ਔਰਤਾਂ ਦੀ ਹਾਲਤ, 8 ਮਾਰਚ ਦੀ ਮਹੱਤਤਾ ਅਤੇ ਮੁਕਤੀ ਦਾ ਸਵਾਲ ਵਿਸਿਆ ਤੇ ਪਿੰਡ ਚੰਗਾਲ ਵਿਖੇ ਕੀਤੀ ਕਨਵੈਨਸ਼ਨ
ਪਰਦੀਪ ਕਸਬਾ, ਸੰਗਰੂਰ, 8 ਮਾਰਚ 2022
ਅੱਠ ਮਾਰਚ ਕੌਮਾਂਤਰੀ ਔਰਤ ਦਿਹਾਡ਼ੇ ਨੂੰ ਸਮਰਪਤ ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ (ਪੰਜਾਬ) ਵੱਲੋਂ ਔਰਤਾਂ ਦੀ ਹਾਲਤ, 8 ਮਾਰਚ ਦੀ ਮਹੱਤਤਾ ਅਤੇ ਮੁਕਤੀ ਦਾ ਸਵਾਲ ਵਿਸਿਆ ਤੇ ਪਿੰਡ ਚੰਗਾਲ ਵਿਖੇ ਕਨਵੈਨਸ਼ਨ ਆਯੋਜਿਤ ਕੀਤੀ ਗਈ । ਕਨਵੈਨਸ਼ਨ ਦਾ ਆਗਾਜ਼ ਮਹਾਨ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਂਟ ਕਰਦੇ ਹੋਏ ਇਕ ਮਿੰਟ ਦਾ ਮੌਨ ਧਾਰਨ ਕਰਕੇ ਕੀਤਾ ਗਿਆ।
“ਔਰਤਾਂ ਦੀ ਹਾਲਤ” ਤੇ ਜ਼ਿਲ੍ਹਾ ਆਗੂ ਕਰਮਜੀਤ ਕੌਰ ਨੇ ਵਿਚਾਰ ਪੇਸ਼ ਕਰਦਿਆਂ ਕਿਹਾ ਕਿ ਸਾਡਾ ਵੀ ਕੋਈ ਦਿਨ ਹੈ ਜੋ ਕਿ ਅੱਠ ਮਾਰਚ ਹੈ ਇਸ ਤੇ ਸਾਨੂੰ ਮਾਣ ਹੋਣਾ ਚਾਹੀਦਾ ਹੈ। ਪਰ ਮੌਜੂਦਾ ਸਮੇਂ ਦੌਰਾਨ ਵੀ ਸਾਡੀ ਔਰਤਾਂ ਸਾਰੇ ਸਾਧਨਾਂ ਤੋਂ ਵਾਂਝੀਆਂ ਹਨ, ਔਰਤਾਂ ਦੂਹਰੀ ਗੁਲਾਮੀ ਦੀਆਂ ਸ਼ਿਕਾਰ ਹਨ , ਛੇੜਛਾੜ, ਭਰੂਣ ਹੱਤਿਆ, ਬਲਾਤਕਾਰਾਂ ਵਿੱਚ ਲਗਾਤਾਰ ਵਾਧਾ ਹੋਇਆ ਹੈ। ਔਰਤਾਂ ਨੂੰ ਮਹਿਜ਼ ਇਕ ਵਸਤੂ ਸਮਝਿਆ ਜਾਂਦਾ ਹੈ । ਔਰਤ ਦੀ ਆਪਣੀ ਕੋਈ ਹੋਂਦ ਨਹੀਂ ਹੈ , ਉਸ ਦੇ ਜਨਮ ਤੇ ਕੋਈ ਖੁਸ਼ੀ ਨਹੀਂ ਮਨਾਈ ਜਾਂਦੀ ਉਸ ਨੂੰ ਬਿਗਾਨਾ ਧਨ ਸਮਝਿਆ ਜਾਂਦਾ ਹੈ ।
ਇਸ ਉਪਰੰਤ ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ (ਪੰਜਾਬ) ਦੀ ਜ਼ਿਲ੍ਹਾ ਸਕੱਤਰ ਬਿਮਲ ਕੌਰ ਨੇ “ਅੱਠ ਮਾਰਚ ਦੀ ਮਹੱਤਤਾ ਅਤੇ ਮੁਕਤੀ ਦੇ ਸੁਆਲ ” ਵਿਸ਼ੇ ਨੂੰ ਸੰਬੋਧਨ ਹੁੰਦਿਆਂ ਕਿਹਾ ਕਿ ਅੱਠ ਮਾਰਚ ਦਾ ਦਿਹਾੜਾ ਪੂਰੇ ਸੰਸਾਰ ਵਿਚ 1910 ਤੋਂ ਮਨਾਇਆ ਜਾਣ ਲੱਗਾ। ਦੋਹਰੀ ਗੁਲਾਮੀ ਤੋਂ ਮੁਕਤੀ ਜਾਇਦਾਦ ਵਿੱਚੋਂ ਬਰਾਬਰ ਦਾ ਅਧਿਕਾਰ , ਬਰਾਬਰ ਦਿਹਾੜੀ, ਬਰਾਬਰ ਕੰਮਕਾਰ, ਪੱਕਾ ਰੁਜਗਾਰ ਆਦਿ ਵਰਗੇ ਬੁਨਿਆਦੀ ਮਸਲੇ ਬੇਸ਼ੱਕ ਕਾਨੂੰਨੀ ਰੂਪ ਵਿੱਚ ਹੱਲ ਕਰਵਾਉਣ ਵਿਚ ਕਾਮਯਾਬ ਹੋ ਗਈਆਂ । ਕਾਨੂੰਨ ਮਹਿਜ਼ ਕਾਗਜ਼ਾਂ ਦਾ ਸ਼ਿੰਗਾਰ ਬਣ ਕੇ ਹੀ ਰਹਿ ਚੁੱਕੇ ਹਨ ।
ਅੱਜ ਵੀ ਭਾਰਤ ਵਿੱਚ ਸਾਡੀ ਔਰਤਾਂ ਦੀ ਹਾਲਤ ਬੇਹੱਦ ਮਾੜੀ ਹੈ । ਜਦੋਂ ਅਸੀਂ ਪੰਜਾਬ ਦੀ ਗੱਲ ਕਰਦੇ ਹਾਂ ਤਾਂ ਪੰਜਾਬ ਵਿਚ ਵੀ ਔਰਤਾਂ ਦੋਹਰੀ ਗੁਲਾਮੀ ਦੀਆਂ ਸ਼ਿਕਾਰ ਹਨ । ਖੇਤ ਮਜ਼ਦੂਰ ਔਰਤਾਂ ਕੋਲ ਆਪਣੇ ਖੇਤ ਨਾ ਹੋਣ ਕਾਰਨ ਬਿਗਾਨੇ ਖੇਤਾਂ ਦੀਆਂ ਵੱਟਾਂ ਤੇ ਕੱਖ ਲੈ ਕੇ ਆਉਣ ਸਮੇਂ ਜੋ ਜ਼ਿੱਲਤ ਝੱਲਣੀ ਪੈਂਦੀ ਹੈ , ਸ਼ੋਸ਼ਣ ਦਾ ਸ਼ਿਕਾਰ ਹੋਣਾ ਪੈਂਦਾ ਹੈ , ਇਹ ਅਸੀਂ ਖ਼ੁਦ ਹੱਡੀ ਹੰਢਾਉਂਦੀਆਂ ਹਾਂ।ਔਰਤਾਂ ਦੀ ਮੁਕਤੀ ਪੈਦਾਵਾਰੀ ਸਾਧਨਾਂ ਦੀ ਕਾਣੀ ਵੰਡ ਖ਼ਤਮ ਕਰਨ ਦੇ ਨਾਲ ਜਾਇਦਾਦ ਵਿੱਚੋਂ ਬਰਾਬਰ ਹੱਕ ਮਿਲਣ ਅਤੇ ਪਿੱਤਰ ਸੱਤਾ ਦੇ ਟੀਕੇ ਇਸ ਮੌਜੂਦਾ ਲੁਟੇਰੇ ਰਾਜ ਪ੍ਰਬੰਧ ਨੂੰ ਖ਼ਤਮ ਕੀਤੇ ਬਿਨਾਂ ਸੰਭਵ ਨਹੀਂ। ਕਿਉਂਕਿ ਅਸੀਂ ਔਰਤਾਂ ਵੀ ਅੱਧੇ ਆਸਮਾਨ ਅਤੇ ਅੱਧੀ ਧਰਤੀ ਦੀ ਮਾਲਕ ਹਾਂ।
ਇਸ ਲਈ ਆਓ ਮਹਾਨ ਔਰਤਾਂ ਕਲਾਰਾ ਜੈਟਕਿਨ, ਰੋਜ਼ਾ ਲਕਜਮਬਰਗ, ਮਾਈ ਭਾਗੋ, ਸਵਿੱਤਰੀ ਬਾਈ ਫੂਲੇ , ਗ਼ਦਰੀ ਗੁਲਾਬ ਕੌਰ, ਦੁਰਗਾ ਭਾਬੀ ਆਦਿ ਤੋਂ ਪ੍ਰੇਰਨਾ ਲੈਂਦਿਆਂ ਹੋਇਆਂ ਬਰਾਬਰਤਾ ਦਾ ਸਮਾਜ ਸਿਰਜਣ ਦੇ ਲਈ ਲੁਟੇਰੇ ਨਿਜ਼ਾਮ ਨੂੰ ਬਦਲਣ ਵਾਸਤੇ ਮਰਦਾਂ ਦੇ ਨਾਲ ਮੋਢੇ ਨਾਲ ਮੋਢਾ ਜੋਡ਼ ਕੇ ਏਕੇ ਤੇ ਸੰਘਰਸ਼ ਰਾਹੀਂ ਲੋਕ ਲਹਿਰ ਉਸਾਰੀਏ। ਅੱਜ ਦੀ ਕਨਵੈਨਸ਼ਨ ਵਿਚ ਚਰਨਜੀਤ ਕੌਰ ਚੰਗਾਲ, ਰਣਧੀਰ ਕੋਰ , ਰਾਜ ਕੌਰ ,ਗੁਰਮੀਤ ਕੌਰ ਰਾਜੋਮਾਜਰਾ ਨੇ ਵੀ ਸੰਬੋਧਨ ਕੀਤਾ। ਸਟੇਜ ਸਕੱਤਰ ਜ਼ਿੰਮੇਵਾਰੀ ਮਨਪ੍ਰੀਤ ਕੌਰ ਉੱਪਲੀ ਨੇ ਨਿਭਾਈ।