ਹਰਿੰਦਰ ਨਿੱਕਾ , ਬਰਨਾਲਾ, 7 ਮਾਰਚ 2022
ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿਚ ਲਾਇਆ ਜਾਣ ਵਾਲਾ ਸਾਲਾਨਾ ਪੰਜਾਬੀ ਲੋਕਧਾਰਾ ਮੇਲਾ ਇਸ ਵਾਰ ਬਰਨਾਲਾ ਜ਼ਿਲ੍ਹੇ ਦੇ ਪਿੰਡ ਪੱਖੋ ਕਲਾਂ ਵਿਚ ਲਾਇਆ ਗਿਆ। ਸੰਸਥਾ ਦੇ ਪ੍ਰਮੁੱਖ ਗੁਰਸੇਵਕ ਸਿੰਘ ਧੌਲਾ ਨੇ ਦੱਸਿਆ ਕਿ ਇਹ ਮੇਲਾ ਪੰਜਾਬੀ ਬੋਲੀ ਅਤੇ ਭਾਸ਼ਾ ਨੂੰ ਪ੍ਰਫੁਲਿਤ ਕਰਨ ਵਾਲੀ ਸੰਸਥਾ ਪੰਜਾਬੀ ਲੋਕਧਾਰਾ ਵੱਲੋਂ ਲਾਇਆ ਜਾਂਦਾ ਹੈ। ਇਸ ਵਾਰ ਸੇਂਟ ਬਚਨਪੁਰੀ ਇੰਟਰਨੈਸ਼ਨਲ ਸਕੂਲ ਪੱਖੋ ਕਲਾਂ ਵਿਚ ਲਾਏ ਗਏ ਮੇਲੇ ਵਿਚ ਦੇਸ਼-ਵਿਦੇਸ਼ਾਂ ਵਿਚੋਂ ਤਿੰਨ ਹਜ਼ਾਰ ਤੋਂ ਵੱਧ ਲੋਕਾਂ ਨੇ ਹਿੱਸਾ ਲਿਆ। ਇਸ ਮੇਲੇ ਦਾ ਅਰੰਭ ਸੇਂਟ ਬਚਨਪੁਰੀ ਸਕੂਲ ਦੇ ਬੱਚਿਆਂ ਵੱਲੋਂ ਗੁਰਬਾਣੀ ਦੇ ਸ਼ਬਦ ਕੀਰਤਨ ਨਾਲ ਕੀਤਾ ਗਿਆ। ਇਸ ਤੋਂ ਬਾਅਦ ਮੇਲਾ ਕਮੇਟੀ ਦੇ ਪ੍ਰਧਾਨ ਸੁਖਪਾਲ ਸਿੰਘ ਜੱਸਲ ਨੇ ਮੇਲੇ ਵਿਚ ਸ਼ਾਮਲ ਹੋਣ ਵਾਲੇ ਸਾਰੇ ਮੈਂਬਰਾਂ ਨੂੰ ਜੀ ਆਇਆਂ ਆਖਿਆ।
ਕੁਰੂਕਸ਼ੇਤਰ ਯੂਨੀਵਰਸਿਟੀ ਦੇ ਸਾਬਕਾ ਡੀਨ ਨਰਵਿੰਦਰ ਸਿੰਘ ਕੌਸ਼ਲ ਨੇ ਪੰਜਾਬੀ ਲੋਕਧਾਰਾ ਦੇ ਮੰਤਵ ਅਤੇ ਭਵਿੱਖ ਬਾਰੇ ਜਾਣਕਾਰੀ ਦਿੱਤੀ। ਪੰਜਾਬੀ ਲੋਕਧਾਰਾਈ ਸ਼ਾਸਤਰੀ ਭੁਪਿੰਦਰ ਸਿੰਘ ਖਹਿਰਾ ਸਾਬਕਾ ਪ੍ਰੋਫ਼ੈਸਰ, ਮੁਖੀ ਡਿਸਟੈਂਸ ਐਜੂਕੇਸ਼ਨ ਵਿਭਾਗ ਡੀਨ ਭਾਸ਼ਾਵਾਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਪੰਜਾਬੀ ਸਭਿਆਚਾਰ ਅਤੇ ਬੋਲੀ ਬਾਰੇ ਅਮੁੱਲੇ ਵਿਚਾਰ ਪੇਸ਼ ਕੀਤੇ। ਪ੍ਰਸਿੱਧ ਫਿਲਮੀ ਕਲਾਕਾਰ ਪੰਮੀ ਸਿੱਧੂ ਨੇ ਲੜਕੀਆਂ ਨੂੰ ਆਤਮ ਨਿਰਭਰ ਹੋਣ ਦੀ ਸਲਾਹ ਦਿੱਤੀ।
