ਪੁਲਸ+ਗੁੰਡਾ ਗਠਜੋੜ ਬੇਨਕਾਬ, ਗੁੰਡਿਆਂ ਦੇ ਪੱਖ ‘ਚ ਉਤਰੀ ਪੁਲਿਸ, ਪੀੜਤਾਂ ਨੂੰ ਡੱਕਿਆ ਥਾਣੇ,,
ਥਾਣਾ ਸਿਟੀ 1 ਮੂਹਰੇ ਅਣਮਿੱਥੇ ਸਮੇਂ ਲਈ ਧਰਨਾ ਸ਼ੁਰੂ, ਪੁਲਿਸ ਖਿਲਾਫ ਨਾਅਰੇਬਾਜੀ ਜ਼ਾਰੀ
ਹਰਿੰਦਰ ਨਿੱਕਾ , ਬਰਨਾਲਾ 20 ਮਾਰਚ 2022
ਬੇਸ਼ੱਕ ਪੰਜਾਬ ‘ਚ ਆਮ ਆਦਮੀ ਪਾਰਟੀ ਦੀ ਸਰਕਾਰ ਬਣ ਜਾਣ ਤੋਂ ਬਾਅਦ ਖੁਸ਼ੀ ਵਿੱਚ ਖੀਵੇ ਹੋਏ ਲੋਕਾਂ ਦੀ ਅੱਡੀ ਧਰਤੀ ਤੇ ਨਹੀਂ ਲੱਗਦੀ। ਪਰੰਤੂ ਸੱਤਾ ਦੇ ਬਦਲਾਅ ਦਾ ਅਸਰ, ਮੁਕਾਮੀ ਪੁਲਸ ਦੇ ਅੱਤਿਆਚਾਰੀ ਰਵੱਈਏ ਵਿੱਚ ਫਿਲਹਾਲ ਭੋਰਾ ਵੀ ਦੇਖਣ ਨੂੰ ਨਹੀਂ ਮਿਲ ਰਿਹਾ। ਸ਼ਹਿਰ ਅੰਦਰ ਗੁੰਡਾਗਰਦੀ ਦੀ ਇੰਤਹਾਂ ਹੋ ਚੁੱਕੀ ਹੈ, ਪਰ ਮੁਕਾਮੀ ਪੁਲਸ ਗੁੰਡਿਆਂ ਨੂੰ ਨੱਥ ਪਾ ਕੇ ਪੀੜਤ ਲੋਕਾਂ ਨੂੰ ਰਾਹਤ ਦੇਣ ਦੀ ਬਜਾਏ, ਗੁੰਡਾਗਰਦੀ ਕਰਨ ਵਾਲਿਆਂ ਦੇ ਪੱਖ ਵਿੱਚ ਹੀ ਭੁਗਤਦੀ ਨਜ਼ਰ ਆ ਰਹੀ ਹੈ। ਅਜਿਹਾ ਦ੍ਰਿਸ਼ ਦਰਸਾਉਂਦਾ ਬੇਹੱਦ ਦੁਖਦਾਈ ਮੰਜਰ ਸਬਜੀ ਮੰਡੀ ਬਰਨਾਲਾ ਦੇ ਨੇੜੇ, ਝੁੱਗੀਆਂ –ਝੋਂਪੜੀਆਂ ਵਿੱਚ ਰਹਿ ਕੇ ਨਰਕ ਵਰਗੀ ਜਿੰਦਗੀ ਜਿਉਣ ਲਈ, ਮਜਬੂਰ ਲੋਕਾਂ ਤੇ ਲੰਘੀ ਰਾਤ ਪੁਲਸ ਦੀਆਂ ਧਾੜਾਂ ਵੱਲੋਂ ਔਰਤਾਂ,ਬੱਚਿਆਂ ,ਨੌਜਵਾਨਾਂ ਤੇ ਬਜੁਰਗਾਂ ਤੇ ਵਰ੍ਹਾਈਆਂ ਡਾਂਗਾਂ ਦੇ ਨਿਸ਼ਾਨ ਵੇਖਣ ਨੂੰ ਮਿਲਿਆ। ਪੁਲਿਸ ਅਤੇ ਗੁੰਡਿਆਂ ਦੇ ਸਤਾਏ ਗਰੀਬ ਲੋਕਾਂ ਦੇ ਚਿਹਰਿਆਂ ਤੇ ਦਹਿਸ਼ਤ ਦਾ ਪਰਛਾਵਾਂ ਸਾਫ ਦਿਖ ਰਿਹਾ ਹੈ। ਪੀੜਤ ਲੋਕਾਂ ਨੇ ਇਨਸਾਫ ਲੈਣ ਅਤੇ ਦੋਸ਼ੀਆਂ ਖਿਲਾਫ ਕਾਨੂੰਨੀ ਕਾਰਵਾਈ ਕਰਵਾਉਣ ਲਈ ਥਾਣੇ ਮੂਹਰੇ ਰੋਸ ਧਰਨਾ ਸ਼ੁਰੂ ਕਰ ਦਿੱਤਾ ਹੈ।
