ਰਘਵੀਰ ਹੈਪੀ , ਬਰਨਾਲਾ , 20 ਮਾਰਚ 2022
ਬਰਨਾਲਾ ਤੋਂ ਦੂਜੀ ਵਾਰ ਆਮ ਆਦਮੀ ਪਾਰਟੀ ਵਲੋਂ ਵਿਧਾਇਕ ਬਣੇ ਗੁਰਮੀਤ ਸਿੰਘ ਮੀਤ ਹੇਅਰ ਨੂੰ ਕੈਬਨਿਟ ਮੰਤਰੀ ਪੰਜਾਬ ਬਨਣ ‘ਤੇ ਸਾਬਕਾ ਵਿਧਾਇਕ ਕੇਵਲ ਸਿੰਘ ਢਿੱਲੋਂ ਵੱਲੋਂ ਵਧਾਈ ਦਿੱਤੀ ਗਈ ਹੈ। ਇਸ ਸਬੰਧੀ ਗੱਲਬਾਤ ਕਰਦਿਆਂ ਕੇਵਲ ਸਿੰਘ ਢਿੱਲੋਂ ਨੇ ਕਿਹਾ ਕਿ ਪੂਰੇ ਪੰਜਾਬ ਦੇ ਵਿੱਚ 92 ਸੀਟਾਂ ਦੇ ਬਹੁਮਤ ਨਾਲ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਹੈ। ਲੋਕਾਂ ਦੇ ਇਸ ਫ਼ਤਵੇ ਦਾ ਸਾਨੂੰ ਸਵਾਗਤ ਕਰਨਾ ਚਾਹੀਦਾ ਹੈ। ਜਿਸ ਲਈ ਮੈਂ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ, ਮੁੱਖ ਮੰਤਰੀ ਭਗਵੰਤ ਮਾਨ, ਪੰਜਾਬ ਦੇ ਸਹਿ ਇੰਚਾਰਜ਼ ਰਾਘਵ ਚੱਡਾ ਜੀ ਨੂੰ ਜਿੱਤ ਲਈ ਵਧਾਈ ਦਿੰਦਾ ਹਾਂ। ਉੱਥੇ ਉਹਨਾਂ ਬਰਨਾਲਾ ਦੀਆਂ ਤਿੰਨੇ ਸੀਟਾਂ ਤੋਂ ਵਿਧਾਇਕ ਬਨਣ ‘ਤੇ ਗੁਰਮੀਤ ਸਿੰਘ ਮੀਤ ਹੇਅਰ, ਕੁਲਵੰਤ ਸਿੰਘ ਪੰਡੋਰੀ ਅਤੇ ਲਾਭ ਸਿੰਘ ਉਗੋਕੇ ਨੂੰ ਵੀ ਵਧਾਈ ਦਿੱਤੀ। ਕੇਵਲ ਢਿੱਲੋਂ ਨੇ ਕਿਹਾ ਕਿ ਮੀਤ ਹੇਅਰ ਨੂੰ ਬਰਨਾਲਾ ਹਲਕੇ ਦੇ ਲੋਕਾਂ ਨੇ ਦੂਜੀ ਵਾਰ ਜਿਤਾ ਕੇ ਉਹਨਾਂ ਦੇ ਹੱਕ ਵਿੱਚ ਫ਼ਤਵਾ ਦਿੱਤਾ ਹੈ ਅਤੇ ਪਾਰਟੀ ਨੇ ਉਹਨਾਂ ਨੂੰ ਕੈਬਨਿਟ ਵਿੱਚ ਮੰਤਰੀ ਵੀ ਬਣਾਇਆ ਹੈ। ਜਿਸ ਲਈ ਮੈ ਉਨ੍ਹਾਂ ਨੂੰ ਵਧਾਈ ਦੇਣ ਦੇ ਨਾਲ ਨਾਲ ਆਸ ਕਰਦਾ ਹਾਂ ਕਿ ਬਰਨਾਲਾ ਹਲਕੇ ਦੀਆਂ ਆਸਾਂ ਉਮੀਦਾਂ ‘ਤੇ ਖਰੇ ਉਤਰਨਗੇ।