ਪੁਲਿਸ ਨੇ ਸ਼ੁਰੂ ਕੀਤੀ ਸਰਾਫ ਨੂੰ ਕੇਸ ਵਿੱਚ ਨਾਮਜ਼ਦ ਕਰਨ ਦੀ ਤਿਆਰੀ
ਸ਼ਾਹਾਂ ਦੀ ਕੁੜੀ ਵੱਲੋਂ ਆਸ਼ਕੀ ‘ਚ ਗੁਆਏ 1 ਕਿੱਲੋ ਤੋਂ ਵੱਧ ਸੋਨੇ ਦਾ ਮਿਲਿਆ ਸੁਰਾਗ
ਹਰਿੰਦਰ ਨਿੱਕਾ, ਬਰਨਾਲਾ 17 ਜਨਵਰੀ 2022
ਸ਼ਹਿਰ ‘ਚ ਰਹਿਣ ਵਾਲੀ ਇੱਕ ਸ਼ਾਹੂਕਾਰ ਦੀ ਕੁੜੀ ਵੱਲੋਂ ਆਸ਼ਕੀ ‘ਚ ਗੁਆਏ ਇੱਕ ਕਿੱਲੋ 150 ਗ੍ਰਾਮ ਸੋਨੇ ਦਾ ਸੁਰਾਗ ਆਖਿਰ ਪੁਲਿਸ ਦੇ ਹੱਥ ਲੱਗ ਗਿਆ ਹੈ। ਇਹ ਖੁਲਾਸਾ ਪੁਲਿਸ ਵੱਲੋਂ ਬਲਾਤਕਾਰ,ਅਮਾਨਤ ਵਿੱਚ ਖਿਆਨਤ ਆਦਿ ਗੰਭੀਰ ਦੋਸ਼ ਵਿੱਚ ਗਿਰਫਤਾਰ ਪਤੀ-ਪਤਨੀ ਦੀ ਪੁੱਛਗਿੱਛ ਤੋਂ ਬਾਅਦ ਹੋਇਆ ਹੈ। ਚੋਰੀ ਦਾ ਕਰੀਬ 75 ਤੋਲੇ ਸੋਨਾ ਖਰੀਦਣ ਵਾਲੇ ਜਿਸ ਸਰਾਫ ਦਾ ਨਾਮ ਸਾਹਮਣੇ ਆ ਰਿਹਾ ਹੈ, ਉਹ ਸ਼ਹਿਰ ਦਾ ਵੱਡਾ ਸਰਾਫ ਹੈ, ਜਿਸ ਦੀ ਦੁਕਾਨ ਸਦਰ ਬਜ਼ਾਰ ਅੰਦਰ ਹੀ ਹੈ। ਵਰਨਣਯੋਗ ਹੈ ਕਿ ਪੁਲਿਸ ਨੇ ਬਲਾਤਕਾਰ ਪੀੜਤ ਲੜਕੀ ਦੇ ਪਿਤਾ ਦੇ ਬਿਆਨ ਪਰ ਨਾਮਜ਼ਦ ਦੋਸ਼ੀ ਸ਼ਮਸ਼ੇਰ ਸਿੰਘ ਵਾਸੀ ਬਰਨਾਲਾ ਅਤੇ ਉਸ ਦੀ ਸੱਜ ਵਿਆਹੀ ਪਤਨੀ ਹਰਪ੍ਰੀਤ ਕੌਰ ਵਾਸੀ ਬਡਬਰ ਦੇ ਖਿਲਾਫ 11 ਜਨਵਰੀ 2022 ਨੂੰ ਥਾਣਾ ਸਿਟੀ ਬਰਨਾਲਾ ਵਿਖੇ ਮੁਕੱਦਮਾ ਨੰਬਰ 12 ਅਧੀਨ ਜੁਰਮ 406/ 376/ 120-B/ 506 ਆਈਪੀਸੀ ਤਹਿਤ ਦਰਜ਼ ਕੀਤਾ ਗਿਆ ਹੈ।
