ਮਜ਼ਦੂਰ ਆਗੂਆਂ ਵੱਲੋਂ ਤੂੜੀ ਦੇ ਵਧ ਰਹੇ ਰੇਟ ਕੰਟਰੋਲ ਕਰਨ ਲਈ ਮੁੱਖ ਮੰਤਰੀ ਤੋਂ ਦਖ਼ਲ ਮੰਗਿਆ*
ਪਰਦੀਪ ਕਸਬਾ , ਚੰਡੀਗੜ੍ਹ,21 ਅਪ੍ਰੈਲ 2022
ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਆਗੂਆਂ ਵੱਲੋਂ ਮੁੱਖ ਮੰਤਰੀ ਦੇ ਪ੍ਰਮੁੱਖ ਸਕੱਤਰ ਸ੍ਰੀ ਏ ਵੇਨੂੰ ਪ੍ਰਸ਼ਾਦ ਨਾਲ ਫ਼ੋਨ ਉੱਪਰ ਗੱਲਬਾਤ ਕਰਕੇ ਤੂੜੀ ਦੀ ਸਿਖਰਾਂ ਛੋਹ ਰਹੀ ਮਹਿੰਗਾਈ ਨੂੰ ਕਾਬੂ ਹੇਠ ਕਰਨ ਲਈ ਮੁੱਖ ਮੰਤਰੀ ਸ੍ਰੀ ਭਗਵੰਤ ਸਿੰਘ ਮਾਨ ਤੇ ਪੰਜਾਬ ਸਰਕਾਰ ਤੋਂ ਤੁਰੰਤ ਪ੍ਰਭਾਵਸ਼ਾਲੀ ਕਦਮ ਚੁੱਕਣ ਦੀ ਮੰਗ ਕੀਤੀ ਗਈ। ਯੂਨੀਅਨ ਦੇ ਸੂਬਾ ਪ੍ਰਧਾਨ ਜ਼ੋਰਾ ਸਿੰਘ ਨਸਰਾਲੀ ਤੇ ਜਨਰਲ ਸਕੱਤਰ ਲਛਮਣ ਸਿੰਘ ਸੇਵੇਵਾਲਾ ਨੇ ਜ਼ਾਰੀ ਬਿਆਨ ਰਾਹੀਂ ਦੱਸਿਆ ਕਿ ਕੁੱਝ ਫੈਕਟਰੀਆਂ ਵੱਲੋਂ ਅਤੇ ਕੁੱਝ ਅਜਾਰੇਦਾਰਾਂ ਵੱਲੋਂ ਵੱਡੀ ਪੱਧਰ ‘ਤੇ ਤੂੜੀ ਦੇ ਸਟਾਕ ਜਮਾਂ ਕਰਨ ਸਦਕਾ ਤੂੜੀ ਦੇ ਰੇਟ ਅਸਮਾਨੀ ਚੜ੍ਹ ਗਏ ਹਨ ਜਿਸ ਕਾਰਨ ਤੂੜੀ, ਪਸ਼ੂ ਪਾਲਕ ਖੇਤ ਮਜ਼ਦੂਰਾਂ ਤੇ ਬੇਜ਼ਮੀਨੇ ਕਿਸਾਨਾਂ ਦੀ ਪਹੁੰਚ ਤੋਂ ਬਾਹਰ ਹੋ ਰਹੀ ਹੈ । ਉਹਨਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਮੌਜੂਦਾ ਸਮੇਂ ਤੂੜੀ ਦੀ ਜਮਾਂ ਖੋਰੀ ਨੂੰ ਤੁਰੰਤ ਨੱਥ ਪਾਈ ਜਾਵੇ ਅਤੇ ਤੂੜੀ ਦੇ ਰੇਟਾਂ ਨੂੰ ਸਰਕਾਰੀ ਕੰਟਰੋਲ ਅਧੀਨ ਲਿਆਂਦਾ ਜਾਵੇ।
