ਕੌਮਾਂਤਰੀ ਇਸਤਰੀ ਦਿਵਸ ਮੌਕੇ ਔਰਤਾਂ ਵਲੋਂ ਏਪਵਾ ਦੀ ਅਗਵਾਈ ਵਿਚ ਜੰਗ ਅਤੇ ਪੰਜਾਬ ਦੇ ਹੱਕਾਂ ਉਤੇ ਮਾਰੇ ਜਾ ਰਹੇ ਡਾਕੇ ਖਿਲਾਫ਼ ਪ੍ਰਦਰਸ਼ਨ
ਪਰਦੀਪ ਕਸਬਾ , ਮਾਨਸਾ: 8 ਮਾਰਚ 2022.
ਅੱਜ ਕੌਮਾਂਤਰੀ ਇਸਤਰੀ ਦਿਵਸ ਮੌਕੇ ਇਥੇ ਕੁਲ ਹਿੰਦ ਪ੍ਰਗਤੀਸ਼ੀਲ ਇਸਤਰੀ ਸਭਾ (ਏਪਵਾ) ਵਲੋਂ ਔਰਤਾਂ ਲਈ ਆਜ਼ਾਦੀ , ਬਰਾਬਰੀ ਤੇ ਸਨਮਾਨ ਦੀ ਮੰਗ ਨੂੰ ਉਭਾਰਨ ਲਈ ਸ਼ਹਿਰ ਵਿਚ ਮੁਜ਼ਾਹਰਾ ਕੀਤਾ ਗਿਆ। ਇਸ ਦੇ ਨਾਲ ਨਾਲ ਵਿਖਾਵਾਕਾਰੀ ਔਰਤਾਂ ਨੇ ਯੂਕਰੇਨ ਉਤੇ ਰੂਸੀ ਹਮਲੇ ਖਿਲਾਫ ਅਤੇ ਬੀਬੀਐਮਬੀ ਵਿਚੋਂ ਮੋਦੀ ਸਰਕਾਰ ਵਲੋਂ ਪੰਜਾਬ ਦੇ ਦਾਹਵੇ ਤੇ ਅਧਿਕਾਰਾਂ ਨੂੰ ਖਤਮ ਕਰਨ ਖਿਲਾਫ਼ ਵੀ ਪੁਰਜ਼ੋਰ ਵਿਰੋਧ ਪ੍ਰਗਟਾਵਾ ਕੀਤਾ।
ਪ੍ਰਗਤੀਸ਼ੀਲ ਇਸਤਰੀ ਸਭਾ (ਏਪਵਾ) ਦੀ ਕੇਂਦਰੀ ਆਗੂ ਕਾਮਰੇਡ ਜਸਬੀਰ ਕੌਰ ਨੱਤ ਨੇ ਦਸਿਆ ਕਿ ਜਥੇਬੰਦੀ ਦੇ ਸੱਦੇ ‘ਤੇ ਅੱਜ ਸੈਂਕੜੇ ਔਰਤਾਂ ਨੇ ਸਥਾਨਿਕ ਬਾਬਾ ਬੂਝਾ ਸਿੰਘ ਭਵਨ ਵਿਖੇ ਇਕੱਤਰ ਹੋ ਕੇ ਕੌਮਾਂਤਰੀ ਇਸਤਰੀ ਦਿਵਸ ਦੇ ਇਤਿਹਾਸ ਅਤੇ ਔਰਤਾਂ ਨੂੰ ਦਰਪੇਸ਼ ਸਮਸਿਆਵਾਂ ਬਾਰੇ ਵਿਚਾਰ ਚਰਚਾ ਕੀਤੀ। ਇਸ ਸਮਾਗਮ ਦੀ ਪ੍ਰਧਾਨਗੀ ਏਪਵਾ ਆਗੂ ਬਲਵਿੰਦਰ ਕੌਰ ਬੈਰਾਗੀ, ਮਜ਼ਦੂਰ ਮੁਕਤੀ ਮੋਰਚਾ ਪੰਜਾਬ ਦੇ ਜ਼ਿਲ੍ਹਾ ਆਗੂ ਕਮਲਪ੍ਰੀਤ ਕੌਰ ਝੁਨੀਰ, ਬਿੰਦਰ ਕੌਰ ਉੱਡਤ, ਆਸ਼ਾ ਵਰਕਰ ਆਗੂ ਚਰਨਜੀਤ ਕੌਰ, ਸਰਜਪਾਲ ਕੌਰ ਬਹਾਦਰਪੁਰ ਨੇ ਕੀਤੀ। ਔਰਤ ਬੁਲਾਰਿਆਂ ਨੇ ਦੱਸਿਆ ਕਿ ਮੋਦੀ ਸਰਕਾਰ ਦੀ ਫਿਰਕੂ ਤੇ ਕਾਰਪੋਰੇਟ ਪ੍ਰਸਤ ਨੀਤੀ ਕਾਰਨ ਹਰ ਖੇਤਰ ਵਿਚ ਅੰਨੇਵਾਹ ਕੀਤੇ ਜਾ ਰਹੇ ਨਿੱਜੀਕਰਨ ਦੇ ਸਿੱਟੇ ਵਜੋਂ ਜਿਥੇ ਰੁਜ਼ਗਾਰ ਮਿਲਣਾ ਦੁਰਲੱਭ ਹੋ ਗਿਆ ਹੈ, ਉਥੇ ਵਿਦਿਆ ਤੇ ਇਲਾਜ ਵੀ ਆਮ ਲੋਕਾਂ ਦੀ ਪਹੁੰਚ ਤੋਂ ਬਾਹਰ ਹੋ ਰਿਹਾ ਹੈ।
ਔਰਤਾਂ ਉਤੇ ਫਿਰਕੂ ਕੱਟੜਪੰਥੀਆਂ ਤੇ ਜਾਤੀਵਾਦੀ ਜਗੀਰੂ ਤਾਕਤਾਂ ਵਲੋਂ ਹਮਲੇ ਤੇ ਜ਼ਬਰ ਦੀਆਂ ਘਟਨਾਵਾਂ ਵਿਚ ਭਾਰੀ ਵਾਧਾ ਹੋਇਆ ਹੈ। ਧਾਰਮਿਕ ਘੱਟਗਿਣਤੀ ਨਾਲ ਸਬੰਧਤ ਔਰਤਾਂ/ ਲੜਕੀਆਂ ਨੂੰ ਹਿਜਾਬ ਪਹਿਨਣ ਬਦਲੇ ਜਲੀਲ ਕੀਤਾ ਜਾ ਰਿਹਾ ਹੈ। ਇੰਨ੍ਹਾਂ ਹਮਲਿਆਂ ਦੇ ਖ਼ਿਲਾਫ਼ ਔਰਤ ਜਥੇਬੰਦੀਆਂ ਦੇਸ ਭਰ ਵਿਚ ਇਕ ਵਿਆਪਕ ਅੰਦੋਲਨ ਵਿਕਸਤ ਕਰਨ ਵੱਲ ਵੱਧ ਰਹੀਆਂ ਹਨ।
ਇਸ ਸਮਾਗਮ ਨੂੰ ਪ੍ਰਧਾਨਗੀ ਮੰਡਲ ਤੋਂ ਇਲਾਵਾ ਅਮਰਜੀਤ ਕੌਰ ਕਿਸ਼ਨਗੜ੍ਹ, ਕ੍ਰਿਸ਼ਨਾ ਕੌਰ, ਸ਼ਿੰਦਰ ਕੌਰ ਕੋਟਧਰਮੂ ਅਤੇ ਆਲ ਇੰਡੀਆ ਸਟੂਡੈਂਟਸ ਐਸੋਸੀਏਸ਼ਨ ਦੇ ਸੂਬਾ ਪ੍ਰਧਾਨ ਪ੍ਰਦੀਪ ਗੁਰੂ ਨੇ ਵੀ ਸੰਬੋਧਨ ਕੀਤਾ। ਲੋਕ ਗਾਇਕ ਸੁਖਬੀਰ ਖਾਰਾ ਵਲੋਂ ਲੋਕ ਸੰਘਰਸ਼ਾਂ ਦੀ ਆਵਾਜ਼ ਨੂੰ ਬੁਲੰਦ ਕਰਦੇ ਗੀਤ ਪੇਸ਼ ਕੀਤੇ ਗਏ ।