25 ਵਰ੍ਹੇ ਪਹਿਲਾਂ ਕੀਤੇ ਵਾਅਦੇ ਇੱਕ ਵਾਰ ਫਿਰ ਦੁਹਰਾਏ
1997 ਦੇ ਕਾਰਜਕਾਲ ਦੌਰਾਨ ਸ: ਪ੍ਰਕਾਸ ਸਿੰਘ ਬਾਦਲ ਵਲੋਂ ਬਤੌਰ ਮੁੱਖ ਮੰਤਰੀ ਧਨੌਲਾ ਵਾਸੀਆਂ ਨਾਲ ਕੀਤੇ ‘ਲੜਕੀਆਂ ਦਾ ਕਾਲਜ’ ਵਾਅਦੇ ਨੂੰ ਸੁਖਬੀਰ ਸਿੰਘ ਬਾਦਲ ਨੇ ਮੁੜ ਦੁਹਰਾਇਆ
ਹਰਿੰਦਰ ਨਿੱਕਾ , ਬਰਨਾਲਾ, 29 ਜਨਵਰੀ 2022
ਭਾਰਤੀ ਚੋਣ ਕਮਿਸ਼ਨ ਵਲੋਂ ਵਿਧਾਨ ਸਭਾ ਚੋਣਾਂ ਦੇ ਸੰਬੰਧ ਵਿੱਚ ਜਾਰੀ ਹਿਦਾਇਤਾਂ ਨੂੰ ਅੱਖੋਂ ਪਰੋਖੇ ਕਰ ਕੇ ਸ੍ਰੋਮਣੀ ਅਕਾਲੀ ਦਲ (ਬ) ਦੇ ਹਲਕਾ ਬਰਨਾਲਾ ਤੋਂ ਉਮੀਦਵਾਰ ਕੁਲਵੰਤ ਸਿੰਘ ਕੰਤਾ ਵਲੋਂ ਧਨੌਲਾ ਵਿਖੇ ਖੁੱਲੇ ਵਿੱਚ ਸਟੇਜ ਲਾ ਕੇ ਚੋਣ ਰੈਲੀ ਕੀਤੀ ਗਈ। ਇਸ ਚੋਣ ਰੈਲੀ ਨੂੰ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਸੰਬੋਧਨ ਕੀਤਾ | ਕਰੋਨਾ ਦੇ ਮੱਦੇਨਜਰ ਚੋਣ ਕਮਿਸ਼ਨ ਵਲੋਂ ਜਾਰੀ ਹਿਦਾਇਤਾਂ ਅਨੁਸਾਰ ਸਿਰਫ਼ 10 ਵਿਅਕਤੀ ਡੋਰ-ਟੂ-ਡੋਰ ਚੋਣ ਪ੍ਰਚਾਰ ਕਰ ਸਕਦੇ ਹਨ ਅਤੇ ਇੰਨਡੋਰ –ਆਊਟਡੋਰ 300 ਦੇ ਕਰੀਬ ਲੋਕਾਂ ਦਾ ਇਕੱਠ ਕਰਕੇ ਮੀਟਿੰਗ ਜਾਂ ਚੋਣ ਜਲਸਾ ਕੀਤਾ ਜਾ ਸਕਦਾ ਹੈ | ਪਰ ਸ੍ਰੋਮਣੀ ਅਕਾਲੀ ਦਲ ਪ੍ਰਧਾਨ ਵਲੋਂ ਅੱਜ ਹਲਕਾ ਬਰਨਾਲਾ ਅੰਦਰ ਲਗਭਗ ਪੰਜ ਤੋਂ ਵੱਧ ਥਾਵਾਂ ਤੇ ਚੋਣ ਜਲਸੇ ਕੀਤੇ ਗਏ | ਇਨ੍ਹਾਂ ਜਲਸਿਆਂ ਵਿੱਚ ਚੋਣ ਕਮਿਸ਼ਨ ਦੀਆਂ ਖੁੱਲ੍ਹ ਕੇ ਧੱਜੀਆਂ ਉਡਾਈਆਂ ਗਈਆਂ | ਧਨੌਲਾ ਵਿਖੇ ਥਾਣਾ ਰੋਡ ਤੇ ਕੀਤੇ ਸੁਖਬੀਰ ਸਿੰਘ ਬਾਦਲ ਦੇ ਚੋਣ ਜਲਸੇ ਦੌਰਾਨ 450 ਕੁਰਸੀਆਂ ਪੰਡਾਲ ਵਿੱਚ ਲਗਾਈਆਂ ਗਈਆਂ | ਭਾਵੇਂ ਇਹਨਾ ਕੁਰਸੀਆਂ ਵਿੱਚੋਂ ਪਿੱਛਲੀ ਸਾਇਡ ਕੁਝ ਕੁਰਸੀਆਂ ਖਾਲੀ ਰਹੀਆਂ | ਪਰ ਸਟੇਜ ਦੇ ਨੇੜੇ ਦੋਵਾਂ ਪਾਸੇ ਤੇ ਕੁਝ ਲੋਕ ਹੀ ਖੜੇ ਸਨ | ਇਸਤੋਂ ਇਲਾਵਾ 50 ਦੇ ਕਰੀਬ ਸੋ੍ਰਮਣੀ ਅਕਾਲੀ ਦਲ ਦੇ ਆਗੂ ਸਟੇਜ ਤੇ ਮੌਜੂਦ ਸਨ | ਇਸ ਮੌਕੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਬੀਤੀ ਕੱਲ ਹਲਕਾ ਉਮੀਦਵਾਰ ਕੁਲਵੰਤ ਸਿੰਘ ਕੰਤਾ ਦੀ ਅਗਵਾਈ ਚ ਸੋ੍ਰਮਣੀ ਅਕਾਲੀ ਦਲ ਚ ਸਾਮਿਲ ਹੋ ਚੁੱਕੇ ਧਨੌਲਾ ਅਤੇ ਆਸ-ਪਾਸ ਦੇ ਪਿੰਡਾਂ ਦੇ ਨੌਜਵਾਨਾਂ ਨੂੰ ਮੁੜ ਸਿਰਪਾਓ ਦੇ ਕੇ ਸੋ੍ਰਮਣੀ ਅਕਾਲੀ ਦਲ ਵਿੱਚ ਸਾਮਿਲ ਕੀਤਾ ਗਿਆ |
ਆਪਣੇ ਭਾਸਣ ਦੌਰਾਨ ਪੁਰਾਣੇ ਵਾਅਦਿਆਂ ਨੂੰ ਦੁਹਰਾਉਣ ਤੋਂ ਇਲਾਵਾ ਸੁਖਬੀਰ ਸਿੰਘ ਬਾਦਲ ਵਲੋਂ ਸੋ੍ਰਮਣੀ ਅਕਾਲੀ ਦਲ ਦੀ ਸਰਕਾਰ ਆਉਣ ਤੇ ਧਨੌਲਾ ਮੰਡੀ ਅੰਦਰ ਲੜਕੀਆਂ ਦਾ ਕਾਲਜ ਬਣਾਉਣ ਦਾ ਵਾਅਦਾ ਕੀਤਾ | ਪਰ ਉਹਨਾ ਦੇ ਪਿਤਾ ਸ: ਪ੍ਰਕਾਸ ਸਿੰਘ ਬਾਦਲ ਵਲੋਂ 1997 ਦੇ ਮੁੱਖ ਮੰਤਰੀ ਕਾਰਜਕਾਲ ਦੌਰਾਨ ਕੀਤਾ ਇਹੋ ਵਾਅਦਾ ਅੱਜ ਤੱਕ ਪੂਰਾ ਨਹੀਂ ਹੋਇਆ | 1997 ਦੀ ਸੋ੍ਰਮਣੀ ਅਕਾਲੀ ਦਲ ਅਤੇ ਭਾਜਪਾ ਦੀ ਗੱਠਜੋੜ ਸਰਕਾਰ ਦੌਰਾਨ ਬਤੌਰ ਮੁੱਖ ਮੰਤਰੀ ਧਨੌਲਾ ਪਹੁੰਚੇ ਸ; ਪ੍ਰਕਾਸ ਸਿੰਘ ਬਾਦਲ ਤੋਂ ਧਨੌਲਾ ਵਾਸੀਆਂ ਨੇ ਲੜਕੀਆਂ ਦਾ ਕਾਲਜ ਬਣਾਉਣ ਦੀ ਮੰਗ ਕੀਤੀ ਤਾਂ ਉਹਨਾ ਕਿਹਾ ਕਿ ਕਾਲਜ ਲਈ ਜਗ੍ਹਾ ਦੇ ਦਿਓ , ਕਾਲਜ ਬਣਾ ਦੇਵਾਂਗੇ | ਜਿਸ ਤੋਂ ਬਾਅਦ ਧਨੌਲਾ ਵਾਸੀਆਂ ਵਲੋਂ ਬੰਗੇਹਰ ਪੱਤੀ ਸਥਿਤ ਛੱਪੜ ਨੂੰ ਭਰਤ ਪਾ ਕੇ ਬੰਦ ਕਰਕੇ ਜਗ੍ਹਾ ਦਾ ਪ੍ਰਬੰਧ ਤਾਂ ਕੀਤਾ ਗਿਆ ਸੀ | ਪਰ ਅੱਜ ਤੱਕ ਕਾਲਜ ਨਹੀਂ ਬਣਿਆ | ਸਗੋਂ ਉਕਤ ਜਗ੍ਹਾ ਨਜਾਇਜ ਕਬਜਿਆਂ ਦੀ ਭੇਂਟ ਚੜ ਰਹੀ ਹੈ |
ਜਦੋਂ ਇਸ ਸੰਬੰਧੀ ਹਲਕਾ ਬਰਨਾਲਾ ਦੇ ਮੁੱਖ ਰਿਟਰਨਿੰਗ ਅਫ਼ਸਰ ਐੱਸ.ਡੀ.ਐੱਮ. ਸ: ਵਰਜੀਤ ਸਿੰਘ ਵਾਲੀਆ ਨਾਲ ਸੰਪਰਕ ਕੀਤਾ ਤਾਂ ਉਹਨਾ ਕਿਹਾ ਕਿ ਇਹ ਮਾਮਲਾ ਉਹਨਾ ਦੇ ਧਿਆਨ ਵਿੱਚ ਨਹੀਂ ਹੈ | ਇਸ ਸੰਬੰਧੀ ਪੜਤਾਲ ਕਰਵਾਈ ਜਾਵੇਗੀ | ਜੇਕਰ ਮਾਨਯੋਗ ਚੋਣ ਕਮਿਸ਼ਨ ਦੇ ਹੁਕਮਾਂ ਦੀ ਉਲੰਘਣਾ ਸਾਹਮਣੇ ਆਈ ਤਾਂ ਬਣਦੀ ਕਾਰਵਾਈ ਕੀਤੀ ਜਾਵੇਗੀ |