ਰਾਮ ਗੋਪਾਲ ਨੇ ਕਿਹਾ, ਨਾ ਮੁੜੀ ਪਤਨੀ ਤਾਂ 2 ਬੱਚਿਆਂ ਸਣੇ ਆਤਮ ਹੱਤਿਆ ਕਰਨ ਲਈ ਹੋਵਾਂਗਾ ਮਜਬੂਰ
ਹਰਿੰਦਰ ਨਿੱਕਾ , ਬਰਨਾਲਾ 5 ਮਾਰਚ 2022
ਸ਼ਹਿਰ ਦੀ ਲੱਖੀ ਕਲੋਨੀ ਇਲਾਕੇ ਵਿੱਚ ਕਿਰਾਏ ਦੇ ਮਕਾਨ ‘ਚ ਰਹਿੰਦੇ ਉਤਰਾਖੰਡ ਮੂਲ ਦੇ ਵਾਸੀ ਰਾਮ ਗੋਪਾਲ ਦੀ ਘਰਵਾਲੀ , ਪਹਿਲੀ ਮਾਰਚ ਨੂੰ ਦੋ ਛੋਟੇ ਛੋਟੇ ਨਿਆਣਿਆਂ ਨੂੰ ਛੱਡ ਕੇ ਆਪਣੇ ਆਸ਼ਿਕ ਨਾਲ ਫਰਾਰ ਹੋ ਗਈ। ਜਦੋਂਕਿ ਰਾਮ ਗੋਪਾਲ ਉਸੇ ਦਿਨ ਤੋਂ ਭੁੱਖਣ ਭਾਣਾ ਆਪਣੇ ਬੱਚਿਆਂ ਨੂੰ ਲੈ ਕੇ ਆਪਣੀ ਪਤਨੀ ਰਜਨੀ ਦੇਵੀ ਨੂੰ ਲੱਭਣ ਲਈ ਦਰ ਦਰ ਦੀਆਂ ਠੋਕਰਾਂ ਖਾਣ ਨੂੰ ਮਜਬੂਰ ਹੈ।
ਰਾਮ ਗੋਪਾਲ ਦਾ ਕਹਿਣਾ ਹੈ ਕਿ ਉਸ ਨੇ ਥਾਣਾ ਸਿਟੀ 2 ਬਰਨਾਲਾ ਵਿਖੇ ਇਸ ਘਟਨਾ ਸਬੰਧੀ ਸ਼ਕਾਇਤ ਵੀ ਦਿੱਤੀ ਹੈ, ਪਰ ਕੋਈ ਸੁਣਵਾਈ ਨਹੀਂ ਹੋਈ। ਹੁਬਕੀ ਹੁਬਕੀ ਰੋਂਦਿਆਂ ਰਾਮ ਗੋਪਾਲ ਪੁੱਤਰ ਦੀਪ ਨਰਾਇਣ , ਉਤਰਾਖੰਡ ਹਾਲ ਵਾਸੀ ਲੱਖੀ ਕਲੋਨੀ ਬਰਨਾਲਾ ਨੇ ਦੱਸਿਆ ਕਿ ਉਹ ਸ਼ਹਿਰ ਦੇ ਇੱਕ ਨਾਮੀ ਹੋਟਲ ਤੇ ਨੌਕਰੀ ਕਰਦਾ ਸੀ ਅਤੇ ਕਿਰਾਏ ਦੇ ਮਕਾਨ ਵਿੱਚ ਆਪਣੀ ਪਤਨੀ ਤੇ ਬੱਚਿਆਂ ਸਣੇ ਖੁਸ਼ੀ ਖੁਸ਼ੀ ਜੀਣ ਗੁਜ਼ਾਰਾ ਕਰਦਾ ਸੀ। ਇਸੇ ਦੌਰਾਨ ਉਸ ਦੀ ਦੋਸਤੀ ਸ਼ਹਿਰ ਦੀ ਇੱਕ ਬੇਕਰੀ ਤੇ ਕੰਮ ਕਰਦੇ ਨੌਜਵਾਨ ਦੀਪਕ ਰਾਜਸਥਾਨੀ ਨਾਲ ਹੋ ਗਈ। ਜਿਹੜਾ ਪਹਿਲਾਂ ਮੇਰੇ ਨਾਲ ਤੇ ਫਿਰ ਮੈਥੋਂ ਚੋਰਿਉਂ , ਗੈਰਹਾਜ਼ਰੀ ਵਿੱਚ ਮੇਰੇ ਘਰ ਆਉਣ ਲੱਗ ਪਿਆ। ਉਸ ਨੇ ਮੇਰੀ ਦੋਸਤੀ ਦੀ ਆੜ ਵਿੱਚ ਮੇਰੀ ਪਤਨੀ ਨਾਲ ਨਜ਼ਾਇਜ ਸਬੰਧ ਕਾਇਮ ਕਰ ਲਏ। ਇਸ ਸਬੰਧੀ, ਜਦੋਂ ਮੈਨੂੰ ਸ਼ੱਕ ਹੋਣ ਲੱਗਿਆ ਤਾਂ ਦੋਵਾਂ ਨੇ ਸੌਹਾਂ ਖਾ ਕੇ ਭਰੋਸਾ ਦਿਵਾਇਆ ਕਿ ਉਨਾਂ ਵਿੱਚ ਕੋਈ ਗਲਤ ਰਿਸ਼ਤਾ ਨਹੀਂ ਹੈ। ਆਖਿਰ ਉਹੀ ਹੋਇਆ, ਜਿਸ ਦਾ ਮੈਨੂੰ ਸ਼ੱਕ ਸੀ, ਸ਼ਿਵਰਾਤਰੀ ਦੇ ਦਿਨ ਦੀਪਕ ਮੇਰੀ ਘਰਵਾਲੀ ਨੂੰ ਲੈ ਕੇ ਫਰਾਰ ਹੋ ਗਿਆ। ਜਦੋਂ ਕਿ ਘਰ ਵਿੱਚ ਨਿਆਣੇ ਭੁੱਖੇ ਭਾਣੇ ਆਪਣੀ ਮਾਂ ਨੂੰ ਵਿਲਕਦੇ ਹਨ।
ਰਾਮ ਗੋਪਾਲ ਨੇ ਕਿਹਾ ਕਿ ਮੈਂ ਉਸ ਦਿਨ ਤੋਂ ਹੀ ਕੁੱਝ ਖਾਧਾ ਪੀਤਾ ਵੀ ਨਹੀਂ ਹੈ, ਮੈਨੂੰ ਸਮਝ ਨਹੀਂ ਆਉਂਦਾ ਕਿ ਮੈਂ ਬੱਚਿਆਂ ਨੂੰ ਸੰਭਾਲਾਂ ਜਾਂ ਆਪਣੀ ਪਤਨੀ ਨੂੰ ਕਿੱਥੋਂ ਲੱਭ ਕਿ ਲਿਆਵਾਂ, ਰਾਮ ਗੋਪਾਲ ਨੇ ਕਿਹਾ ਕਿ ਮੈਂ ਹੁਣ ਆਪਣੇ ਰੋਂਦੇ ਬੱਚਿਆਂ ਨੂੰ ਬਹੁਤੀ ਦੇਰ ਨਹੀਂ ਵੇਖ ਸਕਦਾ। ਉਸ ਨੇ ਦੋਸ਼ ਲਾਇਆ ਕਿ ਦੀਪਕ ਦਾ ਭਰਾ ਮੈਨੂੰ ਧਮਕੀਆਂ ਦੇ ਰਿਹਾ ਹੈ ਕਿ ਤੂੰ ਜੋ ਮਰਜੀ ਕਰ ਲੈ, ਅਸੀਂ ਰਜਨੀ ਨੂੰ ਨਹੀਂ ਛੱਡਾਂਗੇ। ਪੁਲਿਸ ਨੂੰ ਸ਼ਕਾਇਤ ਦਿੱਤੀ ਨੂੰ ਵੀ 5 ਦਿਨ ਬੀਤ ਗਏ ਹਨ। ਪਰ ਹਾਲੇ ਤੱਕ ਕੋਈ ਕਾਰਵਾਈ ਨਹੀਂ ਹੋਈ। ਰਾਮ ਗੋਪਾਲ ਨੇ ਪੁਲਿਸ ਨੁੰ ਗੁਹਾਰ ਲਗਾਈ ਕਿ ਉਹ ਕਿਸੇ ਢੰਗ ਨਾਲ , ਉਸ ਦੀ ਬੱਚੇ ਛੱਡ ਕੇ ਘਰੋਂ ਬਿਨਾਂ ਦੱਸੇ ਹੀ ਫਰਾਰ ਹੋਈ ਪਤਨੀ ਦੀ ਤਲਾਸ਼ ਲਈ, ਕੋਈ ਯਤਨ ਕਰਨ। ਉਸ ਨੇ ਭਰੇ ਮਨ ਨਾਲ ਕਿਹਾ ਕਿ ਜੇਕਰ ਮੇਰੀ ਪਤਨੀ ਘਰ ਨਾ ਆਈ ਤਾਂ ਮੈਂ ਆਪਣੇ ਬੱਚਿਆਂ ਸਣੇ, ਕੋਈ ਜਹਿਰੀਲੀ ਚੀਜ਼ ਖਾ ਕੇ ਆਤਮ ਹੱਤਿਆ ਕਰਨ ਲਈ ਮਜਬੂਰ ਹੋਵਾਂਗਾ। ਥਾਣਾ ਸਿਟੀ 2 ਬਰਨਾਲਾ ਦੇ ਐਸ.ਐਚ.ਉ ਮੁਨੀਸ਼ ਕੁਮਾਰ ਨੇ ਕਿਹਾ ਕਿ ਅਸੀਂ ਘਟਨਾ ਸਬੰਧੀ ਸਾਰੇ ਥਾਣਿਆਂ ਨੂੰ ਸੂਚਿਤ ਕਰ ਦਿੱਤਾ ਹੈ,ਪੁਲਿਸ ਉਚਿਤ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆ ਰਹੀ ਹੈ।