ਬਰਨਾਲਾ ਹਲਕੇ ਤੋਂ ਟਿਕਟ ਲਈ ਕਾਂਗਰਸ ਹਾਈਕਮਾਨ ” ਹਿੰਦੂ ਚਿਹਰੇ ਤੇ ਲੱਗਭੱਗ ਸਹਿਮਤ “

Advertisement
Spread information

ਸਾਬਕਾ ਕੇਂਦਰੀ ਮੰਤਰੀ ਪਵਨ ਬਾਂਸਲ ਦਾ ਬੇਟਾ ਮੁਨੀਸ ਬਾਂਸਲ ਹੋ ਸਕਦੈ ਬਰਨਾਲਾ ਤੋਂ ਕਾਂਗਰਸ ਦਾ ਉਮੀਦਵਾਰ

ਭਾਜਪਾ ਦੇ ਬੁਣੇ ‘ਫਿਰਕਾ ਪ੍ਰਸਤੀ’ ਜਾਲ ਚ ਉਲਝੀ ਕਾਂਗਰਸ ਨੂੰ ਬਰਨਾਲਾ ਦੇ ਲਗਭਗ 1 ਲੱਖ 40 ਸਿੱਖ ਵੋਟਰਾਂ ਨੂੰ ਅੱਖੋਂ ਪਰੋਖੇ ਕਰਨਾ ਪੈ ਸਕਦਾ ਭਾਰੀ


ਜਗਸੀਰ ਸਿੰਘ ਚਹਿਲ , ਬਰਨਾਲਾ, 15 ਜਨਵਰੀ 2022

        14 ਫਰਵਰੀ ਨੂੰ ਹੋਣ ਜਾ ਰਹੀਆ ਵਿਧਾਨ ਸਭਾ ਚੋਣਾਂ ਦੌਰਾਨ ਭਾਜਪਾ ਦੇ ਸਿੱਧੇ ਚੋਣ ਮੈਦਾਨ ਵਿੱਚ ਉਤਰਨ ਤੋਂ ਬਾਅਦ ‘ਹਿੰਦੂ -ਸਿੱਖ’ ਚੇਹਰੇ ਦੀ ਚੋਣ ਕਰਨ ਲਈ ‘ਦੋ-ਚਿੱਤੀ’ ਚ ਫਸੀ ਕਾਂਗਰਸ ਵਲੋਂ ਹਲਕੇ ਦੇ ਲਗਭਗ ਸਵਾ ਲੱਖ ਦੇ ਕਰੀਬ ਸਿੱਖ ਵੋਟਰਾਂ ਨੂੰ ਅੱਖੋਂ ਪਰੋਖੇ ਕਰਕੇ, ਆਖਿਰਕਾਰ ਹਿੰਦੂ ਚੇਹਰੇ ਨੂੰ ਹਲਕਾ ਬਰਨਾਲਾ ਤੋਂ ਚੋਣ ਮੈਦਾਨ ਵਿੱਚ ਉਤਾਰਨ ਦੀ ਲਗਭਗ ਸਹਿਮਤੀ ਬਣ ਚੁੱਕੀ ਹੈ। ਇਹ ਚਰਚਾ ਵਿੱਚ ਹਲਕਾ ਅੰਦਰ ਤੇਜੀ ਨਾਲ ਹੋ ਰਹੀ ਹੈ। ਜਿਸ ਦੇ ਚੱਲਦਿਆਂ ਕਾਂਗਰਸ ਦੇ ਸੰਭਾਵੀ ਉਮੀਦਵਾਰ ਦੇ ਸਮਰਥਕਾਂ ਵਲੋਂ ਗਤੀਵਿਧੀਆਂ ਵੀ ਵਧਾ ਦਿੱਤੀਆਂ ਹਨ।

Advertisement

  ਜਿਕਰਯੋਗ ਹੈ ਕਿ 2002 ਦੀਆਂ ਵਿਧਾਨ ਸਭਾ ਚੋਣਾਂ ਤੱਕ ਹਲਕਾ ਬਰਨਾਲਾ ਨੂੰ ਸ੍ਰੋਮਣੀ ਅਕਾਲੀ ਦਲ ਕਿਲਾ ਮੰਨਿਆ ਜਾਂਦਾ ਰਿਹਾ ਹੈ ਅਤੇ ਕੇਵਲ ਸਿੰਘ ਢਿੱਲੋਂ ਤੋਂ ਪਹਿਲਾਂ ਕਾਂਗਰਸ ਦੀ ਟਿਕਟ ਤੇ ਚੋਣ ਲੜਨ ਵਾਲੇ ਉਮੀਦਵਾਰ 25 ਹਜਾਰ ਦਾ ਅੰਕੜਾ ਪਾਰ ਵੀ ਪਾਰ ਨਹੀਂ ਕਰ ਸਕੇ ਸਨ। ਜਦਕਿ ਕੇਵਲ ਸਿੰਘ ਢਿੱਲੋਂ ਦੇ ਸਿੱਖ ਚੇਹਰੇ ਦੇ ਰੂਪ ਵਿੱਚ ਪਹਿਲੀ ਵਾਰ ਕਾਂਗਰਸ ਨੇ 58 ਹਜਾਰ ਦਾ ਅੰਕੜਾ ਪਾਰ ਕਰਕੇ ਸ੍ਰੋਮਣੀ ਅਕਾਲੀ ਦੇ ਦਿੱਗਜ ਆਗੂ ਅਤੇ ਗਰੀਬਾਂ ਦੇ ਮਸੀਹਾ ਦੇ ਰੂਪ ਵਜੋਂ ਜਾਣੇ ਜਾਂਦੇ ਮਰਹੂਮ ਮਲਕੀਤ ਸਿੰਘ ਕੀਤੂ ਨੂੰ ਪਟਕਣੀ ਦੇ ਕੇ ਸ੍ਰੋਮਣੀ ਅਕਾਲੀ ਦਲ ਦਾ ਗੜ੍ਹ ਤੋੜਿਆ । ਹਲਕੇ ਦੇ ਲੋਕਾਂ ਦੀ ਆਪਸੀ ਭਾਈਚਾਰਿਕ ਸਾਂਝ ਦੀ ਬਦੌਲਤ ਇੱਥੇ ਕਦੇ ਵੀ ਹਿੰਦੂ ਸਿੱਖ ਵਾਲਾ ਫਿਰਕੂ ਰੇੜਕਾ ਨਜ਼ਰ ਨਹੀਂ ਪਿਆ ਸੀ । ਕਿਉਂਕਿ ਇਸ ਹਲਕੇ ਤੋਂ 1992 ਦੀਆਂ ਵਿਧਾਨ ਸਭਾ ਚੋਣਾਂ ‘ਚ ਬਾਈਕਾਟ ਦੌਰਾਨ 4289 ਵੋਟਾਂ ਨਾਲ ਪੰਡਤ ਸੋਮ ਦੱਤ ਹਿੰਦੂ ਚੇਹਰੇ ਦੇ ਰੂਪ ਵਿੱਚ ਵਿਧਾਇਕ ਬਣੇ ਸੀ। ਜਦਕਿ ਬਾਕੀ ਹੁਣ ਤੱਕ ਹੋਈਆਂ ਚੋਣਾਂ ਦੌਰਾਨ ਇਸ ਹਲਕੇ ਦੀ ਨੁਮਾਇੰਦਗੀ ਸਿੱਖ ਚੇਹਰਿਆਂ ਦੇ ਰੂਪ ਵਿੱਚ ਹੀ ਰਹੀ ।

