ਜ਼ਿਲਾ ਚੋਣ ਅਫ਼ਸਰ ਵੱਲੋਂ ਵਿਸ਼ੇਸ਼ ਕੈਂਪਾਂ ਦਾ ਕੀਤਾ ਗਿਆ ਅਚਨਚੇਤ ਨਿਰੀਖਣ
- ਕੈਂਪਾਂ ਵਿੱਚ ਤਾਇਨਾਤ ਸਿਹਤ ਵਿਭਾਗ ਦੇ ਸਟਾਫ਼ ਦੀ ਕੀਤੀ ਹੌਂਸਲਾ ਅਫ਼ਜਾਈ
- ਟੀਕਾਕਰਨ ਕਰਵਾਉਣ ਪੁੱਜੇ ਨਾਗਰਿਕਾਂ ਨੂੰ ਆਪਣੇ ਪਰਿਵਾਰਾਂ ਤੇ ਆਲੇ ਦੁਆਲੇ ਵਸਦੇ ਲੋਕਾਂ ਨੂੰ ਵੀ ਪ੍ਰੇਰਿਤ ਕਰਨ ਲਈ ਆਖਿਆ
ਪਰਦੀਪ ਕਸਬਾ,ਦਿੜਬਾ/ਛਾਜਲੀ/ਸੰਗਰੂਰ, 17 ਜਨਵਰੀ:2022
ਜ਼ਿਲਾ ਚੋਣ ਅਫ਼ਸਰ ਸ਼੍ਰੀ ਰਾਮਵੀਰ ਨੇ ਜ਼ਿਲੇ ਵਿੱਚ ਕੋਵਿਡ ਵੈਕਸੀਨੇਸ਼ਨ ਦੇ ਵਿਸ਼ੇਸ ਕੈਂਪਾਂ ਵਿੱਚ ਵੱਧ ਤੋਂ ਵੱਧ ਨਾਗਰਿਕਾਂ ਦਾ ਟੀਕਾਕਰਨ ਕਰਵਾਉਣ ਦੀ ਵਿੱਢੀ ਮੁਹਿੰਮ ਨੂੰ ਸਫ਼ਲਤਾ ਦਾ ਜਾਮਾ ਪਹਿਨਾਉਣ ਲਈ ਦਿੜਬਾ ਤੇ ਛਾਜਲੀ ਦੇ ਵੱਖ ਵੱਖ ਕੈਂਪਾਂ ਦਾ ਅਚਨਚੇਤੀ ਨਿਰੀਖਣ ਕੀਤਾ। ਉਨਾਂ ਆਪਣੇ ਦੌਰੇ ਦੌਰਾਨ ਸਿਹਤ ਵਿਭਾਗ ਦੇ ਸਟਾਫ਼ ਤੋਂ ਪ੍ਰਗਤੀ ਦਾ ਜਾਇਜ਼ਾ ਲੈਂਦਿਆਂ ਹੌਂਸਲਾ ਅਫਜਾਈ ਕੀਤੀ ਅਤੇ ਕਿਹਾ ਕਿ ਪਿੰਡਾਂ, ਕਸਬਿਆਂ ਤੇ ਸ਼ਹਿਰਾਂ ਦੇ ਅਜਿਹੇ ਲੋਕਾਂ ਨੂੰ ਪ੍ਰੇਰਿਤ ਕਰਕੇ ਟੀਕਾਕਰਨ ਜ਼ਰੂਰ ਕਰਵਾਉਣ ਲਈ ਜਾਗਰੂਕ ਕੀਤਾ ਜਾਵੇ ਜੋ ਹਾਲੇ ਤੱਕ ਟੀਕਾਕਰਨ ਤੋਂ ਵਾਂਝੇ ਹਨ। ਜ਼ਿਲਾ ਚੋਣ ਅਫ਼ਸਰ ਨੇ ਕਿਹਾ ਕਿ ਓਮੀਕਰੋਨ ਵਾਇਰਸ ਤੋਂ ਬਚਾਅ ਲਈ ਜ਼ਰੂਰੀ ਸਾਵਧਾਨੀਆਂ ਦੀ ਚੌਕਸੀ ਨਾਲ ਪਾਲਣਾ ਕਰਨੀ ਬੇਹੱਦ ਜ਼ਰੂਰੀ ਹੈ। ਉਨਾਂ ਕਿਹਾ ਕਿ ਸਿਹਤ ਸਲਾਹਾਂ ਦੀ ਅਣਦੇਖੀ ਕਰਕੇ ਆਪਣੇ ਅਤੇ ਆਪਣੇ ਪਰਿਵਾਰਾਂ ਦੀ ਕੀਮਤੀ ਜਾਨ ਤੋਂ ਜੋਖਿਮ ਵਿੱਚ ਪਾਉਣ ਤੋਂ ਗੁਰੇਜ਼ ਕਰਨਾ ਚਾਹੀਦਾ ਹੈ।
ਦਿੜਬਾ ਦੇ ਪਿੰਡ ਜਨਾਲ ਅਤੇ ਛਾਜਲੀ ਵਿਖੇ ਵਿਸ਼ੇਸ਼ ਕੈਂਪਾਂ ਵਿੱਚ ਅਚਨਚੇਤੀ ਸ਼ਾਮਲ ਹੁੰਦਿਆਂ ਜ਼ਿਲਾ ਚੋਣ ਅਫ਼ਸਰ ਨੇ ਉਥੇ ਟੀਕਾਕਰਨ ਕਰਵਾਉਣ ਪੁੱਜੇ ਨਾਗਰਿਕਾਂ ਨਾਲ ਵੀ ਗਲਬਾਤ ਕੀਤੀ ਅਤੇ ਟੀਕਾਕਰਨ ਦੀ ਅਹਿਮੀਅਤ ਬਾਰੇ ਜਾਗਰੂਕ ਕੀਤਾ। ਉਨਾਂ ਕਿਹਾ ਕਿ ਮਾਸਕ ਪਾ ਕੇ ਰੱਖਣਾ ਬੇਹੱਦ ਜ਼ਰੂਰੀ ਹੈ ਤੇ ਇੱਕ ਦੂਜੇ ਤੋਂ ਦੂਰੀ ਤੇ ਵਾਰ ਵਾਰ ਹੱਥ ਧੋਂਦੇ ਰਹਿਣ ਜਿਹੀਆਂ ਮੁਢਲੀਆਂ ਹਦਾਇਤਾਂ ਬਾਰੇ ਲਗਾਤਾਰ ਇਕ ਦੂਜੇ ਨੂੰ ਸੁਚੇਤ ਰੱਖਿਆ ਜਾਵੇ ਤਾਂ ਜੋ ਕੋਰੋਨਾ ਤੋਂ ਬਚਾਅ ਯਕੀਨੀ ਬਣਾਇਆ ਜਾ ਸਕੇ। ਇਸ ਦੌਰਾਨ ਰਿਟਰਨਿੰਗ ਅਫ਼ਸਰ ਦਿੜਬਾ ਸ਼੍ਰੀ ਰਾਜੇਸ ਸ਼ਰਮਾ ਅਤੇ ਰਿਟਰਨਿੰਗ ਅਫ਼ਸਰ ਸੁਨਾਮ ਸ਼੍ਰੀ ਜਸਪ੍ਰੀਤ ਸਿੰਘ ਵੀ ਉਨਾਂ ਦੇ ਨਾਲ ਸਨ।