ਪੰਜਾਬ ਵਿੱਚ ਪੰਜਾਬੀ ਬੋਲੇ ਕੇਜਰੀਵਾਲ ਅਤੇ ਰਾਘਵ ਚੱਢਾ ਜੀ…
ਪਰਦੀਪ ਕਸਬਾ ਸੰਗਰੂਰ , 1 ਦਸੰ ਜਨਵਰੀ 2022
ਪੰਜਾਬੀ ਭਾਸ਼ਾ ਅਤੇ ਸਭਿਆਚਾਰ ਲਈ ਨਿੱਠਕੇ ਕੰਮ ਕਰਨ ਵਾਲੇ ਪੰਡਿਤ ਰਾਓ ਧਰੇਨਵਰ ਨੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਵਿੱਚ ਪਾਰਟੀ ਮਾਮਲਿਆਂ ਦੇ ਕਾਰਮੁਖਤਿਆਰ ਰਾਘਵ ਚੱਢਾ ਨੂੰ ਖ਼ਤ ਲਿਖ ਕੇ ਬੇਨਤੀ ਕੀਤੀ ਹੈ ਕਿ ਪੰਜਾਬ ਵਿਚ ਪਾਰਟੀ ਦਾ ਪ੍ਰਚਾਰ ਕਰਨ ਮੌਕੇ ਉਹ ਪੰਜਾਬੀ ਵਿਚ ਹੀ ਬੋਲਿਆ ਕਰਨ।
ਇਸ ਪੱਤਰ ਵਿੱਚ ਉਨ੍ਹਾਂ ਨੇ ਇਹ ਵੀ ਲਿਖਿਆ ਹੈ ਕਿ ਪੀਜੀਆਈ ਵਿੱਚ ਲੱਗੇ ਦੱਖਣ ਭਾਰਤੀ ਡਾਕਟਰ ਪੰਜਾਬੀ ਸਿੱਖ ਕੇ ਜੇ ਪੰਜਾਬ ਦੇ ਮਰੀਜ਼ਾਂ ਨਾਲ ਪੰਜਾਬੀ ਵਿੱਚ ਵਧੀਆ ਤਰੀਕੇ ਨਾਲ਼ ਗੱਲਬਾਤ ਕਰ ਸਕਦੇ ਹਨ ਤਾਂ ਹਰਿਆਣੇ ਦੇ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਪਿਛੋਕੜ ਵਾਲ਼ੇ ਰਾਘਵ ਚੱਢਾ ਅਜਿਹਾ ਕਿਉਂ ਨਹੀਂ ਕਰ ਸਕਦੇ। ਉਨ੍ਹਾਂ ਨੇ ਰਾਘਵ ਚੱਢਾ ਨੂੰ ਇਹ ਸਵਾਲ ਵੀ ਪੁਛਿਆ ਹੈ ਕਿ ਇੱਕ ਪੰਜਾਬੀ ਹੋਣ ਦੇ ਬਾਵਜੂਦ ਉਹ ਪੰਜਾਬੀ ਕਿਉਂ ਨਹੀਂ ਬੋਲਦੇ ?
ਦਿੱਲੀ ਦੀ ਜਵਾਹਰ ਲਾਲ ਯੂਨੀਵਰਸਿਟੀ ਵਿਚ ਪੰਜਾਬੀ ਅਧਿਐਨ ਕੇਂਦਰ ਚਾਲੂ ਕਰਨ ਦੇ ਵਾਅਦੇ ਤੇ ਖਰੀ ਨਾ ਉਤਰਨ ਵਾਲ਼ੀ ਦਿੱਲੀ ਸਰਕਾਰ ਉਪਰ ਵੀ ਪੰਡਿਤਰਾਓ ਨੇ ਸਵਾਲ ਚੁੱਕੇ ਹਨ।
ਉਨ੍ਹਾਂ ਨੇ ਇਹ ਮੰਗ ਵੀ ਕੀਤੀ ਹੈ ਕਿ ਆਉਣ ਵਾਲੀਆਂ ਪੰਜਾਬ ਵਿਧਾਨਸਭਾ ਚੋਣਾਂ ਲਈ ਆਮ ਆਦਮੀ ਪਾਰਟੀ ਵੱਲੋਂ ਜਾਰੀ ਕੀਤੇ ਜਾਣ ਵਾਲ਼ੇ ਮੈਨੀਫੈਸਟੋ ਵਿੱਚ ਪੰਜਾਬੀ ਜ਼ੁਬਾਨ ਅਤੇ ਪੰਜਾਬੀ ਸਭਿਆਚਾਰ ਦੀ ਤਰੱਕੀ ਦੀਆਂ ਯੋਜਨਾਵਾਂ ਦਾ ਜ਼ਿਕਰ ਵੀ ਜ਼ਰੂਰ ਕੀਤਾ ਜਾਵੇ।
ਪੰਡਿਤਰਾਓ ਨੇ ਅਰਵਿੰਦ ਕੇਜਰੀਵਾਲ ਨੂੰ ਕਿਸੇ ਚੰਗੇ ਅਧਿਆਪਕ ਕੋਲੋਂ ਪੰਜਾਬੀ ਸਿੱਖਣ ਦੀ ਸਲਾਹ ਦੇਂਦਿਆਂ ਪੈਂਤੀ ਅੱਖਰਾਂ ਦੇ ਸਤਿਕਾਰ ਵਜੋਂ ਉਨ੍ਹਾਂ ਨੂੰ ਪੈਂਤੀ ਸੌ ਰੁਪਏ ਦਾ ਚੈਕ ਵੀ ਭੇਜਿਆ ਹੈ।
ਸਿਰ ਤੇ ਗੁਰਮੁਖੀ ਅੱਖਰਾਂ ਵਾਲ਼ਾ ਬੋਰਡ ਚੁੱਕ ਕੇ ਆਪਣੇ ਰਵਇਤੀ ਅੰਦਾਜ਼ ਵਿਚ ਪ੍ਰਚਾਰ ਕਰਨ ਵਾਲੇ ਪੰਡਿਤ ਰਾਓ ਧਰੇਨਵਰ ਨੇ ਪਟਿਆਲਾ ਵਿਖੇ ਪਹੁੰਚ ਕੇ ਅਰਵਿੰਦ ਕੇਜਰੀਵਾਲ ਨੂੰ ਬੇਨਤੀ ਕੀਤੀ ਹੈ ਕਿ ਜੇ ਉਹ ਪੰਜਾਬ ਵਿੱਚ ਆਕੇ ਪੰਜਾਬੀ ਬੋਲਣਗੇ ਤਾਂ ਉਹਨਾਂ ਦੀ ਆਮ ਆਦਮੀ ਪਾਰਟੀ ਪੰਜਾਬ ਵਿਚ ਹੋਰ ਮਜ਼ਬੂਤ ਹੋਵੇਗੀ।
———–++-++++++++++!+++++