ਨਿਯਮਾਂ ਨੂੰ ਟੰਗਿਆ ਛਿੱਕੇ – ਇੱਕ S C F ਦੀਆਂ ਬਣਾਈਆਂ 8 ਦੁਕਾਨਾਂ
ਹਰਿੰਦਰ ਨਿੱਕਾ, ਬਰਨਾਲਾ 19 ਮਾਰਚ 2022
ਮੰਡੀਕਰਨ ਬੋਰਡ ਤੇ ਮਾਰਕਿਟ ਕਮੇਟੀ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਦੀ ਮਿਲੀਭੁਗਤ ਨਾਲ ਮਾਰਕੀਟ ਕਮੇਟੀ ਦਫਤਰ ਦੇ ਬਿਲਕੁਲ ਸਾਹਮਣੇ ਆਬਾਦਕਾਰੀ ਵਿਭਾਗ ਵੱਲੋਂ ਕੱਟੇ ਐਸ.ਸੀ.ਐਫ. ਨੰਬਰ 28 ਵਾਲੀ ਜਗ੍ਹਾ ਤੇ ਅਲਾਟਮੈਂਟ ਸਮੇਂ ਤੈਅ ਨਿਯਮਾਂ ਤੇ ਸ਼ਰਤਾਂ ਨੂੰ ਛਿੱਕੇ ਟੰਗ ਕੇ ਕੁੱਝ ਦਿਨ ਪਹਿਲਾਂ ਗੈਰਕਾਨੂੰਨੀ ਢੰਗ ਨਾਲ ਅੱਠ ਦੁਕਾਨਾਂ ਦੀ ਉਸਾਰੀ ਕਰ ਦਿੱਤੀ ਗਈ ਹੈ । ਇਹ ਗੈਰਕਾਨੂੰਨੀ ਉਸਾਰੀ ਰਾਤ ਨੂੰ ਨਹੀਂ, ਬਲਕਿ ਸ਼ਰੇਆਮ ਦਿਨ ਦਿਹਾੜੇ ਕੀਤੀ ਗਈ ਹੈ। ਜਿਸ ਨੂੰ ਰੋਕਣ ਅਤੇ ਟੋਕਣ ਦੀ ਹਿੰਮਤ ਵੀ ਜਿੰਮੇਵਾਰ ਅਧਿਕਾਰੀ ਦਿਖਾ ਨਹੀਂ ਸਕੇ । ਅਧਿਕਾਰੀ ਤੇ ਕਰਮਚਾਰੀ ਉਲਟਾ , ਚੁੱਪ ਚਾਪ ਗੈਰਕਾਨੂੰਨੀ ਢੰਗ ਨਾਲ ਹੋ ਰਹੀ ਨਜਾਇਜ਼ ਉਸਾਰੀ ਨੂੰ ਲੰਘਦੇ ਵੜਦੇ ਦੇਖਦੇ ਜਰੂਰ ਰਹੇ। ਆਪਣੀ ਖੱਲ ਬਚਾਉਣ ਖਾਤਿਰ, ਅਧਿਕਾਰੀ/ਕਰਮਚਾਰੀ ਸਿਰਫ ਖਾਨਾਪੂਰਤੀ ਕਰਦਿਆਂ, ਨਜਾਇਜ ਉਸਾਰੀ ਕਰਨ ਵਾਲੇ ਧਨਾਢ ਅਤੇ ਰਸੂਖਦਾਰ ਮਾਲਿਕਾਂ ਨੂੰ ਨੋਟਿਸ ਕੱਢ ਕੇ ਹੀ ਬੁੱਤਾ ਸਾਰ ਕੇ ਅਰਾਮ ਨਾਲ ਸਿਰਾਹਣੇ ਬਾਂਹ ਰੱਖ ਕੇ ਸੌਂ ਗਏ। ਗੈਰਕਾਨੂੰਨੀ ਢੰਗ ਨਾਲ ਹੋਈ ਸ਼ਰੇਆਮ ਹੋਈ ਉਸਾਰੀ ਅਤੇ ਕੋਈ ਪ੍ਰਭਾਵਸ਼ਾਲੀ ਕਾਰਵਾਈ ਨਾ ਹੋਣ ਕਾਰਣ ਭ੍ਰਿਸ਼ਟਾਚਾਰ ਦੀ ਬੂ ਆਉਣਾ ਸੁਭਾਵਿਕ ਹੀ ਹੈ।