ਪੀੜਤ ਲੋਕਾਂ ਦਾ ਦੋਸ਼ ਹੈ ਕਿ ਔਰਤਾਂ ਨਾਲ ਛੇੜਛਾੜ ਅਤੇ ਜਬਰਦਸਤੀ ਕਰਨ ਤੇ ਰੁਪੱਈਏ ਖੋਹ ਕੇ ਲਿਜਾਣ ਵਾਲੇ ਨਸ਼ੇੜੀ ਗੁੰਡਿਆਂ ਤੋਂ ਅੱਕ ਕੇ, ਉਨਾਂ 2 ਵਿਅਕਤੀਆਂ ਨੂੰ ਫੜ੍ਹ ਲਿਆ ਤੇ ਪੁਲਿਸ ਨੂੰ ਇਤਲਾਹ ਵੀ ਦਿੱਤੀ,ਪਰੰਤੂ ਪੁਲਸ ਆਈ ਤੇ ਉਨਾਂ ਗੁੰਡਿਆਂ ਨੂੰ ਛੱਡ ਕੇ ਪੀੜਤ ਲੋਕਾਂ ਦੀ ਬੇਰਹਿਮੀ ਨਾਲ ਕੁੱਟਮਾਰ ਸ਼ੁਰੂ ਕਰ ਦਿੱਤੀ। ਪੁਲਿਸ ਕੁੱਟਮਾਰ ਦਾ ਝੰਭਿਆ ਪਾਡੂਵਿੰਨ ਸਿਵਲ ਹਸਪਤਾਲ ਦਾਖਿਲ ਹੈ, ਜਦੋਂਕਿ ਕਿਸ਼ਨ ਰਾਜਸਥਾਨੀ ਨੂੰ ਹਾਲਤ ਗੰਭੀਰ ਹੋਣ ਕਾਰਨ, ਰਜਿੰਦਰਾ ਹਸਪਤਾਲ ਰੈਫਰ ਕੀਤਾ ਦੱਸਿਆ ਗਿਆ ਹੈ। ਉਲਟਾ ਰਾਤ ਨੂੰ ਹੀ ਪੁਲਸ ਨੇ ਪੀੜਤ ਪਰਿਵਾਰਾਂ ਦੇ 11 ਬੰਦਿਆਂ ਨੂੰ ਕੁੱਟ ਕੇ ਥਾਣੇ ਡੱਕ ਦਿੱਤਾ। ਉੱਧਰ ਦੂਜੇ ਪਾਸੇ ਏ.ਐਸ.ਆਈ. ਸੁਖਮਿੰਦਰ ਸਿੰਘ ਨੇ ਦੋਸ਼ ਲਾਇਆ ਕਿ ਝੁੱਗੀ ਝੋਪੜੀਆਂ ਵਿੱਚ ਰਹਿੰਦੇ ਲੋਕਾਂ ਨੇ ਉਸ ਦੀ ਕੁੱਟਮਾਰ ਕੀਤੀ ਹੈ, ਉਹ ਵੀ ਸਿਵਲ ਹਸਪਤਾਲ ਵਿਖੇ ਹੀ ਭਰਤੀ ਹੈ।