ਜਥੇਦਾਰ ਪ੍ਰਗਟ ਸਿੰਘ ਸੰਗੀਤਕ ਲਾਇਬਰੇਰੀ ਦੇ ਚੇਅਰਮੈਨ ਗੁਰਮੁਖ ਸਿੰਘ ਲਾਲੀ ਨੇ ਪੰਜਾਬੀ ਸੰਗੀਤ ਦੇ ਵਿਕਾਸ ਬਾਰੇ ਵਿਲੱਖਣ ਜਾਣਕਾਰੀ ਦਿੱਤੀ ਅਤੇ ਪੁਰਾਣੇ ਗਾਇਕਾਂ ਦੇ ਦੁਰਲੱਭ ਗੀਤਾਂ ਦੇ ਰਿਕਾਰਡਾਂ ਨੂੰ ਗਰਾਮੋਫ਼ੋਨ ਤੇ ਵਜਾ ਕੇ ਸੁਣਾਇਆ।
ਪ੍ਰਸਿੱਧ ਗਾਇਕਾਂ ਨਵਜੋਤ ਸਿੰਘ ਜਰਗ ਦੇ ਲੋਕ ਢਾਡੀ ਜਥੇ , ਗਾਇਕਾ ਗੁਰਲਗਨ , ਗਾਇਕਾ ਮੀਨੂ ਸਿੰਘ, ਸਦੀਕ ਖਾਨ ਰੂੜੇਕੇ, ਗੁਰਇਕਬਾਲ ਸਿੰਘ ਬਰਾੜ, ਕੁਲਵੰਤ ਰਿਖੀ, ਇੰਦਰ ਆਜ਼ਾਦ, ਹਰਗੁਣਜੀਤ ਸਿੰਘ ਆਦਿ ਗਾਇਕਾਂ ਨੇ ਗੀਤ ਗਾਏ। ਦਵਿੰਦਰ ਕੌਰ ਸਿੱਧੂ, ਪਰਮਿੰਦਰ ਪੈਮ ਅਤੇ ਦਵੀ ਸਿੱਧੂ ਨੇ ਲੋਕ ਗੀਤ, ਸੁਹਾਗ ਅਤੇ ਘੋੜੀਆਂ ਗਾਈਆਂ। ਸਰਬਜੀਤ ਸਿੰਘ ਮੌੜ ਵੱਲੋਂ ਕਵੀਸ਼ਰੀ ਪੇਸ਼ ਕੀਤੀ ਗਈ।
ਇਸ ਸੰਸਥਾ ਵੱਲੋਂ ਛਾਪੀਆਂ ਜਾਂਦੀਆਂ ਕਿਤਾਬਾਂ ਵਿਚ ਇਸ ਵਾਰ ਡਾ. ਹਰਦੀਪ ਕੌਰ ਸੰਧੂ ਦੀਆਂ ਦੋ ਕਿਤਾਬਾਂ ਹਾਇਕੂ ਤ੍ਰਿੰਞਣ ਅਤੇ ਰੰਗ ਸ਼ਹੂਦੀ ਤੋਂ ਇਲਾਵਾ ਦਵੀ ਸਿੱਧੂ ਦੀ ਕਿਤਾਬ ਮਾਂ ਕਹਿੰਦੀ, ਜਸਪ੍ਰੀਤ ਕੌਰ ਆਸਟ੍ਰੇਲੀਆ ਵੱਲੋਂ ਪੰਜਾਬੀ ਸਿੱਖਣ ਵਾਲੇ ਬੱਚਿਆਂ ਲਈ ਬਣਾਇਆ ਗਿਆ ਪੰਜਾਬੀ ਕਾਇਦਾ, ਮਹਿੰਦਰ ਸਿੰਘ ਰਾਹੀ ਦੀ ਕਿਤਾਬ ਵੀਰ ਗਾਥਾ, ਜਗਦੀਸ਼ ਕੌਰ ਦਾ ਕਿਸਾਨੀ ਅਖਾਣ ਕੋਸ਼, ਨਿਤਨੇਮ ਸਿੰਘ ਦੀ ਕਿਤਾਬ ਸੋਚਾਂ ਦੀ ਉਡਾਨ (ਸਦੋਕਾ), ਲੋਕ ਅਰਪਣ ਕੀਤੀਆਂ ਗਈਆਂ ਅਤੇ ਪੰਜਾਬੀ ਲੋਕਧਾਰਾ ਵੱਲੋਂ ਨਵੇਂ ਸਾਲ ਤੇ ਛਾਪਿਆ ਜਾਣ ਕੈਲੰਡਰ ਵੰਡਿਆ ਗਿਆ। ਭਾਸ਼ਾ ਵਿਭਾਗ ਬਰਨਾਲਾ ਅਤੇ ਹੋਰ ਕਿਤਾਬਾਂ ਦੀਆਂ ਸਟਾਲਾਂ ਲਾਈਆਂ ਗਈਆਂ ਜਿਸ ਵਿਚ ਵੱਡੀ ਗਿਣਤੀ ਵਿਚ ਕਿਤਾਬਾਂ ਵਿਕੀਆਂ।