ਵਰਨਯੋਗ ਹੈ ਕਿ ਅਨਾਜ ਮੰਡੀ ਬਰਨਾਲਾ ਅੰਦਰ ਕਾਫੀ ਸਮਾਂ ਪਹਿਲਾਂ ਅਬਾਦਕਾਰੀ ਵਿਭਾਗ ਵੱਲੋਂ ਮਾਰਕੀਟ ਕਮੇਟੀ ਦੀ ਜਗ੍ਹਾ ਤੇ ਸੌਪ ਕਮ ਫਲੈਟ SCF ਕੱਟੇ ਗਏ ਸਨ। ਜਿਨ੍ਹਾਂ ਦੀ ਉਸਾਰੀ ਵੀ ਲੰਬਾ ਅਰਸਾ ਪਹਿਲਾਂ SCF ਮਾਲਿਕਾਂ ਨੇ ਕੀਤੀ ਹੋਈ ਹੈ। ਇੱਨ੍ਹਾਂ SCF ਵਿੱਚੋਂ ਇੱਕ ‘ਚ ਇੱਕ ਬੈਂਕ ਦੀ ਸ਼ਾਖਾ , ਇਫਕੋ ਦਾ ਦਫਤਰ ਅਤੇ ਹੋਰ ਦੁਕਾਨਾਂ ਅਤੇ ਰਿਹਾਇਸ਼ ਵੀ ਕੀਤੀ ਹੋਈ ਹੈ। ਮਾਰਕੀਟ ਕਮੇਟੀ ਦੀ ਇਸ ਸਕੀਮ ਦੇ 2 ਪਾਸੇ ਗੇਟ ਪਹਿਲਾਂ ਹੀ ਬਣੇ ਹੋਏ ਹਨ। ਰਾਮਬਾਗ ਰੋਡ ਵਾਲੇ ਪਾਸੇ ਮਾਰਕੀਟ ਕਮੇਟੀ ਵਾਲਿਆਂ ਨੇ ਚਾਰਦੀਵਾਰੀ ਕਰਕੇ, SCF ਲਈ ਪਾਰਕਿੰਗ ਵੀ ਛੱਡੀ ਗਈ ਹੈ। ਪਰੰਤੂ ਕੁੱਝ ਦਿਨ ਪਹਿਲਾਂ SCF ਨੰਬਰ 28, ਜਿਸ ਦੀ ਕਰੀਬ 90 ਫੁੱਟ ਲੰਬਾਈ ਅਨਾਜ ਮੰਡੀ ਤੋਂ ਬੱਸ ਸਟੈਂਡ ਰੋਡ ਵੱਲ ਜਾ ਰਹੀ ਸੜਕ ਤੇ ਵੀ ਲੱਗਦੀ ਹੈ।
SCF ਮਾਲਿਕਾਂ ਨੇ ਆਪਣੇ ਇੱਕ SCF ਨੂੰ ਹੀ, ਬਿਨਾਂ ਵਿਭਾਗੀ ਮੰਜੂਰੀ ਅਤੇ ਨਕਸ਼ਾ ਪਾਸ ਕਰਵਾਇਆਂ ਹੀ , ਉਸ ਜਗ੍ਹਾ ਤੇ 8 ਦੁਕਾਨਾਂ ਬਣਾ ਕੇ ਪੂਰੀ ਮਾਰਕੀਟ ਆਪਣੀ ਹੀ ਬਣਾ ਲਈ ਹੈ। ਜਦੋਂਕਿ SCF