ਸ਼੍ਰੋਮਣੀ ਕਮੇਟੀ ਮੈਂਬਰ ਜਥੇਦਾਰ ਬਲਦੇਵ ਸਿੰਘ ਚੂੰਘਾ ਨੇ ਮੁੱਖ ਮੰਤਰੀ ਭਗਵੰਤ ਮਾਨ ਦੇ ਪੱਖ ‘ਚ ਸ਼ਰਾਬ ਪੀ ਕੇ ਤਖਤ ਸ਼੍ਰੀ ਦਮਦਮਾ ਸਾਹਿਬ ਤੇ ਜਾਣ ਦੇ ਮੁੱਦੇ ਤੇ ਸੁਖਬੀਰ ਸਿੰਘ ਬਾਦਲ ਦਾ ਕੀਤਾ ਸੀ ਵਿਰੋਧ
ਜਗਸੀਰ ਸਿੰਘ ਚਹਿਲ , ਬਰਨਾਲਾ,18 ਅਪ੍ਰੈਲ 2022
ਸ੍ਰੋਮਣੀ ਅਕਾਲੀ ਦਲ (ਬ) ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਵਿਸਾਖੀ ਦੇ ਪਾਵਨ ਪਵਿੱਤਰ ਦਿਹਾੜੇ ਦੇ ਮੌਕੇ ਤੇ ਤਖਤ ਸ਼੍ਰੀ ਦਮਦਮਾ ਸਾਹਿਬ ਜਾ ਕੇ ਨਤਮਸਤਕ ਹੋਣ ਪਹੁੰਚੇ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਉੱਪਰ ਸ਼ਰਾਬ ਪੀ ਕੇ ਜਾਣ ਦੇ ਗੰਭੀਰ ਦੋਸ਼ਾਂ ਦਾ ਖੰਡਨ ਕਰਨ ਵਾਲੇ ਐਸ.ਜੀ.ਪੀ.ਸੀ. ਮੈਂਬਰ ਜਥੇਦਾਰ ਬਲਦੇਵ ਸਿੰਘ ਚੂੰਘਾ ਨੂੰ ਅੱਜ ਸ੍ਰੋਮਣੀ ਅਕਾਲੀ ਦਲ (ਬ) ਦੇ ਜਿਲ੍ਹਾ ਪ੍ਰਧਾਨ ਬਾਬਾ ਟੇਕ ਸਿੰਘ ਧਨੌਲਾ ਨੇ 6 ਸਾਲ ਲਈ ਅਕਾਲੀ ਦਲ ਚੋਂ ਬਾਹਰ ਕੱਢਣ ਦਾ ਐਲਾਨ ਕਰ ਦਿੱਤਾ ਹੈ । ਸਥਾਨਕ ਗੁਰਦੁਆਰਾ ਸਾਹਿਬ ਬੀਬੀ ਪ੍ਰਧਾਨ ਕੌਰ ਵਿਖੇ ਰੱਖੀ ਪੱਤਰਕਾਰ ਵਾਰਤਾ ਦੌਰਾਨ ਜ਼ਿਲ੍ਹਾ ਪ੍ਰਧਾਨ ਬਾਬਾ ਟੇਕ ਸਿੰਘ ਧਨੌਲਾ,ਹਲਕਾ ਭਦੌੜ ਦੇ ਇੰਚਾਰਜ ਐਡਵੋਕੇਟ ਸਤਨਾਮ ਸਿੰਘ ਰਾਹੀ ਅਤੇ ਹਲਕਾ ਬਰਨਾਲਾ ਤੋਂ ਸ੍ਰੋਮਣੀ ਕਮੇਟੀ ਮੈਂਬਰ ਜਥੇਦਾਰ ਪਰਮਜੀਤ ਸਿੰਘ ਖਾਲਸਾ ਨੇ ਕਿਹਾ ਕਿ ਲੋਕਤੰਤਰ ਵਿੱਚ ਸਿਆਸੀ ਜਿੱਤਾਂ-ਹਾਰਾਂ ਚਲਦੀਆਂ ਰਹਿੰਦੀਆਂ ਹਨ।
ਪਰ ਲੰਘੀਆਂ ਵਿਧਾਨ ਸਭਾ ਚੋਣਾਂ ਤੋਂ ਬਾਅਦ ਸ਼੍ਰੋਮਣੀ ਕਮੇਟੀ ਮੈਂਬਰ ਜਥੇਦਾਰ ਬਲਦੇਵ ਸਿੰਘ ਚੁੰਘਾ ਵਲੋਂ ਪਾਰਟੀ ਦੇ ਸਿਧਾਂਤਾਂ ਦੇ ਉਲਟ ਚੱਲਦਿਆਂ ਮੀਡੀਆ ਦੇ ਰੂ-ਬ-ਰੂ ਹੋ ਕੇ ਪਾਰਟੀ ਪ੍ਰਧਾਨ ਖ਼ਿਲਾਫ਼ ਲਗਾਤਾਰ ਕੂੜ ਪ੍ਰਚਾਰ ਕੀਤਾ ਜਾ ਰਿਹਾ ਹੈ। ਉਹਨਾ ਕਿਹਾ ਕਿ ਜਿਸ ਪਾਰਟੀ ਨੇ ਜਥੇਦਾਰ ਬਲਦੇਵ ਸਿੰਘ ਚੁੰਘਾ ਨੂੰ ਸ਼੍ਰੋਮਣੀ ਕਮੇਟੀ ਮੈਂਬਰ ਦੀ ਟਿਕਟ ਦੇ ਕੇ ਮੈਂਬਰ ਬਣਾਇਆ, ਮਾਰਕੀਟ ਕਮੇਟੀ ਸਹਿਣਾ ਦਾ ਚੇਅਰਮੈਨ ਬਣਾਇਆ, ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅੰਤ੍ਰਿੰਗ ਕਮੇਟੀ ਮੈਂਬਰ ਚੁਣਿਆ। ਬੀਤੇ ਲੰਮੇ ਅਰਸੇ ਤੋਂ ਪਾਰਟੀ ਵਲੋਂ ਦਿੱਤੇ ਵੱਡੇ ਮਾਣ ਸਨਮਾਨ ਦਾ ਅਨੰਦ ਲੈਣ ਵਾਲੇ ਜਥੇਦਾਰ ਬਲਦੇਵ ਸਿੰਘ ਚੁੰਘਾ ਪਾਰਟੀ ਦੀ ਹਾਰ ਤੋਂ ਬਾਅਦ ਪਾਰਟੀ ਪ੍ਰਧਾਨ ਅਤੇ ਗਤੀਵਿਧੀਆਂ ਖ਼ਿਲਾਫ਼ ਕੂੜ ਪ੍ਰਚਾਰ ਕਰਨ ਤੇ ਉੱਤਰ ਆਏ ਹਨ।ਉਹਨਾ ਕਿਹਾ ਕਿ ਉਹਨਾ ਵਲੋਂ ਇਸ ਸਬੰਧੀ ਵਿੱਚ ਬੀਤੇ ਦਿਨਾ ਦੌਰਾਨ ਜਥੇਦਾਰ ਬਲਦੇਵ ਸਿੰਘ ਚੁੰਘਾ ਨੂੰ ਸਪੱਸ਼ਟੀਕਰਨ ਦੇਣ ਬਾਰੇ ਕਿਹਾ ਗਿਆ ਸੀ।ਪਰ ਕਈ ਦਿਨ ਬੀਤ ਜਾਣ ਦੇ ਬਾਵਜੂਦ ਉਹਨਾ ਵਲੋਂ ਕੋਈ ਸਪੱਸ਼ਟੀਕਰਨ ਨਾ ਆਉਣ ਤੇ ਜਥੇਦਾਰ ਬਲਦੇਵ ਸਿੰਘ ਚੁੰਘਾ ਨੂੰ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਬਰਖ਼ਾਸਤ ਕੀਤਾ ਜਾਂਦਾ ਹੈ। ਉਹਨਾ ਇਹ ਵੀ ਕਿਹਾ ਕਿ ਜੇਕਰ ਆਉਣ ਵਾਲੇ ਦਿਨਾਂ ਦੌਰਾਨ ਇਸ ਸੰਬੰਧੀ ਜਥੇਦਾਰ ਬਲਦੇਵ ਸਿੰਘ ਚੁੰਘਾ ਆਪਣਾ ਸਪੱਸ਼ਟੀਕਰਨ ਦਿੰਦੇ ਤਾਂ ਇਸ ਫੈਸਲੇ ਤੇ ਮੁੜ ਵਿਚਾਰ ਕੀਤਾ ਜਾ ਸਕਦਾ ਹੈ।
ਜਦੋਂ ਇਸ ਸੰਬੰਧੀ ਜਥੇਦਾਰ ਬਲਦੇਵ ਸਿੰਘ ਚੁੰਘਾ ਨਾਲ ਸੰਪਰਕ ਕੀਤਾ ਤਾਂ ਉਹਨਾ ਕਿਹਾ ਕਿ ਇਸ ਸੰਬੰਧੀ ਉਨ੍ਹਾਂ ਨੂੰ ਕੋਈ ਜਾਣਕਾਰੀ ਨਹੀਂ ਹੈ ਅਤੇ ਨਾ ਹੀ ਉਨ੍ਹਾਂ ਨੂੰ ਕੋਈ ਲਿਖਤੀ ਨੋਟਿਸ ਜਾਰੀ ਕੀਤਾ ਗਿਆ ਹੈ। ਜਦੋਂ ਇਸ ਬਾਰੇ ਉਹਨਾ ਨੂੰ ਕੋਈ ਲਿਖਤੀ ਪੱਤਰ ਮਿਲੇਗਾ।ਉਸ ਦਾ ਉਹ ਜ਼ਰੂਰ ਜੁਆਬ ਦੇਣਗੇ। ਉਹਨਾ ਇਹ ਵੀ ਕਿਹਾ ਕਿ ਬੀਤੇ ਦਿਨੀ ਵਿਸਾਖੀ ਦੇ ਪਵਿੱਤਰ ਦਿਹਾੜੇ ਤੇ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਨਤਮਸਤਕ ਹੋਣ ਦੌਰਾਨ ਦੌਰਾਨ ਸੁਖਬੀਰ ਸਿੰਘ ਬਾਦਲ ਵਲੋਂ ਲਗਾਏ ਦੋਸ਼ਾਂ ਦਾ ਉਹਨਾ ਵਲੋਂ ਖੰਡਨ ਕੀਤਾ ਗਿਆ ਸੀ। ਉਹਨਾ ਵਲੋਂ ਸੱਚ ਦਾ ਸਾਥ ਦੇਣ ਦੇ ਇਵਜ ਵਜੋਂ ਉਹਨਾ ਖ਼ਿਲਾਫ਼ ਇਹ ਕਾਰਵਾਈ ਕੀਤੀ ਗਈ ਹੈ