ਹਰਿੰਦਰ ਨਿੱਕਾ, ਬਰਨਾਲਾ 30 ਜਨਵਰੀ 2022
ਸ਼ਹਿਰ ਦੇ ਸਦਰ ਬਜਾਰ ਅੰਦਰ ਕਚੌਰੀਆਂ ਦੀ ਰੇਹੜੀ ਲਾਉਣ ਵਾਲੇ ਰੂਬਲ ਦੀ ਹੱਤਿਆ ਕਰ ਦਿੱਤੀ। ਪੁਲਿਸ ਨੇ ਹੱਤਿਆ ਦੇ ਦੋਸ਼ ਵਿੱਚ 7 ਵਿਅਕਤੀਆਂ ਨੂੰ ਨਾਮਜਦ ਕਰਕੇ, ਹੋਰ ਅਣਪਛਾਤਿਆਂ ਖਿਲਾਫ ਹੱਤਿਆ ਦਾ ਕੇਸ ਦਰਜ਼ ਕੀਤਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਲੰਘੀ ਰਾਤ ਕਰੀਬ ਸਾਢੇ ਅੱਠ ਵਜੇ, ਅਨਾਜ ਮੰਡੀ ਬਰਨਾਲਾ ਅੰਦਰ ਦੋ ਗਰੁੱਪਾਂ ਦਰਮਿਆਨ ਝਗੜਾ ਹੋਇਆ। ਝਗੜੇ ਦੌਰਾਨ ਕੁੱਝ ਵਿਅਕਤੀਆਂ ਨੇ ਆਪਣੀ ਕਾਰ ਮੋਟਰਸਾਈਕਲ ਤੇ ਚਾੜ੍ਹ ਦਿੱਤੀ। ਰੂਬਲ ਸਿੰਘ ਪੁੱਤਰ ਦਲਜੀਤ ਸਿੰਘ ਵਾਸੀ ਪੁਰਾਣਾ ਬਜ਼ਾਰ, ਨੇੜੇ ਗੁਰੂਦੁਆਰਾ ਕਲਗੀਧਰ ਸਾਹਿਬ , ਚਰਨਜੀਤ ਸਿੰਘ ਪੁੱਤਰ ਦਰਸ਼ਨ ਸਿੰਘ ਅਤੇ ਸੋਨੂੰ ਪੁੱਤਰ ਰਾਜ ਬਹਾਦਰ ਆਦਿ ਜਖਮੀ ਹੋ ਗਏ। ਜਿੰਨ੍ਹਾਂ ਨੂੰ ਰਾਤ ਕਰੀਬ 8:40 ਵਜੇ ਸਿਵਲ ਹਸਪਤਾਲ ਬਰਨਾਲਾ ਵਿਖੇ ਭਰਤੀ ਕਰਵਾਇਆ ਗਿਆ। ਪਰੰਤੂ ਰੂਬਲ ਸਿੰਘ ਦੀ ਨਾਜੁਕ ਹਾਲਤ ਕਾਰਣ, ਉਸ ਨੂੰ ਰਜਿੰਦਰਾ ਹਸਪਤਾਲ ਪਟਿਆਲਾ ਰੈਫਰ ਕੀਤਾ ਗਿਆ। ਰੂਬਲ ਨੂੰ ਉਸ ਦੇ ਸਾਥੀ ਇਲਾਜ ਲਈ ਡੀਐਮਸੀ ਲੁਧਿਆਣਾ ਲੈ ਕੇ ਚੱਲ ਪਏ। ਪਰੰਤੂ ਰਾਹ ਵਿੱਚ ਹੀ ਉਸ ਨੇ ਦਮ ਤੋੜ ਦਿੱਤਾ। ਜਦੋਂ ਰੂਬਲ ਨੂੰ ਡੀਐਮਸੀ ਹਸਪਤਾਲ ਲੈ ਕੇ ਪਹੁੰਚੇ ਤਾਂ ਡਾਕਟਰਾਂ ਨੂੰ ਉਸ ਨੂੰ ਮ੍ਰਿਤਕ ਕਰਾਰ ਦੇ ਦਿੱਤਾ। ਡੀਐਸਪੀ ਰਾਜੇਸ਼ ਸਨੇਹੀ ਬੱਤਾ ਨੇ ਦੱਸਿਆ ਕਿ ਪੁਲਿਸ ਨੇ 7 ਨਾਮਜਦ ਅਤੇ ਹੋਰ ਅਣਪਛਾਤੇ ਦੋਸ਼ੀਆਂ ਖਿਲਾਫ ਹੱਤਿਆ ਦਾ ਕੇਸ ਦਰਜ਼ ਕਰਕੇ, ਦੋਸ਼ੀਆਂ ਦੀ ਫੜੋ-ਫੜੀ ਲਈ ਛਾਪਾਮਾਰੀ ਸ਼ੁਰੂ ਕਰ ਦਿੱਤੀ ਹੈ। ਜਲਦੀ ਹੀ ਦੋਸ਼ੀਆਂ ਨੂੰ ਗਿਰਫਤਾਰ ਕਰ ਲਿਆ ਜਾਵੇਗਾ। ਉਨ੍ਹਾਂ ਹੱਤਿਆ ਦੇ ਕਾਰਣਾਂ ਬਾਰੇ ਪੁੱਛਣ ਤੇ ਕਿਹਾ ਕਿ ਤਫਤੀਸ਼ ਜ਼ਾਰੀ ਹੈ,ਫਿਲਹਾਲ ਇਸ ਤੋਂ ਜਿਆਦਾ ਜਾਣਕਾਰੀ ਦੇਣਾ ਠੀਕ ਨਹੀਂ ਹੈ।
ਹੱਤਿਆ ਦੇ 5 ਦੋਸ਼ੀ ਗਿਰਫਤਾਰ !
