*23 ਮਾਰਚ ਨੂੰ ਸ਼ਹੀਦਾਂ ਨੂੰ ਸਮਰਪਿਤ ਜਾਗਰਤੀ ਹਫ਼ਤੇ ਤਹਿਤ ਪਿੰਡ ਦਿਆਲਗਡ਼੍ਹ ਚ ਕੀਤੀ ਰੈਲੀ*
ਪਰਦੀਪ ਕਸਬਾ, ਸੰਗਰੂਰ, 19 ਮਾਰਚ 2022
ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ (ਪੰਜਾਬ) ਵੱਲੋਂ 23 ਮਾਰਚ ਦੇ ਸ਼ਹੀਦਾਂ ਨੂੰ ਸਮਰਪਿਤ ਪਿੰਡਾਂ ਵਿੱਚ ਕੀਤੀ ਜਾ ਰਹੀ ਜਾਗਰਤੀ ਮੁਹਿੰਮ ਤਹਿਤ ਪਿੰਡ ਦਿਆਲਗੜ੍ਹ ਵਿਖੇ ਰੈਲੀ ਕੀਤੀ ਗਈ। ਰੈਲੀ ਨੂੰ ਸੰਬੋਧਨ ਕਰਦਿਆਂ ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ (ਪੰਜਾਬ) ਦੇ ਸੂਬਾ ਪ੍ਰਧਾਨ ਸੰਜੀਵ ਮਿੰਟੂ ਅਤੇ ਜ਼ਿਲ੍ਹਾ ਸਕੱਤਰ ਬਿਮਲ ਕੌਰ ਨੇ ਕਿਹਾ ਕਿ ਸ਼ਹੀਦ -ਏ -ਆਜ਼ਮ- ਭਗਤ ਸਿੰਘ ਰਾਜਗੁਰੂ ਅਤੇ ਸੁਖਦੇਵ ਜਿਹੜੀ ਆਜ਼ਾਦੀ ਚਾਹੁੰਦੇ ਸਨ ਉਹ ਆਜ਼ਾਦੀ ਅੱਜ ਵੀ ਨਹੀਂ ਆਈ। ਕਿੰਨੀ ਸ਼ਰਮਨਾਕ ਗੱਲ ਹੈ ਕਿ ਖੇਤ ਮਜ਼ਦੂਰਾਂ ਨੂੰ ਅਜੇ ਤੱਕ ਵੀ ਇਸ ਪਿੰਡ ਵਿੱਚ
40 ਸਾਲ ਪਹਿਲਾਂ ਅਲਾਟ ਹੋਏ ਪਲਾਟ ਨਹੀਂ ਮਿਲੇ, ਇਨ੍ਹਾਂ ਪਲਾਟਾਂ ਵਾਲੀ ਥਾਂ ਤੇ ਨਾਜਾਇਜ਼ ਕਬਜ਼ਾ ਬਰਕਰਾਰ ਹੈ। ਮੌਜੂਦਾ ਸਮੇਂ ਦੌਰਾਨ ਵੀ ਖੇਤ ਮਜ਼ਦੂਰ ਪੈਦਾਵਾਰੀ ਸਾਧਨਾਂ ਤੋਂ ਬਿਲਕੁਲ ਵਾਂਝੇ ਹਨ, ਇੱਥੋਂ ਤੱਕ ਕੇ ਤੀਸਰੇ ਹਿੱਸੇ ਦੀ ਪੰਚਾਇਤੀ ਜ਼ਮੀਨ ਲੈਣ ਮੌਕੇ ਵੀ ਘੜੱਮ ਚੌਧਰੀ ਰਾਹ ਚ ਰੁਕਾਵਟ ਬਣਦੇ ਹਨ ।ਇਸ ਲਈ ਖੇਤ ਮਜ਼ਦੂਰਾਂ ਲਈ ਆਜ਼ਾਦੀ ਦੇ ਅਰਥ ਬੇਮਾਅਨੇ ਹਨ।
