ਸੋਨੀ ਪਨੇਸਰ , ਬਰਨਾਲਾ, 11 ਅਪ੍ਰੈਲ 2022
ਹੋਮਿਓਪੈਥਿਕ ਵਿਭਾਗ ਸਿਵਲ ਹਸਪਤਾਲ ਬਰਨਾਲਾ ਵੱਲੋਂ ਜੁਆਇੰਟ ਡਾਇਰੈਕਟਰ ਹੋਮਿਓਪੈਥਿਕ ਵਿਭਾਗ ਪੰਜਾਬ ਡਾਕਟਰ ਬਲਿਹਾਰ ਸਿੰਘ ਰੰਗੀ ਦੇ ਦਿਸ਼ਾ-ਨਿਰਦੇਸ਼ਾਂ ਅਤੇ ਜ਼ਿਲਾ ਹੋਮਿਓਪੈਥਿਕ ਅਫ਼ਸਰ ਬਰਨਾਲਾ ਡਾ. ਰਹਿਮਾਨ ਆਸਦ ਦੀ ਅਗਵਾਈ ਹੇਠ ਸਿਵਲ ਹਸਪਤਾਲ ਬਰਨਾਲਾ ਵਿਖੇ “ਵਿਸ਼ਵ ਹੈਨੀਮੈਨ ਦਿਵਸ ” ਮਨਾਇਆ ਗਿਆ।
ਇਸ ਮੌਕੇ ਡਾ. ਗੁਲਸ਼ਨ ਕੁਮਾਰ ਵੱਲੋਂ ਹੋਮੀਓਪੈਥੀ ਦੇ ਜਨਮਦਾਤਾ ਡਾਕਟਰ ਕ੍ਰਿਸਚੀਨ ਫੈਡਰਿਕ ਸੈਮਿਊਲ ਹੈਨੀਮੈਨ ਦੇ ਜੀਵਨ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਹੋਮਿਓਪੈਥੀ ਇਲਾਜ ਪ੍ਰਣਾਲੀ ‘ਸਿਮਿਲੀਆ ਸਿਮਿਲੀਬਸ ਕਿਊਹੈਟਰ’ ਭਾਵ ਸਮਾਨ ਅਸਰ ਰੱਖਣ ਵਾਲੀਆਂ ਦਵਾਈਆਂ ਨਾਲ ਇਲਾਜ ਹੋਮੀਓਪੈਥੀ ਦੇ ਸਿਧਾਂਤ ਅਰਥਾਤ ‘ਜ਼ਹਿਰ, ਜ਼ਹਿਰ ਨੂੰ ਕੱਟਦਾ ਹੈ ‘ ‘ਤੇ ਅਧਾਰਿਤ ਹੈ। ਹੋਮੀਓਪੈਥੀ ਇਲਾਜ ਪ੍ਰਣਾਲੀ ਵਿਅਕਤੀ ਦੇ ਸਮੁੱਚੇ ਸਰੀਰ ਦਾ ਇਲਾਜ ਕਰਦੀ ਹੈ।
ਡਾ. ਗੁਲਸ਼ਨ ਨੇ ਦੱਸਿਆ ਕਿ ਡਾਕਟਰ ਕ੍ਰਿਸਚੀਨ ਫੈਡਰਿਕ ਸੈਮਿਊਲ ਹੈਨੀਮੈਨ ਦਾ ਜਨਮ 10 ਅਪ੍ਰੈਲ 1755 ਨੂੰ ਜਰਮਨ ਵਿਖੇ ਹੋਇਆ ਸੀ, ਭਾਰਤ ਵਿੱਚ ਹੋਮਿਓਪੈਥੀ ਇਲਾਜ ਪ੍ਰਣਾਲੀ ਨੂੰ ਪਹਿਲੀ ਵਾਰ ਲਿਆਉਣ ਦਾ ਮਾਣ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਨੂੰ ਹਾਸਲ ਹੈ। ਸਾਲ 1835 ਵਿੱਚ ਜਰਮਨ ਡਾਕਟਰ ਜੋਨਿੰਗ ਬਰਗਰ ਮਹਾਰਾਜਾ ਰਣਜੀਤ ਸਿੰਘ ਦੇ ਦਰਬਾਰੀ ਫਿਜੀਸਨ ਸਨ। ਇਸ ਮੌਕੇ ਡਾ. ਪਰਮਿੰਦਰ ਪੁੰਨ, ਡਾ. ਮਨਦੀਪ ਕੌਰ, ਡਾ. ਪੂਨਮ ਆਦਿ ਹਾਜ਼ਰ ਸਨ।