ਅਪੁਸ਼ਟ ਜਾਣਕਾਰੀ ਅਨੁਸਾਰ ਪੁਲਿਸ ਨੇ ਅਰਜਨ ਬੈਨੀਪਾਲ ਸਣੇ 5 ਨਾਮਜ਼ਦ ਦੋਸ਼ੀਆਂ ਨੂੰ ਗਿਰਫਤਾਰ ਕਰ ਵੀ ਲਿਆ ਹੈ। ਜਦੋਂਕਿ ਡੀਐਸਪੀ ਰਾਜੇਸ਼ ਸਨੇਹੀ ਬੱਤਾ ਨੇ ਕਿਸੇ ਵੀ ਦੋਸ਼ੀ ਦੀ ਗਿਰਫਤਾਰੀ ਤੋਂ ਇਨਕਾਰ ਕਰ ਦਿੱਤਾ ਹੈ। ਆਖਿਰ ਕਿਉਂ ਹੋਇਆ ਝਗੜਾ। ਸੂਤਰਾਂ ਅਨੁਸਾਰ ਪੰਜਾਬ ਪੁਲਿਸ ਦੇ ਇੱਕ ਰਿਟਾਇਰਡ ਥਾਣੇਦਾਰ ਦੀ ਪੋਤਰੀ ਨਾਲ ਇੱਕ ਨਾਮਜ਼ਦ ਦੋਸ਼ੀ ਦੇ ਲਵ ਅਫੇਅਰ ਚੱਲ ਰਹੇ ਸਨ। ਜਿਸ ਨੇ ਉਸ ਨੂੰ ਫੋਨ ਤੇ ਮੈਸੇਜ ਭੇਜਿਆ ਕਿ ਇੱਕ ਹੋਰ ਨੌਜਵਾਨ, ਉਸ ਨੂੰ ਤੰਗ ਪ੍ਰੇਸ਼ਾਨ ਕਰ ਰਿਹਾ ਹੈ। ਜਿਸ ਤੋਂ ਬਾਅਦ ਨਾਮਜਦ ਦੋਸ਼ੀਆਂ ਵਿੱਚੋਂ ਇੱਕ ਆਪਣੇ ਹੋਰ ਦੋਸਤਾਂ ਨੂੰ ਨਾਲ ਲੈ ਕੇ, ਲੜਕੀ ਨੂੰ ਤੰਗ ਕਰਨ ਵਾਲੇ ਨੌਜਵਾਨ ਨਾਲ ਗੱਲਬਾਤ ਕਰਨ ਲਈ, ਅਨਾਜ ਮੰਡੀ ਵਿੱਚ ਚਲਾ ਗਿਆ। ਉੱਥੇ ਦੂਜੀ ਧਿਰ ਨਾਲ ਰੂਬਲ ਸਿੰਘ ਵੀ ਪਹੁੰਚ ਗਿਆ। ਪਤਾ ਇਹ ਵੀ ਲੱਗਿਆ ਹੈ ਕਿ ਰੂਬਲ ਸਿੰਘ ਦੇ ਗਰੁੱਪ ਦੇ ਮੋਟਰਸਾਇਕਲਾਂ ਤੇ ਸਵਾਰ ਬੰਦਿਆਂ ਵਿੱਚੋਂ ਕਿਸੇ ਨੇ ETOUS ਗੱਡੀ ਵਿੱਚ ਜਾ ਰਹੇ ਨੌਜਵਾਨਾਂ ਤੇ ਇੱਟਾਂ ਪੱਥਰਾਂ ਨਾਲ ਹਮਲਾ ਕਰ ਦਿੱਤਾ। ਜਿਸ ਤੋਂ ਬਾਅਦ ਕਾਰ ਸਵਾਰਾਂ ਨੇ ਗੱਡੀ ਮੋਟਰਸਾਇਕਲ ਸਵਾਰਾਂ ਵੱਲ ਸਿੱਧੀ ਕਰ ਦਿੱਤੀ। ਜਿਸ ਨਾਲ ,ਰੂਬਲ ਸਿੰਘ, ਚਰਨਜੀਤ ਸਿੰਘ , ਸੋਨੂੰ ਅਤੇ ਕੁੱਝ ਹੋਰ ਨੌਜਵਾਨ ਵੀ ਜਖਮੀ ਹੋ ਗਏ। ਹਸਪਤਾਲ ਵਿੱਚ ਦਾਖਿਲ ਸੋਨੂੰ ਨੇ ਵੀ ਦੋਸ਼ੀਆਂ ਵੱਲੋਂ ਉਨ੍ਹਾਂ ਤੇ ਗੱਡੀ ਚੜਾਉਣ ਦੀ ਪੁਸ਼ਟੀ ਕੀਤੀ ਹੈ। ਪਰੰਤੂ ਉਨਾਂ ਕਿਹਾ ਕਿ ਉਸ ਦੇ ਨਾਲ ਬੈਠਾ, ਮੋਨੂੰ ਉੱਥੋ ਖਿਸਕ ਗਿਆ। ਉਨਾਂ ਕਿਹਾ ਕਿ ਕਾਰ ਵਿੱਚ ਸਵਾਰ ਵਿਅਕਤੀਆਂ ਵਿੱਚੋਂ ਉਹ ਕਿਸੇ ਵੀ ਵਿਅਕਤੀ ਨੂੰ ਨਹੀਂ ਜਾਣਦਾ।