ਬਿਕਰਮ ਚਾਹਲ ਨੇ ਖੁਸ਼ਹਾਲ ਕਿਸਾਨ ਅਤੇ ਖੁਸ਼ਹਾਲ ਪੰਜਾਬ ਦਾ ਦਿੱਤਾ ਨਾਅਰਾ
- ਹਲਕਾ ਸਨੌਰ ਦੇ ਵੱਖ ਵੱਖ ਪਿੰਡਾਂ ਵਿੱਚ ਕੀਤੀਆਂ ਚੋਣ ਮੀਟਿੰਗਾਂ
ਰਿਚਾ ਨਾਗਪਾਲ, ਪਟਿਆਲਾ, 6 ਫਰਵਰੀ:2022
ਵਿਧਾਨ ਸਭਾ ਹਲਕਾ ਸਨੋਰ ਤੋ ਪੰਜਾਬ ਲੋਕ ਕਾਂਗਰਸ, ਭਾਜਪਾ ਅਤੇ ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਦੇ ਸਾਂਝੇ ਉਮੀਦਵਾਰ ਬਿਕਰਮ ਚਾਹਲ ਨੇ ਸਨੌਰ ਹਲਕੇ ਦੇ ਪਿੰਡਾਂ ਜਿਵੇਂ ਕਿ ਦੌਣ ਕਲਾਂ, ਬੋਹੜਪੁਰ ਜ਼ਨਹੇੜੀਆਂ, ਭਟੇੜੀ ਕਲਾਂ, ਦੌਣ ਖੁਰਦ, ਰੀਠਖੇੜੀ, ਸੁਨਿਆਰਹੇੜੀ, ਪਨੌਦੀਆ, ਮੁਹੱਬਤਪੁਰ, ਸ਼ੰਕਰਪੁਰ, ਕੌਲ, ਬੀੜ ਕੌਲੀ, ਧਰੇੜੀ ਜੱਟਾਂ, ਰਿਸ਼ੀ ਕਲੋਨੀ ਅਤੇ ਪਿੰਡ ਚੌਰਾ ਵਿਖੇ ਵੱਖ- ਵੱਖ ਮੀਟਿੰਗਾਂ ਨੂੰ ਸੰਬੋਧਨ ਕਰਦੇ ਹੋਏ ਖੁਸ਼ਹਾਲ ਕਿਸਾਨ ਅਤੇ ਖੁਸ਼ਹਾਲ ਪੰਜਾਬ ਦਾ ਨਾਅਰਾ ਦਿੱਤਾ। ਇਸ ਮੌਕੇ ਉਨਾਂ ਨੇ ਕਿਹਾ ਕੀ ਕੇਂਦਰ ਸਰਕਾਰ ਵੱਲੋਂ ਦਿੱਤੀ ਜਾ ਰਹੀ ਐਮ.ਐਸ.ਪੀ ਵਿਵਸਥਾ ਦਾ ਵਿਸਥਾਰ ਕਰਦੇ ਹੋਏ ਫਲਾਂ, ਸਬਜ਼ੀਆਂ, ਦਾਲਾਂ ਅਤੇ ਤੇਲ ਬੀਜਾਂ ਦਾ ਉਤਪਾਦਨ ਕਰਨ ਵਾਲੇ ਕਿਸਾਨਾਂ ਲਈ ਵੀ ਘੱਟੋ-ਘੱਟ ਸਮਰਥਨ ਯਕੀਨੀ ਬਣਾਇਆ ਜਾਵੇਗਾ। ਫਸਲੀ ਵਿਭਿੰਨਤਾ ਅਤੇ ਟਿਕਾਊ ਖੇਤੀ ਨੂੰ ਉਤਸ਼ਾਹਤ ਕਰਨ ਲਈ 5000 ਕਰੋੜ ਰੁਪਏ ਦਾ ਸਾਲਾਨਾ ਬਜਟ ਮਨਜੂਰ ਕੀਤਾ ਜਾਵੇਗਾ। ਪੰਜ ਏਕੜ ਤੋਂ ਘੱਟ ਜ਼ਮੀਨ ਵਾਲੇ ਸਾਰੇ ਕਿਸਾਨਾਂ ਦਾ ਖੇਤੀ ਕਰਜਾ ਮਾਫ ਕਰਾਂਗੇ। ਬੇ ਜਮੀਨੇ ਕਿਸਾਨਾਂ ਨੂੰ ਕਾਸ਼ਤ ਲਈ ਇੱਕ ਲੱਖ ਏਕੜ ਸ਼ਾਮਲਾਟ ਜ਼ਮੀਨ ਅਲਾਟ ਕੀਤੀ ਜਾਵੇਗੀ। ਪ੍ਰਧਾਨ ਮੰਤਰੀ ਕਿਸਾਨ ਸੰਮਾਂਨ ਯੋਜਨਾ ਦੀ ਤਰਜ ਤੇ ਹਰੇਕ ਬੇ ਜ਼ਮੀਨੇ ਕਿਸਾਨ ਨੂੰ ਸਾਲਾਨਾ ਵਿੱਤੀ ਸਹਾਇਤਾ ਦਿੱਤੀ ਜਾਵੇਗੀ। ਅਧੂਰੇ ਸਿੰਚਾਈ ਪ੍ਰਾਜੈਕਟਾਂ ਨੂੰ ਪਹਿਲ ਅਧਾਰ ਤੇ ਪੂਰਾ ਕੀਤਾ ਜਾਵੇਗਾ ਅਤੇ ਪ੍ਰਧਾਨ ਮੰਤਰੀ ਕ੍ਰਿਸ਼ੀ ਸਿੰਚਾਈ ਯੋਜਨਾ ਦੇ ਤਹਿਤ ਨਵੇਂ ਸਿੰਚਾਈ ਪ੍ਰਾਜੈਕਟ ਸ਼ੁਰੂ ਕੀਤੇ ਜਾਣਗੇ।