ਜਗਤਾਰ ਸਿੰਘ ਸੋਖੀ ਦੀ ਅਗਵਾਈ ਵਿਚ ਸੋਹਣੀ ਲਿਖਾਈ ਦਾ ਮੁਕਾਬਲਾ ਕਰਵਾਇਆ ਗਿਆ ਜਿਸ ਵਿਚ ਹਿੱਸਾ ਲੈਣ ਵਾਲੇ ਬੱਚਿਆਂ ਦਾ ਸਨਮਾਨ ਕੀਤਾ ਗਿਆ। ਸਮਰਜੀਤ ਸਿੰਘ ਸੇਖਾ ਦੇ ਪ੍ਰਬੰਧ ਵਿਚ ਸੋਹਣੀ ਦਸਤਾਰ ਮੁਕਾਬਲੇ ਵਿਚ ਹਿੱਸਾ ਲੈਣ ਵਾਲੇ ਬੱਚਿਆਂ ਨੂੰ ਵਿਸ਼ੇਸ਼ ਇਨਾਮ ਦਿੱਤੇ ਗਏ।
ਰਵਨ ਖੋਸਾ ਵੱਲੋਂ ਪੰਜਾਬੀ ਰਹਿਤਲ ਦੇ ਚਿੱਤਰਾਂ ਦੀ ਪ੍ਰਦਰਸ਼ਨੀ, ਪਰਮਿੰਦਰ ਸਿੰਘ ਅਹਿਮਦਗੜ੍ਹ ਵੱਲੋਂ ਪੁਰਾਣੇ ਸਿੱਕਿਆਂ, ਹਥਿਆਰਾਂ ਅਤੇ ਹੋਰ ਪੁਰਾਤਨ ਰਹਿਤਲ ਨਾਲ ਸਬੰਧ ਰਖਦੀਆਂ ਚੀਜ਼ਾਂ ਦੀ ਨੁਮਾਇਸ਼ ਲਾਈ ਗਈ ਅਤੇ ਜਥੇਦਾਰ ਗੁਲਜ਼ਾਰ ਸਿੰਘ ਕੱਟੂ ਅਤੇ ਖੇਤੀ ਵਿਰਾਸਤ ਕੱਟੂ ਵੱਲੋਂ ਖੇਤੀ ਸੰਦਾਂ ਦੀਆਂ ਨੁਮਾਇਸ਼ਾਂ ਲਾਈਆਂ ਗਈਆਂ ਅਤੇ ਸਬਜ਼ੀਆਂ ਦੇ ਬੀਜ ਵੰਡੇ ਗਏ । ਕੁਦਰਤੀ ਖੇਤੀ ਬਾਰੇ ਜਾਣਕਾਰੀ ਦੀਆਂ ਸਟਾਲਾਂ ਲਾਈਆਂ ਗਈਆਂ ਜਿਸ ਨੂੰ ਦੇਸ਼ ਵਿਦੇਸ਼ ਤੋਂ ਆਏ ਲੋਕਧਾਰਾ ਦੇ ਮੈਂਬਰਾਂ ਨੇ ਅਨੰਦ ਮਾਣਿਆ। ਮੇਲੇ ਦੇ ਅਖੀਰ ਵਿਚ ਸੇਂਟ ਬਚਨਪੁਰੀ ਇੰਟਰਨੈਸ਼ਨਲ ਸਕੂਲ ਪੱਖੋ ਕਲਾਂ ਦੀ ਪ੍ਰਬੰਧਕ ਕਮੇਟੀ ਦੀ ਪ੍ਰਧਾਨ ਬਬਲੀ ਖੀਪਲ ਪ੍ਰਿੰਸੀਪਲ ਅਮਨਦੀਪ ਕੌਰ ਨੇ ਮੇਲੇ ਵਿਚ ਪੁੱਜਣ ਵਾਲੇ ਸਾਰੇ ਲੋਕਾਂ ਦਾ ਧੰਨਵਾਦ ਕੀਤਾ ਅਤੇ ਅੱਗੇ ਤੋਂ ਵੀ ਸਹਿਯੋਗ ਦੇਣ ਦਾ ਵਾਅਦਾ ਕੀਤਾ। ਮੇਲਾ ਕਮੇਟੀ ਵੱਲੋਂ ਸੇਂਟ ਬਚਨਪੁਰੀ ਇੰਟਰਨੈਸ਼ਨਲ ਸਕੂਲ ਪੱਖੋ ਕਲਾਂ ਦਾ ਧੰਨਵਾਦ ਕੀਤਾ।