   1997 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਸ੍ਰੋਮਣੀ ਅਕਾਲੀ ਦਲ (ਬ) ਦੇ ਮੋਢਿਆਂ ਤੇ ਚੜ੍ਹ ਕੇ ਪੰਜਾਬ ਦੀ ਸਿਆਸਤ ਵਿੱਚ ਦਾਖਲ ਹੋਈ ਭਾਜਪਾ ਨਾਲੋਂ ਸ੍ਰੋਮਣੀ ਅਕਾਲੀ ਦਲ ਦੇ ਹੋਏ ਤੋੜ ਵਿਛੋੜੇ ਤੋਂ ਕਰੀਬ 22 ਸਾਲ ਬਾਅਦ ਹੁਣ ਹੋ ਰਹੀਆਂ ਵਿਧਾਨ ਸਭਾ ਚੋਣਾਂ ਚ ਪੰਜਾਬ ਦੇ ਸਿਆਸੀ ਮੈਦਾਨ ਵਿੱਚ ਸਿੱਧੇ ਤੇ ਉਤਰ ਰਹੀ ਭਾਜਪਾ ਵਲੋਂ ਪੈਦਾ ਕੀਤੇ ‘ਹਿੰਦੂ-ਸਿੱਖ’ ਫਿਰਕਾਪ੍ਰਸਤੀ ਏਜੰਡੇ ਨੇ ਕਾਂਗਰਸ ਨੂੰ ਫਿਰਕਾਪ੍ਰਸਤੀ ਵਿੱਚ ਉਲਝਾ ਲਿਆ ਹੈ । ਲਗਭਗ 1 ਲੱਖ 80 ਹਜਾਰ ਵੋਟ ਬੈਂਕ ਵਾਲੇ ਹਲਕਾ ਬਰਨਾਲਾ ਦੇ 1 ਲੱਖ 40 ਦੇ ਕਰੀਬ ਸਿੱਖ ਵੋਟਰਾਂ ਨੂੰ ਅੱਖੋਂ ਖਰੋਖੇ ਕਰਕੇ ਲਗਭਗ 40 ਹਜਾਰ ਦੇ ਕਰੀਬ ਹਿੰਦੂ ਵੋਟ ਬੈਂਕ ਵਿੱਚੋਂ ਵੱਧ ਵੋਟ ਆਪਣੇ ਵੱਲ ਖਿੱਚਣ ਦੀ ਮਨਸਾ ਤਹਿਤ ਕਾਂਗਰਸ ਵਲੋਂ ਹਲਕਾ ਬਰਨਾਲਾ ਤੋਂ ਹਿੰਦੂ ਚੇਹਰੇ ਦੇ ਰੂਪ ਸਾਬਕਾ ਕੇਂਦਰੀ ਮੰਤਰੀ ਅਤੇ ਕਾਂਗਰਸ ਦੇ ਖਜਾਨਚੀ ਪਵਨ ਕੁਮਾਰ ਬਾਂਸਲ ਦੇ ਬੇਟੇ ਮੁਨੀਸ਼ ਕੁਮਾਰ ਬਾਂਸਲ ਨੂੰ ਵਿਧਾਨ ਸਭਾ ਹਲਕਾ ਬਰਨਾਲਾ ਤੋਂ ਚੋਣ ਮੈਦਾਨ ਵਿੱਚ ਉਤਾਰਨ ਦਾ ਰਸਤਾ ਲਗਭਗ ਤਹਿ ਕਰ ਲਿਆ ਗਿਆ ਹੈ । ਜਿਸ ਦਾ ਐਲਾਨ ਪਾਰਟੀ ਦੀ ਦੂਜੀ ਸੂਚੀ ਵਿੱਚ ਹੋਣ ਦੀ ਸੰਭਾਵਨਾ ਹੈ।