ਅਸਲ ਆਜ਼ਾਦੀ ਉਦੋਂ ਆਵੇਗੀ ਜਦੋਂ ਮਨੁੱਖ ਹੱਥੋਂ ਮਨੁੱਖ ਦੀ ਲੁੱਟ ਖ਼ਤਮ ਹੋਵੇਗੀ , ਸਾਮਰਾਜੀ ਕੰਪਨੀਆਂ ਦਾ ਸਾਰਾ ਧਨ ਜੋ ਉਨ੍ਹਾਂ ਨੇ ਲੋਕਾਂ ਦੀ ਲੁੱਟ- ਖਸੁੱਟ ਕਰਕੇ ਕਮਾਇਆ ਹੈ, ਜ਼ਬਤ ਕੀਤਾ ਜਾਵੇਗਾ , ਇਸ ਤੋਂ ਇਲਾਵਾ ਜੋ ਦੇਸ਼ੀ ਲੁਟੇਰੇ ਹਨ ਉਨ੍ਹਾਂ ਦਾ ਵੀ ਸਾਰਾ ਧਨ- ਦੌਲਤ ਜ਼ਬਤ ਕੀਤਾ ਜਾਵੇਗਾ ਅਤੇ ਪੈਦਾਵਾਰੀ ਸਾਧਨਾਂ ਦੀ ਕਾਣੀ ਵੰਡ ਖ਼ਤਮ ਕੀਤੀ ਜਾਵੇਗੀ ।
ਪੰਜਾਬ ਦੇ ਅੰਦਰ ਆਮ ਆਦਮੀ ਪਾਰਟੀ ਸ਼ਹੀਦ ਏ ਆਜ਼ਮ ਭਗਤ ਸਿੰਘ ਦੇ ਨਾਮ ਤੇ ਲੋਕਾਂ ਨੂੰ ਗੁੰਮਰਾਹ ਕਰ ਕੇ ਇਨਕਲਾਬ ਜ਼ਿੰਦਾਬਾਦ ਦਾ ਨਾਅਰਾ ਮਾਰ ਰਹੀ ਹੈ , ਜਦ ਕਿ ਸਾਮਰਾਜਵਾਦ ਮੁਰਦਾਬਾਦ ਕਹਿਣ ਤੋਂ ਕਤਰਾ ਰਹੀ ਹੈ । ਆਗੂਆਂ ਨੇ ਅੱਗੇ ਕਿਹਾ ਕਿ ਆਮ ਆਦਮੀ ਪਾਰਟੀ ਦਾ ਸ਼ਹੀਦਾਂ ਦੀ ਸੋਚ ਨਾਲ ਭੋਰਾ ਭਰ ਵੀ ਕੋਈ ਸਬੰਧ ਨਹੀਂ ਹੈ । ਇਹ ਪਾਰਟੀ ਸਾਮਰਾਜਵਾਦ ਮੁਰਦਾਬਾਦ ਕਹਿਣ ਤੋਂ ਇਸ ਲਈ ਕਤਰਾਉਂਦੀ ਹੈ ਕਿਉਂਕਿ ਬਾਕੀ ਪਾਰਟੀਆਂ ਵਾਂਗ ਸਾਮਰਾਜੀ ਦਿਓ ਕੱਦ ਕੰਪਨੀਆਂ ਦੇ ਹਿੱਤਾਂ ਦੀ ਸੇਵਾ ਕਰਦੀ ਹੈ ਅਤੇ ਵਿਸ਼ਵੀਕਰਨ, ਉਦਾਰੀਕਰਨ ਨਿੱਜੀਕਰਨ ਦੀ ਲੋਕ ਵਿਰੋਧੀ ਨੀਤੀਆਂ ਨੂੰ ਲਾਗੂ ਕਰਦੀ ਹੈ ।
ਜ਼ਿਕਰਯੋਗ ਹੈ ਕਿ ਦਿੱਲੀ ਵਿਖੇ ਆਮ ਆਦਮੀ ਪਾਰਟੀ ਆਂਗਨਵਾੜੀ ਵਰਕਰਾਂ ਅਤੇ ਹੈਲਪਰਾਂ ਦਿ ਹੱਕੀ ਮੰਗਾਂ ਮੰਨਣ ਦੀ ਬਜਾਏ ਉਲਟਾ ਐਸਮਾ ਵਰਗਾ ਕਾਲਾ ਕਾਨੂੰਨ ਲਾ ਕੇ ਹੜਤਾਲ ਕਰਨ ਦੇ ਹੱਕ ਨੂੰ ਵੀ ਖੋਹ ਲਿਆ ਗਿਆ ਹੈ। ਆਗੂਆਂ ਨੇ ਅਖ਼ੀਰ ਤੇ ਕਿਹਾ ਕਿ ਸ਼ਹੀਦਾਂ ਦੇ ਸੁਪਨੇ ਨੂੰ ਸਾਕਾਰ ਕਰਨ ਲਈ ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ (ਪੰਜਾਬ) ਪੰਜਾਬੀਆਂ ਨੂੰ ਬਣਦਾ ਰੋਲ ਅਦਾ ਕਰਨ ਅੱਗੇ ਆਉਣ ਦਾ ਸੱਦਾ ਦਿੰਦੀ ਹੈ ।