ਸੰਘਰਸ਼ਾਂ ਵਿੱਚ ਲਾਮਬੰਦੀ ਹੀ ਔਰਤਾਂ ਦੀ ਮੁਕਤੀ ਦਾ ਅਸਲੀ ਰਾਹ
ਪਰਦੀਪ ਕਸਬਾ, ਚੰਡੀਗਡ਼੍ਹ , 8 ਮਾਰਚ 2022
ਆਸ਼ਾ ਵਰਕਰਜ਼ ਤੇ ਫੈਸਿਲੀਟੇਟਰ ਯੂਨੀਅਨ, ਮਿਡ-ਡੇ-ਮੀਲ ਵਰਕਰਜ਼ ਯੂਨੀਅਨ ਅਤੇ ਕਿਰਤੀ ਕਿਸਾਨ ਯੂਨੀਅਨ (ਔਰਤ ਵਿੰਗ) ਵੱਲੋਂ ਅੱਜ ਮਮਤਾ ਸ਼ਰਮਾਂ ਅਤੇ ਸਰਬਜੀਤ ਕੌਰ ਛੱਜਲਵੱਡੀ ਦੀ ਅਗਵਾਈ ਹੇਠ ਕੌਮਾਂਤਰੀ ਔਰਤ ਦਿਵਸ ਮੌਕੇ ਕਸਬਾ ਰਈਆ ਵਿਖੇ ਔਰਤਾਂ ਦੀ ਭਰਵੀਂ ਕਨਵੈਨਸ਼ਨ ਕੀਤੀ ਗਈ। ਜਿਸ ਵਿੱਚ ਮੁੱਖ ਬੁਲਾਰੇ ਵਜੋਂ ਬੋਲਦਿਆਂ ਪੰਜਾਬ ਸਟੂਡੈਂਟਸ ਯੂਨੀਅਨ ਦੀ ਸੂਬਾਈ ਆਗੂ ਹਰਦੀਪ ਕੌਰ ਕੋਟਲਾ ਨੇ ਕਿਹਾ ਕਿ ਆਪਣੇ ਸਮਾਜ ਅੰਦਰ ਅਜੇ ਵੀ ਔਰਤ ਨੂੰ ਹਰ ਪਲ ਢੇਰਾਂ ਮੁਸੀਬਤਾਂ ਨਾਲ ਜੂਝਣਾ ਪੈਂਦਾ ਹੈ ਅਤੇ 21ਵੀਂ ਸਦੀ ਵਿੱਚ ਵੀ ਪਿਤਰ ਸੱਤਾ ਦੇ ਜਮੂਦ ਨੇ ਉਸ ਦੀ ਆਜ਼ਾਦ ਹਸਤੀ ਨੂੰ ਜਕੜ ਕੇ ਰੱਖਿਆ ਹੋਇਆ ਹੈ, ਜਿਸ ਨੂੰ ਚੇਤਨਾ ਅਤੇ ਸੰਘਰਸ਼ ਤੋਂ ਬਗੈਰ ਤੋੜਿਆ ਨਹੀਂ ਜਾ ਸਕਦਾ।
ਉਹਨਾ ਨੇ ਕਿਹਾ ਕਿ ਪੂੰਜੀਵਾਦੀ ਯੁਗ ਦੇ ਵਿਕਾਸ ਨੇ ਔਰਤ ਨੂੰ ਬੰਧਨਾਂ ਤੋਂ ਮੁਕਤ ਕਰਨ ਦੀ ਬਜਾਏ ਵਸਤੂਆਂ ਦੀ ਇਸ਼ਤਿਹਾਰਬਾਜ਼ੀ ਤੱਕ ਸੀਮਤ ਕਰ ਦਿੱਤਾ ਹੈ। ਗੈਰ ਸੰਗਠਿਤ ਖੇਤਰ ਵਿੱਚ ਔਰਤ ਵਰਕਰ ਇੱਕ ਸਸਤੀ ਮਜ਼ਦੂਰ ਹੈ, ਜਿਸ ਦਾ ਪ੍ਰਾਈਵੇਟ ਅਤੇ ਜਨਤਕ ਖੇਤਰ ਦੇ ਅਦਾਰਿਆਂ ਵੱਲੋਂ ਮਿਲ ਕੇ ਸ਼ੋਸ਼ਣ ਕੀਤਾ ਜਾ ਰਿਹਾ ਹੈ। ਉਸ ਨੂੰ ਘੱਟੋ ਘੱਟ ਉਜ਼ਰਤਾਂ ਨਹੀਂ ਦਿੱਤੀਆਂ ਜਾਂਦੀਆਂ, ਪ੍ਰਸੂਤਾ ਛੁੱਟੀ ਅਤੇ ਪੈਨਸ਼ਨ ਵੀ ਨਹੀਂ ਦਿੱਤੀ ਜਾਂਦੀ।