     ਮਨੀਸ਼ ਬਾਂਸਲ ਬਰਨਾਲਾ ਵਾਸੀਆਂ ਲਈ ਅਣਜਾਣ ਚਿਹਰਾ

      ਬਰਨਾਲਾ ਹਲਕੇ ਤੋਂ ਕਾਂਗਰਸ ਪਾਰਟੀ ਦੇ ਸੰਭਾਵਿਤ ਉਮੀਦਵਾਰ ਚੰਡੀਗੜ੍ਹ ਵਾਸੀ ਮਨੀਸ਼ ਬਾਂਸਲ ਵਲੋਂ ਚੋਣ ਮੁਹਿੰਮ ਸ਼ੁਰੂ ਕਰ ਦਿੱਤੀ ਹੈ। ਚੋਣ ਮੁਹਿੰਮ ਤਹਿਤ ਹੀ ਮਨੀਸ਼ ਬਾਂਸਲ ਨੇ ਆਪਣੇ ਸਮਰਥਕਾਂ ਜਰੀਏ ਬਰਨਾਲਾ ਦੇ ਧਨੌਲਾ ਰੋੜ ਸਥਿਤ ‘ਆਸਥਾ’ ਕਲੋਨੀ ਵਿੱਚ ਕੋਠੀ ਨੰਬਰ 91 ਅਤੇ ਆਈਟੀਆਈ ਚੌਂਕ ਨੇੜੇ ਸਥਿਤ ਹੇਮਕੁੰਟ ਨਗਰ ਵਿਖੇ ਸਥਿਤ ਦੋ ਕੋਠੀਆਂ ਦੀਆਂ ਚਾਬੀਆਂ ਵੀ ਲੈ ਲਈਆਂ ਹਨ। ਬੀਤੀ ਕੱਲ ਨਗਰ ਕੌਂਸਲ ਵਲੋਂ ਸਹਿਰ ਅੰਦਰਲੇ ਯੂਨੀਪੋਲਾਂ ਦੀ ਬੁਕਿੰਗ ਲਈ ਮੰਗੀਆਂ ਅਰਜੀਆਂ ਵਿੱਚ ਵੀ ਮੁਨੀਸ਼ ਬਾਂਸਲ ਦੇ ਸਮਰਥਕਾਂ ਵਲੋਂ ਕਾਂਗਰਸ ਦੀ ਤਰਫ਼ੋ ਕਰੀਬ 10 ਯੂਨੀਪੋਲ ਬੁੱਕ ਕਰਨ ਦੀ ਅਰਜੀ ਦਿੱਤੀ ਗਈ ਹੈ। ਜਦਕਿ ਸਾਬਕਾ ਵਿਧਾਇਕ ਅਤੇ ਕਾਂਗਰਸ ਟਿਕਟ ਦੇ ਵੱਡੇ ਦਾਅਵੇਦਾਰ ਕੇਵਲ ਸਿੰਘ ਢਿੱਲੋਂ ਵਲੋਂ ਦਿੱਤੀ ਅਰਜੀ ਤੇ ਕਿਸੇ ਵੀ ਪਾਰਟੀ ਦਾ ਨਾਮ ਨਹੀਂ ਦਰਸਾਇਆ ਗਿਆ। ਮੁਨੀਸ਼ ਬਾਂਸਲ ਵਲੋਂ ਆਪਣੇ ਸਮਰਥਕਾਂ ਜਰੀਏ ਬਰਨਾਲਾ ਅਤੇ ਲੁਧਿਆਣਾ ਵਿਖੇ ਬੈਨਰ ਤਿਆਰ ਕਰਨ ਦੇ ਆਰਡਰ ਦਿੱਤੇ ਗਏ ਹਨ ਤਾਂ ਜੋ ਟਿਕਟ ਦਾ ਐਲਾਨ ਹੁੰਦਿਆਂ ਸਾਰ ਹੀ ਬਰਨਾਲਾ ਅੰਦਰ ਲਗਾਏ ਜਾ ਸਕਣ।

    ਭਰੋਸੇਯੋਗ ਸੂਤਰਾਂ ਅਨੁਸਾਰ ਜੇਕਰ ਕਾਂਗਰਸ ਵਲੋਂ ਫਿਰਕੂ ਏਜੰਡੇ ਤੇ ਕੰਮ ਕਰਦਿਆਂ ਸਿੱਖ ਚੇਹਰੇ ਕਾਰਣ ਕੇਵਲ ਸਿੰਘ ਢਿੱਲੋਂ ਦੀ ਬਜਾਏ ਹਿੰਦੂ ਚੇਹਰੇ ਦੇ ਰੂਪ ਵਿੱਚ ਮੁਨੀਸ਼ ਬਾਂਸਲ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਜਾਂਦਾ ਹੈ ਤਾਂ ਕੇਵਲ ਸਿੰਘ ਢਿੱਲੋਂ ਕਿਸੇ ਹੋਰ ਸਿਆਸੀ ਪਾਰਟੀ ਜਾਂ ਆਜਾਦ ਤੌਰ ਤੇ ਬਰਨਾਲਾ ਤੋਂ ਚੋਣ ਮੈਦਾਨ ਵਿੱਚ ਉੱਤਰ ਸਕਦੇ ਹਨ। ਜੇਕਰ ਅਜਿਹਾ ਹੁੰਦਾ ਹੈ ਤਾਂ ਕੇਵਲ ਸਿੰਘ ਢਿੱਲੋਂ ਦੇ ਨਾਲ ਬਰਨਾਲਾ ਸਹਿਰ ਦੇ ਦਰਜਨ ਦੇ ਕਰੀਬ ਕੌਂਸਲਰ ਸਮੇਤ ਬਰਨਾਲਾ ਕਾਂਗਰਸ ਦਾ ਵੱਡਾ ਹਿੱਸਾ ਕਾਂਗਰਸ ਨੂੰ ਅਲਵਿਦਾ ਕਹਿ ਕੇ ਨਿੱਜੀ ਤੌਰ ਤੇ ਕੇਵਲ ਸਿੰਘ ਢਿੱਲੋਂ ਦੇ ਨਾਲ ਖੜ੍ਹ ਸਕਦਾ ਹੈ।

