ਸਿਹਤ ਵਿਭਾਗ ਬਰਨਾਲਾ ਵਲੋਂ ਮੈਡੀਕਲ ਨਸ਼ਾ ਵੇਚਣ ਵਾਲਿਆਂ ਵਿਰੁੱਧ ਕਸਿਆ ਸ਼ਿਕੰਜਾ
ਤੁਸੀਂ ਦਿਉਂ ਜਾਣਕਾਰੀ , ਅਸੀਂ ਕਰਾਂਗੇ ਕਾਰਵਾਈ, ਜਾਣਕਾਰੀ ਦੇਣ ਵਾਲਿਆਂ ਦੀ ਪਛਾਣ ਰੱਖਾਂਗੇ ਗੁਪਤ- ਡਾ ਔਲ਼ਖ
ਹਰਿੰਦਰ ਨਿੱਕਾ , ਬਰਨਾਲਾ, 15 ਮਾਰਚ 2022
ਸਿਹਤ ਵਿਭਾਗ ਬਰਨਾਲਾ ਵੱਲੋਂ ਮੈਡੀਕਲ ਸਟੋਰਾਂ ‘ਤੇ ਵਿਕ ਰਹੇ ਨਸ਼ੇ ਨੂੰ ਰੋਕਣ ਲਈ ਕਮਰ ਕਸ ਲਈ ਹੈ। ਇਸੇ ਕੜੀ ਤਹਿਤ ਅਹਿਮ ਕਦਮ ਚੁੱਕਦਿਆਂ ਇਕ ਨਕਲੀ ਗਾਹਕ ਬਣਾ ਕੇ ਬਰਨਾਲਾ ਸ਼ਹਿਰ ਦੇ ਮੈਡੀਕਲ ਸਟੋਰ ਅਤੇ ਧਨੌਲਾ ਦੇ ਜਨ ਔਸ਼ਧੀ ਕੇਂਦਰ ‘ਤੇ ਛਾਪਾਮਾਰੀ ਕੀਤੀ ਗਈ । ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆ ਡਾ. ਜਸਬੀਰ ਸਿੰਘ ਔਲ਼ਖ ਸਿਵਲ ਸਰਜਨ ਬਰਨਾਲਾ ਨੇ ਦੱਸਿਆ ਕਿ ਉੇਨ੍ਹਾਂ ਨੂੰ ਇਕ ਗੁਪਤ ਸੂਚਨਾ ਮਿਲੀ ਸੀ ਕਿ ਬੱਸ ਅੱਡੇ ਦੇ ਨਜਦੀਕ ਇਕ ਮੈਡੀਕਲ ਸਟੋਰ ਉਪੱਰ ਗੈਰਕਾਨੂੰਨੀ ਤੌਰ ‘ਤੇ ਮੈਡੀਕਲ ਨਸ਼ੇ ਵਜੋਂ ਵਰਤਿਆ ਜਾਂਦਾ “ਪ੍ਰੀ-ਗਾਬਾਲਿਨ 300 ਐਮ.ਜੀ ਕੈਪਸੂਲ (ਸਿਗਨੇਚਰ) ਬਿਨਾਂ ਕਿਸੇ ਡਾਕਟਰ ਦੇ ਲਿਖੇ ਤੋਂ ਵੇਚਿਆ ਜਾ ਰਿਹਾ ਹੈ।
ਡਾ. ਔਲ਼ਖ ਨੇ ਦੱਸਿਆ ਕਿ ਉਨ੍ਹਾਂ ਤੁਰੰਤ ਐਕਸ਼ਨ ਲੈਂਦੇ ਹੋਏ ਇਕਾਂਤ ਸਿੰਗਲਾ ਡਰੱਗ ਕੰਟਰੋਲ ਅਫ਼ਸਰ ਬਰਨਾਲਾ ਨੂੰ ਹਦਾਇਤ ਕਰਦਿਆਂ ਇਕ ਨਕਲੀ ਗਾਹਕ ਬਣਾਕੇ ਸਬੰਧਿਤ ਮੈਡੀਕਲ ਸਟੋਰ ‘ਤੇ ਭੇਜਿਆ ਗਿਆ । ਜਿੱਥੇ ਡਰੱਗ ਕੰਟਰੋਲ ਅਫ਼ਸਰ ਵੱਲੋਂ ਮੈਡੀਕਲ ਨਸ਼ਾ ਵੇਚਣ ਵਾਲੇ ਦੁਕਾਨ ਮਾਲਕ ਨੂੰ ਰੰਗੇ ਹੱਥੀ ਕਾਬੂ ਕੀਤਾ ਗਿਆ। ਇਸੇ ਤਰਾਂ ਜਨ ਔਸ਼ਧੀ ਕੇਂਦਰ ਧਨੌਲਾ ਤੋਂ ਵੀ ਬਿਨਾਂ ਡਾਕਟਰ ਦੀ ਪਰਚੀ ਤੋਂ ਇਤਰਾਜਯੋਗ ਦਵਾਈ ਦੀ ਵਿਕਰੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਸਿਵਲ ਸਰਜਨ ਔਲਖ ਨੇ ਦੱਸਿਆ ਕਿ ਬਰਨਾਲਾ ਦੇ ਮੈਡੀਕਲ ਸਟੋਰ ਤੋਂ ਦੋ ਪ੍ਰਕਾਰ ਦਾ ਹੋਰ ਸਬ ਸਟੈਂਡਰਡ ਮੈਡੀਕਲ ਨਸ਼ਾ ਵੀ ਪ੍ਰਾਪਤ ਕੀਤਾ ਗਿਆ ਅਤੇ ਅਗਲੇਰੀ ਕਾਨੂੰਨੀ ਕਾਰਵਾਈ ਕਰਨ ਲਈ ਡਰੱਗ ਐਂਡ ਕਾਸਮੈਟਿਕ ਐਕਟ“ਤਹਿਤ ਸੀਲ ਕਰਕੇ ਸਟੇਟ ਮੈਡੀਕਲ ਲੇਬੌਰਟਰੀ ਖਰੜ ਵਿਖੇ ਭੇਜ ਦਿੱਤਾ ਗਿਆ ਹੈ। ਡਾ. ਔਲ਼ਖ ਨੇ ਦੱਸਿਆ ਕਿ ਸਿਹਤ ਵਿਭਾਗ ਬਰਨਾਲਾ ਗੈਰਕਾਨੂੰਨੀ ਵਿਕ ਰਹੇ ਮੈਡੀਕਲ ਨਸ਼ੇ ਨੂੰ ਰੋਕਣ ਲਈ ਪਾਬੰਦ ਹੈ। ਉਨ੍ਹਾਂ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਤੁਸੀਂ ਸਾਨੂੰ ਨਸ਼ੇ ਦੀ ਵਿਕਰੀ ਸਬੰਧੀ ਜਾਣਕਾਰੀ ਦਿਉ, ਕਾਨੂੰਨੀ ਕਾਰਵਾਈ ਅਸੀਂ ਕਰਾਂਗੇ। ਉਨਾਂ ਕਿਹਾ ਕਿ ਜੇਕਰ ਕੋਈ ਇਸ ਸਬੰਧੀ ਜਾਣਕਾਰੀ ਦੇਵੇਗਾ ਤਾਂ ਉਸ ਦੀ ਪਛਾਣ ਬਿਲਕੁਲ ਗੁਪਤ ਰੱਖ ਕੇ ਮੈਡੀਕਲ ਨਸ਼ਾ ਵੇਚਣ ਵਾਲੇ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।