ਦੀ ਅਲਾਟਮੈਂਟ ਸਮੇਂ ਤੈਅ ਨਿਯਮਾਂ ਤੇ ਸ਼ਰਤਾਂ ਅਨੁਸਾਰ ਅਜਿਹਾ ਕਰਨਾ ਸੰਭਵ ਨਹੀਂ ਸੀ। ਜੇਕਰ ਅਜਿਹੀ ਪ੍ਰੋਵੀਜਨ ਪਹਿਲਾਂ ਹੀ ਹੁੰਦੀ ਤਾਂ ਫਿਰ, SCF ਦੀ ਉਸਾਰੀ ਸਮੇਂ , ਉਦੋਂ ਹੀ, ਅੱਠ ਦੁਕਾਨਾਂ ਦਾ ਨਿਰਮਾਣ ਕੀਤਾ ਜਾ ਸਕਦਾ ਸੀ। ਹੁਣ ਲੰਬੇ ਅਰਸੇ ਬਾਅਦ, ਇੱਕ SCF ਨੂੰ ਹੀ 8 ਦੁਕਾਨਾਂ ਦਾ ਰੂਪ ਦੇਣਾ ਪੂਰੀ ਤਰਾਂ ਗੈਰਕਾਨੂੰਨੀ ਹੈ, ਜਿਹੜਾ ਵਿਭਾਗ ਦੇ ਅਧਿਕਾਰੀਆਂ ਦੀ ਮਿਲੀਭੁਗਤ ਤੋਂ ਬਿਨਾਂ ਸੰਭਵ ਹੀ ਨਹੀਂ ਹੋਇਆ।
ਅਬਾਦਕਾਰੀ ਵਿਭਾਗ ਦੇ ਡਾਇਰੈਕਟਰ ਨੇ ਕਿਹਾ-
ਅਬਾਦਕਾਰੀ ਵਿਭਾਗ ਦੇ ਡਾਇਰੈਕਟਰ ਐਚ.ਐਸ. ਬਰਾੜ ਨੇ ਕਿਹਾ ਕਿ S C F ਦੇ ਨਿਰਮਾਣ ਵਿੱਚ ਹੋਈਆਂ ਬੇਨਿਯਮੀਆਂ ਸਬੰਧੀ ਅਧਿਕਾਰੀਆਂ ਤੋਂ ਜੁਆਬ ਲੈ ਕੇ, ਅਗਲੀ ਕਾਨੂੰਨੀ ਕਾਰਵਾਈ ਛੇਤੀ ਹੀ ਅਮਲ ਵਿੱਚ ਲਿਆਂਦੀ ਜਾਵੇਗੀ। ਉੱਧਰ ਮਾਰਕੀਟ ਕਮੇਟੀ ਦੇ ਸੈਕਟਰੀ ਸੁਖਚੈਨ ਸਿੰਘ ਰੌਤਾ ਨੇ ਕਿਹਾ ਕਿ SCF ਮਾਲਿਕਾਂ ਨੇ ਕੋਈ ਨਕਸ਼ਾ ਪਾਸ ਨਹੀਂ ਕਰਵਾਇਆ, ਬਿਨਾਂ ਨਕਸ਼ੇ ਅਤੇ ਨਿਯਮਾਂ ਤੋਂ ਉਲਟ ਨਿਰਮਾਣ ਕਰਨ ਬਾਰੇ, SCF ਮਾਲਿਕਾਂ ਨੂੰ ਨੋਟਿਸ ਕੱਢਿਆ ਗਿਆ ਹੈ। ਪਰੰਤੂ, ਸੈਕਟਰੀ ਰੌਤਾ, ਉਨਾਂ ਦੇ ਦਫਤਰ ਸਾਹਮਣੇ ਗੈਰਕਾਨੂੰਨੀ ਉਸਾਰੀ ਦਾ ਕੰਮ ਸਮੇਂ ਸਿਰ ਨਾ ਰੋਕਣ ਬਾਰੇ,ਕੋਈ ਠੋਸ ਜੁਆਬ ਨਹੀਂ ਦੇ ਸਕੇ।