   ਓਧਰ ਬੀਤੀ ਕੱਲ ਭਾਜਪਾ ਨਾਲ ਗਠਜੋੜ ਵਾਲੀ ‘ਪੰਜਾਬ ਲੋਕ ਕਾਂਗਰਸ’ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਵੀ ਬਰਨਾਲਾ ਸੀਟ ਤੇ ਆਪਣੀ ਦਾਅਵੇਦਾਰੀ ਠੋਕ ਦਿੱਤੀ ਹੈ। ਕੈਪਟਨ ਅਮਰਿੰਦਰ ਸਿੰਘ ਦੇ ਇਸ ਫੈਸਲੇ ਨੂੰ ਕੇਵਲ ਸਿੰਘ ਢਿੱਲੋਂ ਨਾਲ ਹੀ ਜੋੜ ਕੇ ਦੇਖਿਆ ਜਾ ਰਿਹਾ ਹੈ, ਕਿਉਂਕਿ ਸੁਰੂ ਤੋਂ ਹੀ ਕੇਵਲ ਸਿੰਘ ਢਿੱਲੋਂ ਅਤੇ ਕੈਪਟਨ ਅਮਰਿੰਦਰ ਸਿੰਘ ਦੀ ਪਵਿਰਾਰਿਕ ਸਾਂਝ ਦੇ ਚਰਚੇ ਰਹੇ ਹਨ। ਇਸੇ ਸਾਂਝ ਦੀ ਬਦੌਲਤ ਹੀ ਕੈਪਟਨ ਅਮਰਿੰਦਰ ਸਿੰਘ ਵਲੋਂ 2006 ਦੀ ਸਰਕਾਰ ਦੌਰਾਨ ਕੇਵਲ ਸਿੰਘ ਢਿੱਲੋਂ ਦੇ ਕਹਿਣ ਤੇ ਬਰਨਾਲਾ ਨੂੰ ਜਿਲ੍ਹਾ ਬਣਵਾਇਆ ਗਿਆ ਸੀ। ਜੇਕਰ ਹਲਕੇ ਦੇ ਮੌਜੂਦਾ ਹਾਲਤਾਂ ਦੀ ਗੱਲ ਕਰੀਏ ਤਾਂ ਭਾਜਪਾ ਵਲੋਂ ਬੁਣੀ ‘ਹਿੰਦੂ-ਸਿੱਖ’ ਚੇਹਰੇ ਦੀ ਫਿਰਕਾ ਪ੍ਰਸਤੀ ਵਾਲੀ ਤਾਣੀ ਵਿੱਚ ਉਲਝੀ ਕਾਂਗਰਸ ਨੂੰ ਇਹ ਏਜੰਡਾ ਹਲਕੇ ਤੋਂ ਭਾਰੀ ਪੈਦਾਂ ਨਜਰ ਆ ਰਿਹਾ ਹੈ ਅਤੇ ਵਿਰੋਧੀ ਪਾਰਟੀਆਂ ਦੇ ਮੁਕਾਬਲੇ ਕਾਂਗਰਸ , ਹਲਕਾ ਬਰਨਾਲਾ ਅੰਦਰ ਮੁਕਾਬਲੇ ਚੋਂ ਬਾਹਰ ਹੁੰਦੀ ਨਜ਼ਰ ਆ ਰਹੀ ਹੈ।

Advertisement
Advertisement
Advertisement
Advertisement
Advertisement
error: Content is protected !!