ਸ੍ਰੀ ਰਾਮ ਮੰਦਰ ਨਿਰਮਾਣ ਲਈ 10 ਰੁਪਏ ਦਾ ‘ਚੰਦਾ’ ਦੇਣ ਤੋਂ ਇੰਨਕਾਰ ਕਰਨ ਵਾਲੇ ਸ੍ਰੀ ਪਵਨ ਕੁਮਾਰ ਬਾਂਸਲ ਦੇ ਬੇਟੇ ਨੂੰ ਵੋਟ ਦੇਵੇਗਾ ਬਰਨਾਲਾ ਦਾ ‘ਹਿੰਦੂ’ ਭਾਈਚਾਰਾ !
ਜਗਸੀਰ ਸਿੰਘ ਚਹਿਲ , ਬਰਨਾਲਾ, 6 ਫਰਵਰੀ 2022
ਸ੍ਰੀ ਰਾਮ ਮੰਦਰ ਨਿਰਮਾਣ ਲਈ ਚੰਦੇ ਦੇ ਰੂਪ ਵਿੱਚ 10 ਰੁਪਏ ਦੇਣ ਤੋਂ ਸਾਫ਼ ਇੰਨਕਾਰ ਕਰਨ ਸਬੰਧੀ ਸਾਬਕਾ ਕੇਂਦਰੀ ਮੰਤਰੀ ਸ੍ਰੀ ਪਵਨ ਕੁਮਾਰ ਬਾਂਸਲ ਵੱਲੋਂ ਦਿੱਤੇ ਬਿਆਨ ਦੀ ਇੱਕ ਹਿੰਦੀ ਅਖਬਾਰ ਵਿੱਚ ਕਰੀਬ ਇੱਕ ਵਰ੍ਹਾ ਪਹਿਲਾਂ ਪ੍ਰਕਾਸ਼ਿਤ ਹੋਈ ਖਬਰ ਸ਼ੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਖਬਰ ਨੇ ਇੱਕ ਵਾਰ ਬਾਂਸਲ ਪਰਿਵਾਰ ਨੂੰ ਹਿੰਦੂ ਭਾਈਚਾਰੇ ਦੇ ਕਟਿਹਰੇ ਵਿੱਚ ਖੜ੍ਹਾ ਕਰ ਦਿੱਤਾ ਹੈ। ਵਰਨਣਯੋਗ ਹੈ ਕਿ ਵਾਇਰਲ ਖਬਰ ਵਿੱਚ ਪਵਨ ਬਾਂਸਲ ਦਾ ਬਿਆਨ ਹੈ ਕਿ ਉਹਨਾਂ ਸ਼੍ਰੀ ਰਾਮ ਮੰਦਿਰ ਦੇ ਨਿਰਮਾਣ ਲਈ ਚੰਦਾ ਮੰਗਣ ਵਾਲਿਆਂ ਨੂੰ ਚੰਦਾ ਦੇਣ ਤੋਂ ਇਨਕਾਰ ਕਰ ਦਿੱਤਾ ਸੀ । ਹੁਣ ਪਵਨ ਬਾਂਸਲ ਦਾ ਬੇਟਾ ਮਨੀਸ਼ ਬਾਂਸਲ ,ਬਰਨਾਲਾ ਹਲਕੇ ਤੋਂ ਉਮੀਦਵਾਰ ਦੇ ਰੂਪ ਵਿੱਚ ਬਰਨਾਲਾ ਅੰਦਰ ਹਿੰਦੂ ਚੇਹਰੇ ਦੇ ਰੂਪ ਵਿੱਚ ਵੋਟ ਮੰਗ ਰਿਹਾ ਹੈ। ਪਰ ਲੰਬੇ ਸਮੇਂ ਦੀ ਜੱਦੋਜਹਿਦ ਤੋਂ ਬਾਅਦ ਹਿੰਦੂ ਭਾਈਚਾਰੇ ਦੀ ਆਸਥਾ ਦੇ ਪ੍ਰਤੀਕ ਆਯੋਧਿਆ ਅੰਦਰ ਬਣਨ ਵਾਲੇ ਸ੍ਰੀ ਰਾਮ ਮੰਦਰ ਦੇ ਨਿਰਮਾਣ ਲਈ ਚੰਦਾ ਦੇਣ ਤੋਂ ਸਾਫ਼ ਇੰਨਕਾਰ ਕਰ ਦੇਣ ਵਾਲੇ ਬਾਂਸਲ ਪਰਿਵਾਰ ਨੂੰ ਬਰਨਾਲਾ ਦਾ ਹਿੰਦੂ ਭਾਈਚਾਰਾ ਸਿਆਸੀ ਹੁੰਗਾਰਾ ਦੇਵੇਗਾ , ਇਹ ਸਮੇਂ ਦੇ ਗਰਭ ਵਿੱਚ ਲੁਕਿਆ ਹੋਇਆ ਹੈ। ਦੱਸਣਾ ਬਣਦਾ ਹੈ ਕਿ ਆਯੋਧਿਆ ਅੰਦਰ ਬਣਨ ਜਾ ਰਹੇ ਸ੍ਰੀ ਰਾਮ ਮੰਦਰ ਲਈ ਹਿੰਦੂ ਭਾਈਚਾਰੇ ਵਲੋਂ ਦੇਸ ਭਰ ਅੰਦਰੋਂ ਚੰਦੇ ਦੇ ਰੂਪ ਵਿੱਚ ਫੰਡ ਇਕੱਠਾ ਕੀਤਾ ਜਾ ਰਿਹਾ ਸੀ। ਇਸ ਕਾਰਜ ਲਈ ਉਹਨਾ ਵਲੋਂ ਘੱਟ ਤੋਂ ਘੱਟ 10 ਰੁਪਏ ਦਾ ਫੰਡ ਰੱਖਿਆ ਗਿਆ ਸੀ, ਤਾਂ ਜੋ ਸ੍ਰੀ ਰਾਮ ਮੰਦਰ ਦੀ ਉਸਾਰੀ ਵਿੱਚ ਹਰ ਗਰੀਬ ਪਰਿਵਾਰ ਦਾ ਵੀ ਯੋਗਦਾਨ ਪੈ ਸਕੇ। ਉੱਧਰ ਭਾਜਪਾ ਦੇ ਉਮੀਦਵਾਰ ਧੀਰਜ ਦੱਧਾਹੂਰ ਨੇ ਚੋਣ ਸਭਾ ਨੂੰ ਸੰਬੋਧਨ ਕਰਦਿਆਂ ਚੰਦਾ ਨਾ ਦੇਣ ਦੇ ਮੁੱਦੇ ਨੂੰ ਉਭਾਰਦਿਆਂ ਕਿਹਾ ਕਿ ਸ਼੍ਰੀ ਰਾਮ ਮੰਦਿਰ ਨਿਰਮਾਣ ਸਮੂਹ ਹਿੰਦੂ ਸਮਾਜ ਲਈ ਗੌਰਵ ਦਾ ਪ੍ਰਤੀਕ ਹੈ, ਕੋਈ ਵਿਅਕਤੀ ਕਿਸੇ ਵੀ ਰਾਜਸੀ ਪਾਰਟੀ ਜਾਂ ਵਿਚਾਰਧਾਰਾ ਨਾਲ ਸਬੰਧਿਤ ਹੋਵੇ, ਹਰ ਸੱਚੇ ਹਿੰਦੂ ਦੀ ਆਸਥਾ ਸ਼੍ਰੀ ਰਾਮ ਜਨਮ ਭੂਮੀ ਨਾਲ ਜੁੜੀ ਹੋਈ ਹੈ। ਉਨ੍ਹਾਂ ਮਨੀਸ਼ ਬਾਂਸਲ ਦੇ ਪਿਤਾ ਅਤੇ ਸਾਬਕਾ ਕੇਂਦਰੀ ਰੇਲ ਮੰਤਰੀ ਪਵਨ ਬਾਂਸਲ ਤੇ ਨਿਸ਼ਾਨਾ ਵਿੰਨਦਿਆਂ ਕਿਹਾ ਕਿ ਉਹ ਹਿੰਦੂ ਹੋਣ ਦੀ ਗੱਲ ਆਖ ਕੇ ਹਿੰਦੂ ਸਮਾਜ ਦੀ ਵੋਟ ਤਾਂ ਲੈਣਾ ਚਾਹੁੰਦੇ ਹਨ,ਪਰ ਸ਼੍ਰੀ ਰਾਮ ਮੰਦਿਰ ਲਈ 10 ਰੁਪਏ ਵੀ ਚੰਦਾ ਦੇਣ ਤੋਂ ਸੈਕੂਲਰ ਹੋਣ ਦੀ ਦਲੀਲ ਦੇ ਕੇ ਨਾਂਹ ਕਰਨ ਵਾਲੇ ਪਰਿਵਾਰ ਨੂੰ ਹੁਣ ਹਿੰਦੂ ਹੋਣ ਦਾ ਹਵਾਲਾ ਦੇ ਕੇ ਵੋਟ ਮੰਗਣ ਤੋਂ ਵੀ ਗੁਰੇਜ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਹਿੰਦੂ ਸਮਾਜ ਅੰਦਰ ਬਾਂਸਲ ਪਰਿਵਾਰ ਵੱਲੋਂ ਸ਼੍ਰੀ ਰਾਮ ਮੰਦਿਰ ਲਈ ਇੱਕ ਰੁਪਏ ਚੰਦਾ ਨਾ ਦੇਣ ਦੀ ਗੱਲ ਸਾਹਮਣੇ ਆਉਣ ਤੋਂ ਬਾਅਦ ਕਾਫੀ ਰੋਸ ਪਾਇਆ ਜਾ ਰਿਹਾ ਹੈ।
