ਹਰਿੰਦਰ ਨਿੱਕਾ, ਬਰਨਾਲਾ 18 ਅਪ੍ਰੈਲ 2022
ਖਾਤਾ ਬੰਦ ਹੋਣ ਦੇ ਬਾਵਜੂਦ ਇੱਕ ਲੱਖ ਰੁਪਏ ਦਾ ਦਿੱਤਾ ਹੋਇਆ ਚੈਕ ਬੌਂਸ ਹੋਣ ਦੇ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਅਦਾਲਤ ਨੇ ਦੋਸ਼ੀ ਨੂੰ ਇੱਕ ਸਾਲ ਦੀ ਸਜ਼ਾ ਅਤੇ ਇੱਕ ਲੱਖ ਰੁਪਏ ਦਾ ਹਰਜ਼ਾਨਾ ਭਰਨ ਦਾ ਹੁਕਮ ਦਿੱਤਾ ਹੈ। ਇਸ ਮਾਮਲੇ ਦੀ ਜਾਣਕਾਰੀ ਦਿੰਦਿਆਂ ਧੀਰਜ ਕੁਮਾਰ ਐਡਵੋਕੇਟ ਬਰਨਾਲਾ ਨੇ ਦੱਸਿਆ ਕਿ ਰਤਨ ਲਾਲ ਪੁੱਤਰ ਮੁਰਲੀਧਰ ਵਾਸੀ ਬਰਨਾਲਾ ਨੇ ਮਿਤੀ 20-07-2016 ਨੂੰ 1,00,000/- ਰੁਪਏ ਗਗਨਦੀਪ ਕਾਂਸਲ ਨੂੰ ਉਧਾਰ ਦਿੱਤੇ ਸਨ ਅਤੇ ਰਕਮ ਵਾਪਸ ਕਰਨ ਦੇ ਇਵਜ਼ ਵਿੱਚ ਗਗਨਦੀਪ ਕਾਂਸਲ ਨੇ ਇੱਕ ਚੈਕ ਨੰਬਰ 000014 ਮਿਤੀ 18-07-2019 ਨੂੰ 1,00,000/- ਰੁਪਏ ਦਾ ਜਾਰੀ ਕਰ ਦਿੱਤਾ ਜੋ ਖਾਤਾ ਬੰਦ ਹੋਣ ਕਾਰਨ ਡਿਸਆਨਰ/ਬੌਂਸ ਹੋ ਗਿਆ। ਜੋ ਉਕਤ ਚੈਕ ਦੇ ਡਿਸਆਨਰ ਹੋਣ ਤੇ ਰਤਨ ਲਾਲ ਵੱਲੋਂ ਆਪਣੇ ਵਕੀਲ ਸ਼੍ਰੀ ਧੀਰਜ ਕੁਮਾਰ ਐਡਵੋਕੇਟ, ਬਰਨਾਲਾ ਰਾਹੀਂ ਗਗਨਦੀਪ ਕਾਂਸਲ ਦੇ ਖਿਲਾਫ ਇੱਕ ਕੰਪਲੇਂਟ ਜੇਰ ਦਫਾ 138 ਐਨ.ਆਈ. ਐਕਟ ਤਹਿਤ ਮਾਨਯੋਗ ਅਦਾਲਤ ਪਾਸ ਦਾਇਰ ਕੀਤੀ ਗਈ । ਜੋ ਅੱਜ ਮਾਨਯੋਗ ਅਦਾਲਤ ਵੱਲੋਂ ਮੁਦਈ ਧਿਰ ਦੇ ਵਕੀਲ ਧੀਰਜ ਕੁਮਾਰ ਦੀਆਂ ਦਲੀਲਾਂ ਨਾਲ ਸਹਿਮਤ ਹੁੰਦਿਆਂ ਅਦਾਲਤ ਨੇ ਮੰਨਿਆ ਕਿ ਗਗਨਦੀਪ ਕਾਂਸਲ ਨੇ ਜਾਣਬੁੱਝ ਕੇ ਖਾਤਾ ਬੰਦ ਹੋਣ ਦੇ ਬਾਵਜੂਦ ਚੈਕ ਜਾਰੀ ਕਰਕੇ ਜ਼ੁਰਮ ਕੀਤਾ ਹੈ। ਮਾਨਯੋਗ ਅਦਾਲਤ ਸ਼੍ਰੀ ਵਿਜੈ ਸਿੰਘ ਡਡਵਾਲ, ਜੁਡੀਸ਼ੀਅਲ ਮੈਜਿਸਟਰੇਟ ਫਸਟ ਕਲਾਸ ਬਰਨਾਲਾ ਵੱਲੋਂ ਗਗਨਦੀਪ ਕਾਂਸਲ ਪੁੱਤਰ ਸੁਰਿੰਦਰ ਕੁਮਾਰ ਵਾਸੀ ਬਰਨਾਲਾ ਨੂੰ ਚੈਕ ਦੇ ਕੇਸ ਵਿੱਚ 1 ਸਾਲ ਦੀ ਸਖਤ ਸਜ਼ਾ ਅਤੇ 1,00,000/- ਰੁਪਏ ਹਰਜ਼ਾਨਾ ਭਰਨ ਦਾ ਹੁਕਮ ਸੁਣਾਇਆ ਹੈ।