ਪੁਲਿਸ ਨੇ ਦੋਵਾਂ ਨਾਮਜ਼ਦ ਦੋਸ਼ੀਆਂ ਨੂੰ ਗਿਰਫਤਾਰ ਵੀ ਕੀਤਾ ਹੋਇਆ ਹੈ, ਜਿੰਨ੍ਹਾਂ ਦਾ ਪੁਲਿਸ ਰਿਮਾਂਡ ਚੱਲ ਰਿਹਾ ਹੈ। ਪੁਲਿਸ ਸੂਤਰਾਂ ਤੋਂ ਪਤਾ ਲੱਗਿਆ ਹੈ ਕਿ ਸ਼ਹਿਰ ਦੇ ਪ੍ਰਸਿੱਧ ਸਰਾਫ ਦਾ ਨਾਮ ਵੀ ਚੋਰੀ ਦੇ 75 ਤੋਲੇ ਸੋਨਾ ਖਰੀਦਣ ਦੇ ਮਾਮਲੇ ਵਿੱਚ ਨਾਮਜ਼ਦ ਦੋਸ਼ੀ ਨੇ ਲੈ ਦਿੱਤਾ ਹੈ, ਜਦੋਂਕਿ ਦੁਰਖਾਸਤੀ ਨੇ ਆਪਣੇ ਬਿਆਨ ਵਿੱਚ ਸ਼ਹਿਰ ਦੇ ਇੱਕ ਹੋਰ ਸਰਾਫ ਦਾ ਨਾਮ ਵੀ ਲਿਆ ਸੀ, ਜਿਸ ਨੇ ਕਬੂਲ ਕੀਤਾ ਸੀ ਕਿ ਉਸ ਕੋਲ 20/25 ਤੋਲੇ ਸੋਨਾ ਸ਼ਮਸ਼ੇਰ ਸਿੰਘ ਨੇ ਵੇਚਿਆ ਸੀ।
ਪੀੜਤ ਲੜਕੀ ਦਾ ਦੋਸ਼ ਹੈ ਕਿ ਸ਼ਮਸ਼ੇਰ ਸਿੰਘ ਨਾਲ ਉਸ ਦੀ ਜਾਣ ਪਹਿਚਾਣ ਫੇਸਬੁੱਕ ਤੇ ਹੋਈ ਸੀ। ਬਾਅਦ ਵਿੱਚ ਦੋਵਾਂ ਦੇ ਕਰੀਬੀ ਰਿਸ਼ਤੇ ਬਣ ਗਏ। ਸ਼ਮਸ਼ੇਰ ਸਿੰਘ ਨੇ ਉਸ ਨੂੰ ਭਰੋਸੇ ਵਿੱਚ ਲੈ ਕੇ ਉਸ ਤੋਂ 115 ਤੋਲੇ ਸੋਨਾ ਅਤੇ ਲੱਖਾਂ ਰੁਪਏ ਦੀ ਨਗਦੀ ਲੈ ਲਈ ਸੀ। ਪਰੰਤੂ ਸੋਨਾ ਵਾਪਿਸ ਦੇਣ ਦੀ ਗੱਲ ਕਹਿ ਕੇ ਸ਼ਮਸ਼ੇਰ ਨੇ ਉਸ ਨੂੰ ਆਪਣੇ ਘਰ ਬੁਲਾਇਆ ਸੀ ਅਤੇ ਉਸ ਨਾਲ ਜਬਰਦਸਤੀ ਬਲਾਤਕਾਰ ਕੀਤਾ ਗਿਆ ਸੀ। ਹੁਣ ਲੋਕਾਂ ਦੀਆਂ ਨਜ਼ਰਾਂ ਚੋਰੀ ਦਾ ਸੋਨਾ ਖਰੀਦਣ ਵਾਲੇ ਸਰਾਫ ਨੂੰ ਕੇਸ ਵਿੱਚ ਨਾਮਜ਼ਦ ਕਰਨ ਤੇ ਟਿਕੀਆਂ ਹੋਈਆਂ ਹਨ।