ਪੁਲਿਸ ਵੱਲੋਂ ਗਿਰਫਤਾਰ ਕੀਤੇ ਝੌਂਪੜ ਪੱਟੀ ਵਾਲਿਆਂ ਦੇ ਆਗੂ ਗੰਗਾ ਰਾਮ ਦੀ ਪਤਨੀ ਛੋਟੀ ਅਤੇ ਪੁੱਤਰ ਸਨੀ ਨੇ ਦੱਸਿਆ ਕਿ ਸਬਜੀ ਮੱਡੀ ਦੇ ਨੇੜੇ ਪੈਂਦੀ ਭੈਣੀ ਬਸਤੀ ਦੇ ਰਹਿਣ ਵਾਲੇ ਕੁੱਝ ਨਸ਼ੇੜੀ ਮੁੰਡੇ, ਨੇੜਲੇ ਕਾਟਨ ਯਾਰੜ ਵਿੱਚ ਬਹਿ ਕੇ ਚਿੱਟਾ , ਸਮੈਕ ਅਤੇ ਹੋਰ ਨਸ਼ੀਲੇ ਪਦਾਰਥ ਪੀਂਦੇ ਹਨ ਅਤੇ ਝੁੱਗੀਆਂ ਵਿੱਚ ਰਹਿੰਦੀਆਂ ਔਰਤਾਂ ਨਾਲ ਛੇੜਛਾੜ ਕਰਦੇ ਹਨ, ਇੱਥੋਂ ਤੱਕ ਕੇ ਉਹ ਨਸ਼ੇ ਦੀ ਪੂਰਤੀ ਲਈ, ਗਰੀਬ ਲੋਕਾਂ ਤੋਂ ਕੁੱਟਮਾਰ ਕਰਕੇ, ਰੁਪੱਈਏ ਵੀ ਖੋਹ ਕੇ ਲੈ ਜਾਂਦੇ ਹਨ। ਅਜਿਹਾ ਵਰਤਾਰਾ ਕਰੀਬ 3 / 4 ਸਾਲ ਤੋਂ ਜ਼ਾਰੀ ਹੈ। ਉਨਾਂ ਸਮੇਂ ਸਮੇਂ ਤੇ ਕਈ ਵਾਰ ਪੁਲਿਸ ਕੋਲ ਸ਼ਕਾਇਤ ਵੀ ਕੀਤੀ ਹੈ, ਪਰ ਕੋਈ ਕਾਰਵਾਈ ਨਹੀਂ ਹੋਈ। ਹੁਣ ਫਿਰ ਉਹੀ ਨਸ਼ੇੜੀ 18 ਮਾਰਚ ਨੂੰ ਝੋਪੜੀ ਵਿੱਚ ਰਹਿੰਦੇ ਕਿਸ਼ਨ ਰਾਜਸਥਾਨੀ ਦੀ ਕੁੱਟਮਾਰ ਕਰਕੇ, ਰੁਪੱਈਏ ਖੋਹ ਕੇ ਲੈ ਗਏ। ਇਸ ਦੀ ਸ਼ਕਾਇਤ ਕੋਤਵਾਲੀ ਪੁਲਸ ਕੋਲ ਕੀਤੀ,ਪਰੰਤੂ ਕੋਈ ਕਾਰਵਾਈ ਨਹੀਂ ਹੋਈ। 19 ਮਾਰਚ ਦੀ ਰਾਤ ਕਰੀਬ 9 ਵਜੇ ਫਿਰ ਉਹੀ ਦੋਵੇਂ ਮੁੰਡਿਆਂ ਨੇ ਆਪਣੇ 10 / 15 ਹੋਰ ਅਣਪਛਾਤੇ ਸਾਥੀਆਂ ਨੂੰ ਲੈ ਕੇ ਝੋਪੜੀਆਂ ਤੇ ਧਾਵਾ ਬੋਲ ਦਿੱਤਾ, ਕਹਿੰਦੇ ਪੁਲਿਸ ਨੂੰ ਸ਼ਕਾਇਤ ਕਰਨ ਦਾ ਮਜ਼ਾ ਚਖਾ ਕੇ ਰਹਾਂਗੇ। ਪੁਲਿਸ ਸਾਡੇ ਨਾਲ ਹੈ। ਸਨੀ ਨੇ ਕਿਹਾ ਕਿ ਮੈਂ ਤੇ ਮੇਰੇ ਪਿਤਾ ਨੇ, ਉਨਾਂ ਨੂੰ ਸਮਝਾ ਕੇ ਉੱਥੋਂ ਭੇਜਣ ਦੀਆਂ ਕਾਫੀ ਕੋਸ਼ਿਸ਼ਾਂ ਕੀਤੀਆਂ। ਪਰੰਤੂ ਉਲਟਾ ਉਨਾਂ ਝੁੱਗੀਆਂ ਵਿੱਚ ਸੌਂ ਰਹੀਆਂ ਔਰਤਾਂ ਨਾਲ ਛੇੜਛਾੜ ਅਤੇ ਜਬਰਦਸਤੀ ਕਰਨ ਸ਼ੁਰੂ ਕਰ ਦਿੱਤੀ। ਜਿਸ ਤੋਂ ਤੰਗ ਆ ਕੇ, ਲੋਕਾਂ ਨੇ ਇਕੱਠੇ ਹੋ ਕੇ, ਦੋ ਨਸ਼ੇੜੀਆਂ ਨੂੰ ਕਾਬੂ ਕਰ ਲਿਆ ਅਤੇ ਮੌਕੇ ਤੇ ਪੁਲਸ ਨੁੰ ਬੁਲਾ ਲਿਆ। ਏ.ਐਸ.ਆਈ. ਗੁਰਚਰਨ ਸਿੰਘ ਪੁਲਸ ਪਾਰਟੀ ਸਣੇ, ਉੱਥੇ ਆਇਆ, ਲੋਕਾਂ ਨੇ ਦੋਸ਼ੀਆਂ ਖਿਲਾਫ ਕਾਨੂੰਨੀ ਕਾਰਵਾਈ ਕਰਨ ਦੀ ਮੰਗ ਕੀਤੀ। ਪਰੰਤੂ ਪੁਲਿਸ ਵਾਲਿਆਂ ਨੇ ਦੋਸ਼ੀਆਂ ਨੂੰ ਛੱਡ ਕੇ, ਪੀੜਤ ਲੋਕਾਂ ਦੀ ਜੁਬਾਨ ਬੰਦ ਰੱਖਣ ਲਈ ਬੇਰਹਿਮੀ ਨਾਲ ਕੁੱਟਮਾਰ ਸ਼ੁਰੂ ਕਰ ਦਿੱਤੀ। ਬਿਮਲੇਸ਼ ਰਾਣੀ, ਬਬੀਤਾ ਅਤੇ ਪਿੰਟੂ ਤੇ ਕਿਸ਼ੋਰੀ ਨੇ ਕਿਹਾ ਕਿ ਅਸੀਂ ਜਦੋਂ ਪੁਲਿਸ ਦੀ ਕੁੱਟਮਾਰ ਦਾ ਵਿਰੋਧ ਕੀਤਾ ਤਾਂ, ਉਨਾਂ ਨੂੰ ਵੀ ਪਸ਼ੂਆਂ ਵਾਂਗ ਕੁੱਟਿਆ। ਉਨਾਂ ਦੋਸ਼ ਲਾਇਆ ਕਿ ਮੁਕਾਮੀ ਪੁਲਿਸ ਦੀ ਨਸ਼ੇੜੀ ਗੁੰਡਿਆਂ ਨਾਲ ਗੂੜੀ ਸਾਂਝ ਹੈ, ਇਸ ਇਲਾਕੇ ਵਿੱਚ ਨਸ਼ੇੜੀ, ਰਾਹਗੀਰਾਂ ਅਤੇ ਛੋਟੇ ਛੋਟੇ ਬੱਚਿਆਂ ਦੀ ਕੁੱਟਮਾਰ ਕਰਕੇ,ਉਨਾਂ ਤੋਂ ਵੀ ਪੈਸੇ ਖੋਹ ਲੈਂਦੇ ਹਨ। ਪਰ ਪੁਲਿਸ ਮੂਕ ਦਰਸ਼ਕ ਬਣੀ ਰਹਿੰਦੀ ਹੈ।
ਦਲਿਤ ਸਮਾਜ ਦੇ ਆਗੂ ਭਾਈ ਪਰਮਜੀਤ ਸਿੰਘ ਕੈਰੇ ਨੇ ਕਿਹਾ ਕਿ ਗਰੀਬ ਲੋਕਾਂ ਤੇ ਜੋ ਅੱਤਿਆਚਾਰ ਕੀਤਾ ਗਿਆ ਹੈ, ਔਰਤਾਂ ਦੀਆਂ ਇੱਜਤਾਂ ਨੂੰ ਲੁੱਟਣ ਦੀਆਂ ਕੋਸ਼ਿਸ਼ਾਂ ਕੀਤੀਆਂ ਹਨ। ਉਨਾਂ ਕਿਹਾ ਕਿ ਇਸ ਤੋਂ ਜਿਆਦਾ ਸ਼ਰਮਨਾਕ ਹੋਰ ਕੀ ਹੇਵੇਗਾ ਕਿ ਪੁਲਿਸ ਪਾਰਟੀ ਵਿੱਚ ਕੋਈ ਵੀ ਮਹਿਲਾਂ ਕਾਂਸਟੇਬਲ ਨਹੀਂ ਸੀ। ਉਨਾਂ ਮੰਗ ਕੀਤੀ ਕਿ ਗਰੀਬ ਔਰਤਾਂ, ਬੱਚਿਆਂ ਅਤੇ ਬਜੁਰਗਾਂ ਤੇ ਤਸ਼ੱਦਦ ਕਰਨ ਵਾਲੇ ਪੁਲਿਸ ਮੁਲਾਜਮਾਂ ਅਤੇ ਨਸ਼ੇੜੀ ਗੁੰਡਿਆਂ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜ਼ਾਵੇ ਅਤੇ ਪੁਲਸ ਵੱਲੋਂ ਆਪਣੇ ਮੁਲਾਜਮਾਂ ਨੂੰ ਬਚਾਉਣ ਲਈ ਬਣਾਇਆ ਜਾ ਰਿਹਾ ਝੂਠਾ ਕੇਸ ਰੱਦ ਕਰਕੇ, ਫੜ੍ਹੇ ਹੋਏ 11 ਬੇਕਸੂਰ ਵਿਅਕਤੀਆਂ ਨੂੰ ਬਿਨਾਂ ਦੇਰੀ ਰਿਹਾ ਕੀਤਾ ਜਾਵੇ। ਭਾਈ ਕੈਰੇ ਨੇ ਕਿਹਾ ਕਿ ਜੇਕਰ , ਪੁਲਿਸ ਨੇ ਉਨਾਂ ਦੀਆਂ ਮੰਗਾਂ ਨਾ ਮੰਨੀਆਂ ਤਾਂ ਉਹ ਥਾਣਾ ਸਿਟੀ 1 ਬਰਨਾਲਾ ਮੂਹਰੇ ਅਣਮਿੱਥੇ ਸਮੇਂ ਲਈ ਭੁੱਖ ਹੜਤਾਲ ਤੇ ਬੈਠ ਕੇ ਪੀੜਤਾਂ ਨੂੰ ਇਨਸਾਫ ਦਿਵਾਉਣ ਤੱਕ ਪੀੜਤਾਂ ਦੇ ਸਹਿਯੋਗ ਨਾਲ ਸੰਘਰਸ਼ ਜ਼ਾਰੀ ਰੱਖਣਗੇ। ਉੱਧਰ ਸਿਵਲ ਹਸਪਤਾਲ ਵਿੱਚ ਦਾਖਿਲ ਏ.ਐਸ.ਆਈ. ਸੁਖਮਿੰਦਰ ਸਿੰਘ ਨੇ ਕਿਹਾ ਕਿ ਉਹ ਰਾਤ ਡਿਊਟੀ ਅਫਸਰ ਸੀ, ਰਾਤ ਨੂੰ ਉਨਾਂ ਨੂੰ ਸੂਚਨਾ ਮਿਲੀ ਕਿ ਸਬਜ਼ੀ ਮੰਡੀ ਨੇੜੇ ਝੁੱਗੀਆਂ ਕੋਲ ਲੜਾਈ ਹੋ ਰਹੀ ਹੈ। ਪੀਸੀਆਰ ਅਤੇ ਹੋਰ ਪੁਲਿਸ ਪਾਰਟੀ ਸਮੇਤ ਅਸੀਂ ਮੌਕਾ ਵਾਰਦਾਤ ਤੇ ਪਹੁੰਚੇ, ਤਾਂ ਉੱਥੇ ਇਕੱਠੇ ਹੋਏ ਲੋਕਾਂ ਨੇ ਪੁਲਿਸ ਪਾਰਟੀ ਦੀ ਗੱਡੀ ਘੇਰ ਲਈ ਤੇ ਮੇਰੇ ਸੱਟਾਂ ਵੀ ਮਾਰੀਆਂ। ਉਨਾਂ ਪੁਲਿਸ ਵੱਲੋਂ ਕਿਸੇ ਦੀ ਵੀ ਮਾਰਕੁੱਟ ਕਰਨ ਦੇ ਦੋਸ਼ਾਂ ਤੋਂ ਕੋਰਾ ਇਨਕਾਰ ਕੀਤਾ ਹੈ।