ਖੇਤ ਮਜ਼ਦੂਰ ਆਗੂਆਂ ਨੇ ਜਾਰੀ ਬਿਆਨ ‘ਚ ਆਖਿਆ ਕਿ ਭਾਰਤੀ ਹਾਕਮਾਂ ਵੱਲੋਂ ਸਾਮਰਾਜੀ ਤਾਕਤਾਂ ਅਤੇ ਕਾਰਪੋਰੇਟ ਘਰਾਣਿਆਂ ਦੇ ਸੁਪਰ ਮੁਨਾਫਿਆਂ ਨੂੰ ਮੁੱਖ ਰੱਖਦੇ ਹੋਏ ਮੜ੍ਹੇ ਗਏ ਮੌਜੂਦਾ ਖੇਤੀ ਮਾਡਲ ਨੇ ਖੇਤ ਮਜ਼ਦੂਰਾਂ ਤੇ ਕਿਸਾਨਾਂ ਨੂੰ ਖੁਦਕੁਸ਼ੀਆਂ ਵਰਗੇ ਕਦਮ ਚੁੱਕਣ ਲਈ ਮਜਬੂਰ ਕਰ ਦਿੱਤਾ ਹੈ। ਉਹਨਾਂ ਕਿਹਾ ਕਿ ਇਸ ਮਾਡਲ ਨੇ ਇੱਕ ਪਾਸੇ ਖੇਤ ਮਜ਼ਦੂਰਾਂ ਤੋਂ ਹਾੜ੍ਹੀ ਸਮੇਤ ਖੇਤੀ ਖੇਤਰ ‘ਚੋਂ ਵੱਡੀ ਪੱਧਰ ‘ਤੇ ਰੁਜ਼ਗਾਰ ਖੋਹ ਲਿਆ ਅਤੇ ਦੂਜੇ ਪਾਸੇ ਉਹਨਾਂ ਲਈ ਥੋੜ੍ਹਾ ਬਹੁਤਾ ਸਹਾਰਾ ਬਣਦੇ ਪਸ਼ੂ ਪਾਲਣ ਦੇ ਧੰਦੇ ਨੂੰ ਵੀ ਵੱਡੀ ਫੇਟ ਮਾਰ ਦਿੱਤੀ ਹੈ। ਉਹਨਾਂ ਕਿਹਾ ਕਿ ਮੌਜੂਦਾ ਸਮੇਂ ਜਿਵੇਂ ਤੂੜੀ ਦੇ ਰੇਟ ਅਸਮਾਨੀ ਚੜ੍ਹ ਰਹੇ ਹਨ ਇਸ ਨਾਲ ਮਜ਼ਦੂਰਾਂ ਤੇ ਬੇਜ਼ਮੀਨੇ ਕਿਸਾਨਾਂ ਕੋਲ਼ ਮਾੜਾ ਮੋਟਾ ਬਚਿਆ ਪਸ਼ੂ ਪਾਲਣ ਦਾ ਧੰਦਾ ਵੀ ਬੁਰੀ ਤਰ੍ਹਾਂ ਚੌਪਟ ਹੋ ਜਾਵੇਗਾ।
ਉਹਨਾਂ ਕਿਹਾ ਕਿ ਤੂੜੀ ਦੇ ਘਟੇ ਝਾੜ ਅਤੇ ਜਮਾਂਖੋਰੀ ਦੀ ਬਦੌਲਤ ਤੂੜੀ ਦੇ ਵਧ ਰਹੇ ਰੇਟ ਕਿਸਾਨਾਂ ਮਜ਼ਦੂਰਾਂ ਦੀ ਜਮਾਤੀ ਸਾਂਝ ਨੂੰ ਚੀਰਾ ਦੇਣ ਅਤੇ ਕੜੱਤਣ ਵਧਾਉਣ ਦਾ ਵੀ ਸਾਧਨ ਬਣ ਰਹੇ ਹਨ ਜ਼ੋ ਕਿ ਕਿਸਾਨ ਮਜ਼ਦੂਰ ਦੋਖੀ ਤਾਕਤਾਂ ਨੂੰ ਰਾਸ ਬੈਠਦੇ ਹਨ । ਉਹਨਾਂ ਕਿਸਾਨਾਂ ਨੂੰ ਵੀ ਅਪੀਲ ਕੀਤੀ ਕਿ ਉਹ ਪਸ਼ੂ ਪਾਲਕ ਖੇਤ ਮਜ਼ਦੂਰਾਂ, ਬੇਜ਼ਮੀਨੇ ਤੇ ਥੁੜ ਜ਼ਮੀਨੇ ਕਿਸਾਨਾਂ ਦੀ ਸਮੱਸਿਆ ਨੂੰ ਮੁੱਖ ਰੱਖਦੇ ਹੋਏ ਵਡੇਰੇ ਹਿੱਤਾਂ ਲਈ ਵਾਜਿਬ ਰੇਟਾਂ ‘ਤੇ ਤੂੜੀ ਮਹੱਈਆ ਕਰਾਉਣ ਲਈ ਅੱਗੇ ਆਉਣ।