ਪਰੰਤੂ ਬੀਤੀ 2 ਫਰਵਰੀ 2021 ਨੂੰ ਰਾਜਸਥਾਨ ਦੇ ਜੈਪੁਰ ਸਹਿਰ ਅੰਦਰ ਕਾਂਗਰਸ ਪਾਰਟੀ ਇੱਕ ਮੀਟਿੰਗ ਵਿੱਚ ਸਾਮਿਲ ਹੋਣ ਪਹੁੰਚੇ ਨੈਸਨਲ ਕਾਂਗਰਸ ਦੇ ਖਜਾਨਚੀ ਸਾਬਕਾ ਕੇਂਦਰੀ ਮੰਤਰੀ ਸ੍ਰੀ ਪਵਨ ਕੁਮਾਰ ਬਾਂਸਲ ਵਲੋਂ ਇੱਕ ਪ੍ਰੈਸ ਕਾਂਨਫਰੰਸ ਦੌਰਾਨ ਰਾਜਸਥਾਨ ਦੇ ਮੁੱਖ ਮੰਤਰੀ ਸ੍ਰੀ ਅਸੋਕ ਗਹਿਲੋਤ ਅਤੇ ਰਾਜਸਥਾਨ ਕਾਂਗਰਸ ਦੇ ਪ੍ਰਧਾਨ ਸ੍ਰੀ ਗੋਬਿੰਦ ਸਿੰਘ ਡਾਟ ਸਰਾ ਦੀ ਹਾਜ਼ਰੀ ਵਿੱਚ ਕਿਹਾ ਸੀ ਕਿ ਆਯੋਧਿਆ ਅੰਦਰ ਬਣਨ ਜਾ ਰਹੇ, ਸ੍ਰੀ ਰਾਮ ਮੰਦਰ ਲਈ ਕੁਝ ਲੋਕ ਉਹਨਾ ਕੋਲ ਚੰਦਾ ਲੈਣ ਆਏ ਸੀ। ਪਰ ਉਹਨਾ ਵਲੋਂ ਇਸ ਲਈ ਚੰਦਾ ਨਹੀਂ ਦਿੱਤਾ ਸੀ।
ਦੂਜੇ ਪਾਸੇ ਹਿੰਦੂ ਸੀਟ ਦਾ ਪੱਤਾ ਖੇਡ ਕੇ ਕਾਂਗਰਸ ਦੀ ਟਿਕਟ ਲੈ ਕੇ ਬਰਨਾਲਾ ਅੰਦਰ ਸ੍ਰੀ ਪਵਨ ਬਾਂਸਲ ਅਤੇ ਉਹਨਾ ਦਾ ਸਮੁੱਚਾ ਪਰਿਵਾਰ ਆਪਣੇ ਆਪ ਨੂੰ ਸੱਚਾ ਹਿੰਦੂ ਦਰਸਾ ਕੇ ਹਿੰਦੂ ਭਾਈਚਾਰੇ ਤੋਂ ਵੋਟਾਂ ਮੰਗ ਰਿਹਾ ਹੈ। ਚੰਡੀਗੜ੍ਹ ਤੋਂ ਤਿੰਨ ਵਾਰ ਮੈਂਬਰ ਪਾਰਲੀਮੈਂਟ ਮੈਂਬਰ ਬਣਨ ਤੋਂ ਬਾਅਦ ਲਗਾਤਾਰ ਦੋ ਚੋਣਾਂ ਹਾਰ ਕੇ ਬਰਨਾਲਾ ਵਿਧਾਨ ਸਭਾ ਹਲਕੇ ਤੋਂ ਕਿਸਮਤ ਅਜਮਾਉਣ ਪਹੁੰਚੇ ਸ੍ਰੀ ਪਵਨ ਕੁਮਾਰ ਬਾਂਸਲ ਦੇ ਪਰਿਵਾਰ ਨੂੰ ਬਰਨਾਲਾ ਦਾ ਹਿੰਦੂ ਭਾਈਚਾਰਾ ਆਉਣ ਵਾਲੇ ਦਿਨਾ ਦੌਰਾਨ ਕਿੰਨਾਂ ਕੁ ਸਹਿਯੋਗ ਦੇਵੇਗਾ,ਇਹ ਗੱਲ ਆਉਣ ਵਾਲੇ ਦਿਨਾਂ ਵਿੱਚ ਸਾਫ ਹੋਵੇਗਾ। ਸ਼੍ਰੀ ਰਾਮ ਮੰਦਿਰ ਨਿਰਮਾਣ ਲਈ ਚੰਦਾ ਦੇਣ ਤੋਂ ਨਾਂਹ ਕਰਨ ਸਬੰਧੀ ਸ਼ੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ, ਇੱਕ ਵੱਡੇ ਹਿੰਦੀ ਅਖਬਾਰ ਵਿੱਚ ਪ੍ਰਕਾਸ਼ਿਤ ਖਬਰ ਨੇ ਫਿਲਹਾਲ ਮੌਜੂਦਾ ਸਮੇਂ ਕਾਂਗਰਸੀ ਉਮੀਦਵਾਰ ਦੀ ਸਿਆਸੀ ਹਾਲਤ ਬੇਹੱਦ ਪਤਲੀ ਕਰ ਦਿੱਤੀ ਹੈ।