ਹਰਿੰਦਰ ਨਿੱਕਾ , ਬਰਨਾਲਾ 28 ਜਨਵਰੀ 2022
ਥਾਣਾ ਸਦਰ ਬਰਨਾਲਾ ਦੇ ਪਿੰਡ ਖੁੱਡੀ ਕਲਾਂ ਦੇ ਰਹਿਣ ਵਾਲੇ ਇੱਕੀ ਕੁ ਵਰ੍ਹਿਆਂ ਦੇ ਨੌਜਵਾਨ ਨੇ ਸ਼ੱਕੀ ਹਾਲਤਾਂ ‘ਚ ਆਪਣੇ ਫੌਜੀ ਪਿਉ ਦੀ ਲਾਇਸੰਸੀ ਰਾਈਫਲ ਨਾਲ ਗੋਲੀ ਮਾਰ ਕੇ ਖੁਦਕਸ਼ੀ ਕਰ ਲਈ। ਪੁਲਿਸ ਨੇ ਲਾਸ਼ ਕਬਜ਼ੇ ਵਿੱਚ ਲੈ ਕੇ, ਪੋਸਟਮਾਰਟਮ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ। ਪ੍ਰਾਪਤ ਜਾਣਕਾਰੀ ਅਨੁਸਾਰ ਅਵਤਾਰ ਸਿੰਘ ਪੁੱਤਰ ਫੌਜੀ ਬਲਵਿੰਦਰ ਸਿੰਘ ਵਾਸੀ ਸੁਖਪੁਰਾ ਰੋਡ, ਖੁੱਡੀ ਕਲਾਂ ਨੇ 10+2 ਦੀ ਪੜ੍ਹਾਈ ਤੋਂ ਬਾਅਦ ਆਈਲੈਟਸ ਕਰਕੇ ਕੈਨੇਡਾ ਜਾਣ ਲਈ ਫਾਈਲ ਲਗਾਈ ਸੀ। ਪਰੰਤੂ ਕਰੀਬ ਡੇਢ ਕੁ ਮਹੀਨਾ ਪਹਿਲਾਂ ਉਸ ਦੀ ਫਾਈਲ ਤੇ ਰਿਫਿਊਜਲ ਲੱਗ ਜਾਣ ਕਾਰਣ, ਉਹ ਮਾਨਸਿਕ ਤੌਰ ਤੇ ਕਾਫੀ ਪ੍ਰੇਸ਼ਾਨ ਰਹਿਣ ਲੱਗ ਪਿਆ ਸੀ, ਕਿਉਂਕਿ ਉਸ ਨੇ ਕੈਨੇਡਾ ਜਾਣ ਲਈ 17 / 18 ਲੱਖ ਫਸ ਚੁੱਕੇ ਸਨ। ਲੰਘੀ ਕੱਲ੍ਹ ਉਸ ਨੇ ਆਪਣੇ ਪਿਤਾ ਦੀ ਲਾਇਸੰਸੀ ਰਾਈਫਲ ਨਾ ਖੁਦ ਨੂੰ ਗੋਲੀ ਮਾਰ ਕੇ ਖੁਦਕਸ਼ੀ ਕਰ ਲਈ।
ਪਰਿਵਾਰ ਤੋਂ ਪਤਾ ਇਹ ਵੀ ਲੱਗਾ ਹੈ ਕਿ ਅਵਤਾਰ ਸਿੰਘ ਨੇ ਖੁਦਕਸ਼ੀ ਤੋਂ ਪਹਿਲਾਂ ਆਪਣਾ ਮੋਬਾਇਲ ਰੀਸੈਟ ਮਾਰ ਕੇ ਸਾਰਾ ਡਾਟਾ ਡਿਲੀਟ ਵੀ ਕਰ ਦਿੱਤਾ ਸੀ। ਫਿਲਹਾਲ ਕੋਈ ਸੋਸਾਈਡ ਨੋਟ ਵੀ ਪੁਲਿਸ ਅਤੇ ਪਰਿਵਾਰ ਦੇ ਹੱਥ ਨਹੀਂ ਲੱਗਿਆ। ਅਜਿਹੇ ਹਾਲਤ ਵਿੱਚ ਖੁਦਕਸ਼ੀ ਵੀ ਸ਼ੱਕੀ ਜਾਪਣ ਲੱਗ ਪਈ ਹੈ । ਮਾਮਲੇ ਦੇ ਤਫਤੀਸ਼ ਅਧਿਕਾਰੀ ਅਤੇ ਪੁਲਿਸ ਚੌਕੀ ਹੰਡਿਆਇਆ ਦੇ ਇੰਚਾਰਜ ਤਰਸੇਮ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਲਾਸ਼ ਕਬਜੇ ਵਿੱਚ ਲੈ ਕੇ ਪੋਸਟਮਾਰਟਮ ਦੀ ਪ੍ਰਕਿਰਿਆ ਆਰੰਭ ਦਿੱਤੀ ਹੈ। ਉਨ੍ਹਾਂ ਕਿਹਾ ਕਿ ਮ੍ਰਿਤਕ ਦੇ ਦਾਦਾ ਕਰਤਾਰ ਸਿੰਘ ਨੇ ਆਪਣੇ ਬਿਆਨ ਵਿੱਚ ਮੌਤ ਲਈ ਕਿਸੇ ਨੂੰ ਜਿੰਮੇਵਾਰ ਨਹੀਂ ਠਹਿਰਾਇਆ ਹੈ, ਉਨ੍ਹਾਂ ਹਾਲਤਾਂ ਦਾ ਹਵਾਲਾ ਦਿੰਦਿਆਂ, ਉਸਦੀ ਫਾਈਲ ਰਿਫਿਊਜਲ ਕਾਰਨ, ਉਸਦੇ ਡਿਪਰੈਸ਼ਨ ਵਿੱਚ ਰਹਿਣ ਬਾਰੇ ਹੀ ਕਿਹਾ ਹੈ। ਜਿਸ ਕਾਰਨ ਪੁਲਿਸ ਨੇ ਫਿਲਹਾਲ 174 ਸੀਆਰਪੀਸੀ ਦੇ ਤਹਿਤ ਕਾਨੂੰਨੀ ਕਾਰਵਾਈ ਹੀ ਅਮਲ ਵਿੱਚ ਲਿਆਂਦੀ ਹੈ।
ਡੀਐਸਪੀ ਰਾਜੇਸ਼ ਸਨੇਹੀ ਬੱਤਾ ਨੇ ਕਿਹਾ ਕਿ ਪੁਲਿਸ ਨੇ ਖੁਦਕਸ਼ੀ ਲਈ ਵਰਤੀ ਲਾਇੰਸਸੀ ਰਾਈਫਲ ਅਤੇ ਮ੍ਰਿਤਕ ਦਾ ਮੋਬਾਇਲ ਕਬਜ਼ੇ ਵਿੱਚ ਲੈ ਕੇ ਮਾਮਲੇ ਦੀ ਗਹਿਰਾਈ ਨਾਲ ਜਾਂਚ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਕਿਹਾ ਕਿ ਬੇਸ਼ੱਕ ਅਵਤਾਰ ਸਿੰਘ ਨੇ ਖੁਦਕਸ਼ੀ ਤੋਂ ਪਹਿਲਾਂ ਆਪਣਾ ਮੋਬਾਇਲ ਡਾਟਾ ਡਿਲੀਟ ਕਰ ਦਿੱਤਾ ਹੈ, ਫਿਰ ਵੀ ਪੁਲਿਸ ਮੋਬਾਇਲ ਕਾਲ ਡਿਟੇਲ ਦੇ ਅਧਾਰ ਤੇ ਜਾਂਚ ਨੂੰ ਅੱਗੇ ਵਧਾ ਕੇ, ਖੁਦਕਸ਼ੀ ਦੀ ਵਜ੍ਹਾ ਜਾਣਨ ਦੀ ਕੋਸ਼ਿਸ਼ ਕਰੇਗੀ ਤਾਂ ਕਿ ਖੁਦਕਸ਼ੀ ਦਾ ਅਸਲ ਸੱਚ ਸਾਹਮਣੇ ਲਿਆਂਦਾ ਜਾ ਸਕੇ। ਉਨ੍ਹਾਂ ਚੋਣ ਹਦਾਇਤਾਂ ਅਨੁਸਾਰ ਅਸਲਾ ਜਮ੍ਹਾ ਨਾ ਕਰਵਾਏ ਜਾਣ ਦੇ ਜੁਆਬ ਵਿੱਚ ਕਿਹਾ ਕਿ ਅਵਤਾਰ ਸਿੰਘ ਦੇ ਪਿਤਾ ਦੀ ਰਾਈਫਲ ਦਾ ਲਾਇਸੰਸ ਜੰਮੂ-ਕਸ਼ਮੀਰ ਤੋਂ ਬਣਿਆ ਹੋਣ ਕਾਰਣ, ਉਸ ਦਾ ਕੋਈ ਰਿਕਾਰਡ ਜਾਂ ਸੂਚਨਾ ਪੁਲਿਸ ਕੋਲ ਦਰਜ਼ ਨਹੀਂ ਸੀ।