟਰ ਰਮਨਦੀਪ ਸਿੰਘ ਦੀਆਂ ਅੰਦਰ ਹੀ ਅੰਦਰ ਧੁੱਖਦੀਆਂ ਸਮੱਸਿਆਵਾਂ, ਹੁਣ ਸਭ ਦੇ ਸਾਹਮਣੇ ਮੂੰਹ ਅੱਡੀ ਖੜ੍ਹੀਆਂ ਹਨ। ਸੈਕਟਰੀ ਰਮਨਦੀਪ ਸਿੰਘ ਦੁਆਰਾ ਕਲੱਬ ਦੇ ਹੋਰ ਆਹੁਦੇਦਾਰਾਂ ਦੀਆਂ ਨਿਯਕੁਤੀਆਂ ਕਰਦੇ ਸਮੇਂ ਕਾਫੀ ਸੀਨੀਅਰ ਮੈਂਬਰਾਂ ਦੀ ਕੀਤੀ ਅਣਦੇਖੀ ਨੇ ਹੁਣ ਕਲੱਬ ਦੀ ਸਿਆਸਤ ਵਿੱਚ ਭੁਚਾਲ ਖੜ੍ਹਾ ਕਰ ਦਿੱਤਾ ਹੈ।
ਕੱਲ੍ਹ ਦੇਰ ਸ਼ਾਮ ਬਾਗੀ ਸੁਰਾਂ ਉਦੋਂ ਉੱਭਰਕੇ ਸਾਹਮਣੇ ਆ ਗਈਆਂ, ਜਦੋਂ ਕਲੱਬ ਦੇ ਵੱਡੀ ਗਿਣਤੀ ਵਿੱਚ ਮੈਂਬਰਾਂ ਨੇ ਸੈਕਟਰੀ ਦੀ ਗੈਰਹਾਜ਼ਰੀ ਵਿੱਚ ਕਲੱਬ ਅੰਦਰ ਮੀਟਿੰਗ ਕਰਕੇ,ਕਾਫੀ ਗੁੱਭਗੁਭਾਟ ਕੱਢਿਆ। ਕਈ ਮੈਂਬਰਾਂ ਦੀ ਸੈਕਟਰੀ ਦੀ ਚੋਣ ਸਮੇਂ ਅਪਣਾਈ ਗੈਰ ਸੰਵਿਧਾਨਿਕ ਪ੍ਰਕਿਰਿਆ ਨੂੰ ਲੈ ਕੇ ਸੁਰ ਕਾਫੀ ਤਿੱਖੀ ਦੇਖਣ ਨੂੰ ਵੀ ਮਿਲੀ। ਮੀਟਿੰਗ ਵਿੱਚ ਸੈਕਟਰੀ ਵੱਲੋਂ ਮੈਂਬਰਾਂ ਨੂੰ ਸਹਿਮਤੀ ਤੋਂ ਬਗੈਰ ਲਏ ਜਾ ਰਹੇ ਫੈਸਲਿਆਂ ਤੇ ਕਾਫੀ ਨਰਾਜ਼ਗੀ ਜੱਗਜਾਹਿਰ ਹੋਈ। ਮੀਟਿੰਗ ਦੌਰਾਨ ਮੌਜੂਦ ਕਲੱਬ ਦੇ ਮੈਂਬਰਾਂ ਨੇ ਸੈਕਟਰੀ ਤੱਕ ਆਪਣੀ ਗੱਲ ਅਤੇ ਰੋਸ ਦਰਜ਼ ਕਰਵਾਉਣ ਲਈ 6 ਮੈਂਬਰੀ ਕਮੇਟੀ ਵੀ ਕਾਇਮ ਕੀਤਅ ਗਈ।
ਇਸ ਕਮੇਟੀ ਵਿੱਚ ਨਗਰ ਸੁਧਾਰ ਟਰੱਸਟ ਦੇ ਸਾਬਕਾ ਚੇਅਰਮੈਨ ਮੱਖਣ ਸ਼ਰਮਾ, ਨਗਰ ਕੌਂਸਲ ਦੇ ਸਾਬਕਾ ਮੀਤ ਪ੍ਰਧਾਨ ਮਹੇਸ਼ ਕੁਮਾਰ ਲੋਟਾ, ਰਾਜੂ ਕਾਂਸਲ, ਡਾਕਟਰ ਰਾਜੀਵ ਗਰਗ, ਘੋਨਾ ਟੱਲੇਵਾਲੀਆ ਅਤੇ ਪ੍ਰਿੰਸੀਪਲ ਰਾਜਮਹਿੰਦਰ ਸਿੰਘ ਨੂੰ ਸ਼ਾਮਿਲ ਕੀਤਾ ਗਿਆ। ਇਸ ਦੀ ਪੁਸ਼ਟੀ ਮੱਖਣ ਸ਼ਰਮਾ ਅਤੇ ਮਹੇਸ਼ ਲੋਟਾ ਨੇ ਵੀ ਕੀਤੀ ਹੈ। ਸੂਤਰਾਂ ਅਨੁਸਾਰ ਇਹ ਫੈਸਲਾ ਵੀ ਹੋਇਆ ਕਿ ਜੇਕਰ ਕਮੇਟੀ ਵੱਲੋਂ ਦਰਜ਼ ਕਰਵਾਏ ਇਤਰਾਜ ਅਤੇ ਰੋਸ ਨੂੰ ਕਲੱਬ ਦੇ ਸੈਕਟਰੀ ਡਾਕਟਰ ਰਮਨਦੀਪ ਸਿੰਘ ਨੇ ਹੱਲ ਕਰਨ ਲਈ, ਕੋਈ ਹਾਮੀ ਨਾ ਭਰੀ ਤਾਂ ਫਿਰ ਛੇਤੀ ਹੀ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿੱਚ ਸੈਕਟਰੀ ਅਤੇ ਉਨਾਂ ਦੀ ਨਿਯੁਕਤ ਟੀਮ ਲਈ ਅਪਣਾਈ ਗੈਰਕਾਨੂੰਨੀ ਕਾਰਵਾਈ ਬਾਰੇ ਰਿੱਟ ਦਾਇਰ ਕੀਤੀ ਜਾਵੇ।
ਮੈਂਬਰਾਂ ਦਾ ਕਹਿਣਾ ਹੈ ਕਿ ਬਰਨਾਲਾ ਕਲੱਬ ਦੇ ਸੰਵਿਧਾਨ ਅਨੁਸਾਰ ਸੈਕਟਰੀ ਦੀ ਚੋਣ ਐਗਜੈਕਟਿਵ ਕਮੇਟੀ ਜਾਂ ਫਿਰ ਹਾਊਸ ਵੱਲੋਂ ਹੀ ਕੀਤੀ ਜਾ ਸਕਦੀ ਹੈ। ਡਿਪਟੀ ਕਮਿਸ਼ਨਰ ਖੁਦ ਕਲੱਬ ਦੇ ਅਨਔਫੀਸ਼ਿਉ ਪ੍ਰਧਾਨ ਹੁੰਦੇ ਹਨ। ਉਨਾਂ ਕੋਲ ਇਕੱਲਿਆਂ ਹੀ ਸੈਕਟਰੀ ਦੀ ਨਿਯੁਕਤੀ ਦਾ ਕੋਈ ਅਧਿਕਾਰ ਹੀ ਨਹੀਂ ਹੁੰਦਾ। ਲੱਗਦਾ ਹੈ ਕਿ ਜੇ ਸੈਕਟਰੀ ਨੇ ਕਲੱਬ ਮੈਂਬਰਾਂ ਦੀਆਂ ਬਾਗੀ ਸੁਰਾਂ ਨੂੰ ਨਜਰਅੰਦਾਜ ਕੀਤਾ ਤਾਂ ਉਹ ਦਿਨ ਦੂਰ ਨਹੀਂ, ਜਦੋਂ ਕਲੱਬ ਦੇ ਮਾਮਲੇ ਦੀ ਗੂੰਜ ਹਾਈਕੋਰਟ ਵਿੱਚ ਸੁਣਾਈ ਦੇਵੇਗੀ। ਪਤਾ ਇਹ ਵੀ ਲੱਗਿਆ ਹੈ ਕਿ ਕਲੱਬ ‘ਚ ਧੁੱਖਦੀ ਬਾਗੀ ਸੁਰਾਂ ਦੀ ਅੱਗ ਨੂੰ ਕਲੱਬ ਦਾ ਨਵਾਂ ਚੁਣਿਆ ਇੱਕ ਅਹੁਦੇਦਾਰ ਅਤੇ ਆਮ ਆਦਮੀ ਪਾਰਟੀ ਦਾ ਆਗੂ ਵੀ ਹਵਾ ਦੇ ਕੇ ਭਾਂਬੜ ਬਣਾਉਣ ਦੀਆਂ ਕੋਸ਼ਿਸ਼ਾਂ ਵਿੱਚ ਲੱਗਿਆ ਹੋਇਆ ਹੈ। ਕਿਉਂਕਿ ਉਹ ਖੁਦ ਸੈਕਟਰੀ ਦਾ ਅਹੁਦਾ ਲੈਣ ਲਈ ਸਭ ਤੋਂ ਵੱਡਾ ਦਾਵੇਦਾਰ ਸੀ।