ਉਹਨਾ ਨੇ ਕਿਹਾ ਕਿ ਸਮਾਜਿਕ ਅਤੇ ਰਾਜਨੀਤਕ ਨਿਘਾਰ ਕਾਰਨ ਦੇਸ਼ ਭਰ ਵਿੱਚ ਛੋਟੀਆਂ ਬੱਚੀਆਂ ਤੋਂ ਲੈ ਕੇ ਹਰੇਕ ਉਮਰ ਦੀਆਂ ਔਰਤਾਂ ਖਿਲਾਫ ਜਿਨਸੀ ਛੇੜ ਛਾੜ ਅਤੇ ਤੇਜਾਬ ਸੁੱਟਣ ਤੋਂ ਲੈਕੇ ਬਲਾਤਕਾਰ ਤੱਕ ਦੀਆਂ ਘਟਨਾਵਾਂ ਮਹਿਜ਼ ਇੱਕ ਆਮ ਵਰਤਾਰਾ ਹੀ ਨਹੀਂ ਸਗੋਂ ਰਾਜਨੀਤਕ ਸ਼ਹਿ ਪ੍ਰਾਪਤ ਗੁੰਡਾਗਰਦੀ ਹੈ, ਜੋ ਕਿ ਇੱਕ ਬਿਮਾਰ ਸਮਾਜ ਦੇ ਲੱਛਣ ਹਨ। ਉਹਨਾ ਨੇ ਕਿਹਾ ਕਿ ਇਸ ਗਲੇ ਸੜੇ ਪ੍ਰਬੰਧ ਨੂੰ ਬਦਲਣ ਦੀ ਲੋੜ ਹੈ, ਜਿਸ ਲਈ ਸਮਾਜ ਦੇ ਸਾਰੇ ਅਗਾਂਹਵਧੂ ਔਰਤਾਂ ਅਤੇ ਮਰਦਾਂ ਨੂੰ ਆਪਣੇ ਆਰਥਿਕ ਮੰਗਾਂ ਮਸਲਿਆਂ ਦੇ ਨਾਲ ਨਾਲ ਕ੍ਰਾਂਤੀਕਾਰੀ ਸੰਘਰਸ਼ਾਂ ਨੂੰ ਮਿਲ ਕੇ ਲਾਮਬੰਦ ਕਰਨ ਦੀ ਲੋੜ ਹੈ।
ਕਨਵੈਨਸ਼ਨ ਵਿੱਚ ਰਣਜੀਤ ਦੁਲਾਰੀ, ਸਰਬਜੀਤ ਕੌਰ ਭੋਰਛੀ, ਮਨਜੀਤ ਕੌਰ ਢਪੱਈਆਂ ਅਤੇ ਹਰਜਿੰਦਰ ਕੌਰ ਗਹਿਰੀ ਤੋਂ ਇਲਾਵਾ ਡੀ.ਐਮ.ਐਫ. ਦੇ ਆਗੂ ਜਰਮਨਜੀਤ ਸਿੰਘ, ਅਸ਼ਵਨੀ ਅਵਸਥੀ, ਚਰਨਜੀਤ ਸਿੰਘ ਅਤੇ ਕਿਰਤੀ ਕਿਸਾਨ ਯੂਨੀਅਨ ਦੇ ਆਗੂ ਰਵਿੰਦਰ ਸਿੰਘ ਛੱਜਲਵੱਡੀ ਅਤੇ ਚੰਨਣ ਸਿੰਘ ਚੰਨਾਂ ਨੇ ਵੀ ਆਪਣੇ ਵਿਚਾਰ ਰੱਖੇ।