ਰਵੀ ਸੈਣ , ਬਰਨਾਲਾ 7 ਮਾਰਚ 2022
ਯੂਕਰੇਨ ਵਿੱਚ ਗੰਭੀਰ ਬੀਮਾਰੀ ਕਾਰਣ ਫ਼ੌਤ ਹੋਏ ਨੌਜਵਾਨ ਚੰਦਨ ਜਿੰਦਲ ਦੇ ਪਰਿਵਾਰ ਦਾ ਦੁੱਖ ਵੰਡਾਉਣ ਲਈ ਅੱਜ ਹਲਕੇ ਦੇ ਸਾਬਕਾ ਵਿਧਾਇਕ ਕੇਵਲ ਸਿੰਘ ਢਿੱਲੋਂ ਪਹੁੰਚੇ। ਕੇਵਲ ਸਿੰਘ ਢਿੱਲੋਂ ਨੇ ਚੰਦਨ ਜਿੰਦਲ ਦੇ ਪਿਤਾ ਸ਼ੀਸ਼ਨ ਕੁਮਾਰ ਅਤੇ ਪਰਿਵਾਰ ਨਾਲ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ। ਇਸ ਮੌਕੇ ਕੇਵਲ ਸਿੰਘ ਢਿੱਲੋਂ ਨੇ ਕਿਹਾ ਕਿ ਉਹ ਇਸ ਦੁੱਖ ਦੀ ਘੜੀ ਵਿੱਚ ਪੂਰੀ ਤਰਾਂ ਪਰਿਵਾਰ ਨਾਲ ਖੜ੍ਹੇ ਹਨ। ਉਨ੍ਹਾਂ ਕਿਹਾ ਕਿ ਨੌਜਵਾਨ ਉਮਰ ਵਿੱਚ ਇਕਲੌਤੇ ਪੁੱਤ ਦਾ ਵਿਛੋੜਾ ਮਾਪਿਆਂ ਲਈ ਅਸਹਿ ਹੁੰਦਾ ਹੈ। ਚੰਦਨ ਇੱਕ ਹੋਣਹਾਰ ਲੜਕਾ ਸੀ, ਜਿਸ ਦੀ ਮੌਤ ਨਾਲ ਉਸਦੇ ਪਰਿਵਾਰ ਹੀ ਨਹੀਂ ਬਲਕਿ ਸਾਡੇ ਸਮਾਜ ਨੂੰ ਵੀ ਬਹੁਤ ਵੱਡਾ ਘਾਟਾ ਪਿਆ ਹੈ। ਕੇਵਲ ਢਿੱਲੋਂ ਨੇ ਕੇਂਦਰ ਸਰਕਾਰ ਤੋਂ ਮੰਗ ਕਰਦਿਆਂ ਕਿਹਾ ਕਿ ਚੰਦਨ ਜਿੰਦਲ ਦੀ ਮ੍ਰਿਤਕ ਦੇਹ ਭਾਰਤ ਲਿਆਉਣ ਲਈ ਸਰਕਾਰ ਨੂੰ ਯਤਨ ਕਰਨੇ ਚਾਹੀਦੇ ਹਨ। ਇਸ ਮੌਕੇ ਬਰਨਾਲਾ ਹਲਕੇ ਤੋਂ ਭਾਜਪਾ ਦੇ ਉਮੀਦਵਾਰ ਧੀਰਜ ਕੁਮਾਰ ਦੱਧਾਹੂਰ, ਨੀਰਜ ਜਿੰਦਲ, ਕ੍ਰਿਸ਼ਨ ਗੋਪਾਲ, ਮਾਰਕਿਟ ਕਮੇਟੀ ਬਰਨਾਲਾ ਦੇ ਚੇਅਰਮੈਨ ਅਸ਼ੋਕ ਮਿੱਤਲ, ਨਗਰ ਕੌਂਸਲ ਬਰਨਾਲਾ ਦੇ ਮੀਤ ਪ੍ਰਧਾਨ ਨਰਿੰਦਰ ਗਰਗ ਨੀਟਾ, ਯੂਥ ਆਗੂ ਹਰਦੀਪ ਸਿੰਘ ਸੋਢੀ ਆਦਿ ਵੀ ਹਾਜ਼ਰ ਸਨ।