ਜਿਲ੍ਹੇ ‘ਚ ਖੁਸ਼ੀ ਦੀ ਲਹਿਰ, ਹੁਣ ਮੰਤਰਾਲੇ ਤੇ ਟਿਕੀਆਂ ਲੋਕਾਂ ਦੀਆਂ ਨਜ਼ਰਾਂ
ਹਰਿੰਦਰ ਨਿੱਕਾ, ਬਰਨਾਲਾ 19 ਮਾਰਚ 2022
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਵਜ਼ਾਰਤ ਦੇ 10 ਮੰਤਰੀਆਂ ਨੇ ਅੱਜ ਸਹੁੰ ਚੁੱਕ ਲਈ ਹੈ। ਹਲਫਦਾਰੀ ਸਮਾਗਮ ਰਾਜ ਭਵਨ ਵਿਖੇ ਹੋਇਆ, ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪ੍ਰੋਹਿਤ ਨੇ ਨਵੇਂ ਮੰਤਰੀਆਂ ਨੂੰ ਅਹੁਦੇ ਦੇ ਭੇਦ ਗੁਪਤ ਰੱਖਣ ਲਈ ਸੌਂਹ ਚੁਕਾਈ ਗਈ। ਮਾਨ ਵਜ਼ਾਰਤ ਵਿੱਚ ਹਰਪਾਲ ਸਿੰਘ ਚੀਮਾ ,ਡਾਕਟਰ ਬਲਜੀਤ ਕੌਰ , ਹਰਭਜਨ ਸਿੰਘ , ਡਾਕਟਰ ਵਿਜੇ ਸਿੰਗਲਾ, ਲਾਲ ਚੰਦ ਕਟਾਰੂਚੱਕ , ਗੁਰਮੀਤ ਸਿੰਘ ਮੀਤ ਹੇਅਰ , ਕੁਲਦੀਪ ਸਿੰਘ ਧਾਲੀਵਾਲ ,ਲਾਲਜੀਤ ਸਿੰਘ ਭੁੱਲਰ, ਬ੍ਰਹਮ ਸ਼ੰਕਰ ਜਿੰਪਾ ,ਹਰਜੋਤ ਸਿੰਘ ਬੈਂਸ ਨੇ ਕੈਬਨਿਟ ਮੰਤਰੀ ਵਜੋਂ ਸਹੁੰ ਚੁੱਕ ਲਈ ਹੈ।
ਬਰਨਾਲਾ ਵਿਧਾਨ ਸਭਾ ਹਲਕੇ ਤੋਂ ਮੀਤ ਹੇਅਰ ਨੇ ਕੈਬਨਿਟ ਮੰਤਰੀ ਬਣ ਕੇ ਕਰੀਬ 25 ਸਾਲ ਪੁਰਾਣੀ ਖੜੋਤ ਤੇ ਮਿੱਥ ਨੂੰ ਤੋੜਿਆ ਹੈ। ਜਿਕਰਯੋਗ ਹੈ ਕਿ ਮੀਤ ਹੇਅਰ ਤੋਂ ਪਹਿਲਾਂ 1992 ਦੀ ਵਿਧਾਨ ਸਭਾ ਵਿੱਚ ਨੁਮਾਇੰਦਗੀ ਕਰਨ ਵਾਲੇ ਸਵਰਗੀ ਪੰਡਿਤ ਸੋਮ ਦੱਤ ਸ਼ਰਮਾ ਰਾਜ ਮੰਤਰੀ ਬਣੇ ਸਨ। ਜਦੋਂਕਿ ਉਨਾਂ ਤੋਂ ਪਹਿਲਾਂ ਬਰਨਾਲਾ ਹਲਕੇ ਤੋਂ ਵਿਧਾਇਕ ਰਹੇ ਸਵਰਗੀ ਸੁਰਜੀਤ ਸਿੰਘ ਬਰਨਾਲਾ , 1985 ਵਿੱਚ ਮੁੱਖ ਮੰਤਰੀ ਬਣੇ ਸਨ। 1992 ਦੀ ਵਿਧਾਨ ਸਭਾ ਤੋਂ ਬਾਅਦ ਬੇਸ਼ੱਕ 1997 ਅਤੇ 2002 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਮਲਕੀਤ ਸਿੰਘ ਕੀਤੂ ਲਗਾਤਾਰ 2 ਵਾਰ ਵਿਧਾਇਕ ਰਹੇ, ਉਨਾਂ ਤੋਂ ਬਾਅਦ 2007 ਅਤੇ 2012 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਵੱਡੇ ਕਾਂਗਰਸੀ ਆਗੂ ਕੇਵਲ ਸਿੰਘ ਢਿੱਲੋਂ ਵੀ ਲਗਾਤਾਰ 2 ਵਾਰ ਬਰਨਾਲਾ ਤੋਂ ਨੁਮਾਇੰਦਗੀ ਕਰ ਚੁੱਕੇ ਹਨ। ਜਦੋਂਕਿ 2017 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਗੁਰਮੀਤ ਸਿੰਘ ਮੀਤ ਹੇਅਰ ਵਿਧਾਇਕ ਬਣੇ ਸਨ। ਪਰੰਤ ਉਕਤ ਸਾਰੀਆਂ ਵਿਧਾਨ ਸਭਾ ਚੋਣਾਂ ਵਿੱਚ ਪੰਜਾਬ ਦੀ ਸਰਕਾਰ ,ਬਰਨਾਲਾ ਤੋਂ ਜਿੱਤਣ ਵਾਲੇ ਵਿਧਾਇਕ ਦੀ ਉਲਟ ਪਾਰਟੀ ਦੀ ਬਦਦੀ ਰਹੀ।
ਜਿਸ ਕਾਰਣ ਇਲਾਕੇ ਦੇ ਲੋਕਾਂ ਨੂੰ ਹਰ ਚੋਣ ਸਮੇਂ ਇਹ ਧੁੜਕੂ ਲੱਗਿਆ ਰਹਿੰਦਾ ਸੀ ਕਿ ਕਿਤੇ ਇਸ ਵਾਰ ਫਿਰ ਪੁਰਾਣੀ ਰਵਾਇਤ ਹੀ ਨਾ ਬਣੀ ਰਹਿ ਜਾਵੇ। ਪਰ ਇਸ ਵਾਰ ਇਲਾਕੇ ਦੇ ਲੋਕਾਂ ਨੇ ਪੰਜਾਬ ਦੀ ਸੁਰ ਵਿੱਚ ਸੁਰ ਮਿਲਾ ਕੇ ਤਿੰਨੋਂ ਵਿਧਾਨ ਸਭਾ ਹਲਕਿਆਂ ਬਰਨਾਲਾ, ਭਦੌੜ ਅਤੇ ਮਹਿਲ ਕਲਾਂ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਚੁਣ ਕੇ ਵਿਧਾਨ ਸਭਾ ਵਿੱਚ ਭੇਜ ਕਿ ਉਸ ਖੜੋਤ ਅਤੇ ਮਿੱਥ ਨੂੰ ਤੋੜ ਕੇ 30 ਸਾਲ ਪੁਰਾਣਾ ਰਿਾਕਰਡ ਤੋੜਿਆ ਹੈ। ਆਪ ਦੇ ਜਿਲ੍ਹਾ ਪ੍ਰਧਾਨ ਗੁਰਦੀਪ ਸਿੰਘ ਬਾਠ, ਐਡਵੋਕੇਟ ਧਰੀਜ ਕੁਮਾਰ, ਐਡਵੋਕੇਟ ਜਤਿੰਦਰ ਪਾਲ ਉੱਗੋਕੇ, ਕੌਸਲਰ ਰੁਪਿੰਦਰ ਸਿੰਘ ਸ਼ੀਤਲ ਅਤੇ ਮਲਕੀਤ ਸਿੰਘ , ਨਗਰ ਪੰਚਾਇਤ ਹੰਡਿਆਇਆ ਦੇ ਸਾਬਕਾ ਪ੍ਰਧਾਨ ਪ੍ਰਸ਼ੋਤਮ ਸਿੰਘ ਮਠਾੜੂ, ਰਾਕੇਸ਼ ਕੁਮਾਰ ਵਿੱਕੀ ਬਾਵਾ ਆਦਿ ਆਗੂਆਂ ਨੇ ਮੀਤ ਹੇਅਰ ਨੂੰ ਕੈਬਨਿਟ ਮੰਤਰੀ ਬਣਾਏ ਜਾਣ ਦੇ ਖੁਸ਼ੀ ਦਾ ਇਜ਼ਹਾਰ ਕਰਦਿਆਂ ਪਾਰਟੀ ਦੇ ਕੌਮੀ ਕਨਵੀਨਰ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜ਼ਰੀਵਾਲ, ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ, ਪੰਜਾਬ ਮਾਮਲਿਆਂ ਦੇ ਇੰਚਾਰਜ ਰਾਘਵ ਚੱਢਾ ਅਤੇ ਜਰਨੈਲ ਸਿੰਘ ਦਾ ਧੰਨਵਾਦ ਕੀਤਾ ਹੈ। ਬਰਦਾਰ ਬਾਠ ਨੇ ਕਿਹਾ ਕਿ ਮੀਤ ਹੇਅਰ ਨੇ ਜਿਲ੍ਹੇ ਦੀ ਪੁਰਾਣੀ ਰਵਾਇਤ ਅਤੇ ਮਿੱਥ ਨੂੰ ਲੋਕਾਂ ਦੇ ਸਹਿਯੋਗ ਨਾਲ ਤੋੜਿਆ ਹੈ, ਹੁਣ ਰਿਕਾਰੜ ਤੋੜ ਵਿਕਾਸ ਕਰਕੇ ਵੀ, ਜਿਲ੍ਹੇ ਦਾ ਮਾਣ ਵਧਾਉਣਗੇ।