ਸਾਲ 1992 ‘ਚ ਪਹਿਲੀ ਵਾਰ ਬਸਪਾ ਦੀ ਟਿਕਟ ਤੇ ਭਦੌੜ ਤੋਂ ਬਣੇ ਸੀ ਵਿਧਾਇਕ , ਵਿਧਾਨ ਸਭਾ ਅੰਦਰ 5 ਸਾਲ ਵਿਰੋਧੀ ਧਿਰ ਦੇ ਡਿਪਟੀ ਲੀਡਰ ਵੀ ਰਹੇ ਹਨ ਨਿਰਮਲ ਨਿੰਮਾ
ਹਰਿੰਦਰ ਨਿੱਕਾ , ਬਰਨਾਲਾ 30 ਦਸੰਬਰ 2021
ਪੰਜਾਬ ਵਿਧਾਨ ਸਭਾ ਅੰਦਰ ਸਾਲ 1992 ਤੋਂ 1997 ਤੱਕ ਵਿਰੋਧੀ ਧਿਰ ਦੇ ਡਿਪਟੀ ਲੀਡਰ ਦੀ ਭੂਮਿਕਾ ਨਿਭਾ ਚੁੱਕੇ ਸਾਬਕਾ ਵਿਧਾਇਕ ਨਿਰਮਲ ਸਿੰਘ ਨਿੰਮਾ ਅੱਜ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਬਣਾਈ ਪੰਜਾਬ ਲੋਕ ਕਾਂਗਰਸ ਪਾਰਟੀ ਵਿੱਚ ਸ਼ਾਮਿਲ ਹੋ ਗਏ। ਨਿਰਮਲ ਸਿੰਘ ਨਿੰਮਾ ਦੇ ਪੰਜਾਬ ਲੋਕ ਕਾਂਗਰਸ ਵਿੱਚ ਸ਼ਾਮਿਲ ਹੋਣ ਤੋਂ ਬਾਅਦ ਉਨਾਂ ਵੱਲੋਂ ਭਦੌੜ ਵਿਧਾਨ ਸਭਾ ਹਲਕੇ ਤੋਂ ਭਾਜਪਾ, ਪੰਜਾਬ ਲੋਕ ਕਾਂਗਰਸ ਪਾਰਟੀ ਅਤੇ ਸੰਯੁਕਤ ਅਕਾਲੀ ਦਲ ਗੱਠਜੋੜ ਦੇ ਉਮੀਦਵਾਰ ਦੇ ਤੌਰ ਤੇ ਨਿੱਤਰਣ ਦੀਆਂ ਸੰਭਾਵਨਾਵਾਂ ਵੱਧ ਗਈਆਂ ਹਨ। ਸਾਬਕਾ ਵਿਧਾਇਕ ਨਿੰਮਾ ਦੇ ਪੰਜਾਬ ਲੋਕ ਕਾਂਗਰਸ ਵਿੱਚ ਸ਼ਾਮਿਲ ਹੋਣ ਨਾਲ ਜਿਲ੍ਹੇ ਅੰਦਰ ਪੰਜਾਬ ਲੋਕ ਕਾਂਗਰਸ ਦਾ ਪ੍ਰਭਾਵ ਵੱਧਣ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ।
ਜਿਕਰਯੋਗ ਹੈ ਕਿ ਨਿੰਮਾ ਪਹਿਲੀ ਵਾਰ ਵਿਧਾਨ ਸਭਾ ਹਲਕਾ ਭਦੌੜ ਤੋਂ 1992 ਵਿੱਚ ਬਹੁਜਨ ਸਮਾਜ ਪਾਰਟੀ ਦੀ ਟਿਕਟ ਤੇ ਵਿਧਾਇਕ ਬਣੇ ਸਨ। ਪਾਰਟੀ ਨੇ ਉਨਾਂ ਨੂੰ ਵਿਰੋਧੀ ਧਿਰ ‘ਚ ਡਿਪਟੀ ਲੀਡਰ ਦਾ ਅਹੁਦਾ ਦੇ ਕੇ ਵੀ ਨਿਵਾਜਿਆ ਸੀ। ਪਰੰਤੂ ਬਾਅਦ ਵਿੱਚ ਉਨ੍ਹਾਂ ਮਨਪ੍ਰੀਤ ਸਿੰਘ ਬਾਦਲ ਦੀ ਅਗਵਾਈ ‘ਚ ਬਣੀ ਪੀਪੀਪੀ ਵਿੱਚ ਸ਼ਮੂਲੀਅਤ ਕਰ ਲਈ ਸੀ। ਜਦੋਂ ਮਨਪ੍ਰੀਤ ਬਾਦਲ ਨੇ ਕੁੱਝ ਵਰ੍ਹੇ ਪਹਿਲਾਂ ਕਾਂਗਰਸ ਪਾਰਟੀ ਵਿੱਚ ਰਲੇਵਾਂ ਕੀਤਾ ਸੀ ਤਾਂ ਨਿੰਮਾ ਵੀ ਉਨਾਂ ਦੇ ਨਾਲ ਹੀ ਕਾਂਗਰਸ ਪਾਰਟੀ ਵਿੱਚ ਸ਼ਾਮਿਲ ਹੋ ਗਏ ਸਨ। ਸਾਲ 2017 ਦੀਆਂ ਵਿਧਾਨ ਸਭਾ ਚੋਣਾਂ ਮੌਕੇ ਕਾਂਗਰਸ ਪਾਰਟੀ ਨੇ ਨਿੰਮਾ ਨੂੰ ਟਿਕਟ ਵੀ ਦੇ ਦਿੱਤੀ ਸੀ, ਪਰੰਤੂ ਬਾਅਦ ਵਿੱਚ ਟਿਕਟ ਬਦਲ ਦਿੱਤੀ ਗਈ ਸੀ। ਪੰਜਾਬ ਲੋਕ ਕਾਂਗਰਸ ਪਾਰਟੀ ਦੇ ਜਿਲ੍ਹਾ ਪ੍ਰਧਾਨ ਗੁਰਦਰਸ਼ਨ ਸਿੰਘ ਬਰਾੜ ਨੇ ਪਾਰਟੀ ਵਿੱਚ ਨਿਰਮਲ ਸਿੰਘ ਨਿੰਮਾ ਦੀ ਆਮਦ ਨੂੰ ਖੁਸ਼ਆਮਦੀਦ ਕਿਹਾ, ਬਰਾੜ ਨੇ ਕਿਹਾ ਕਿ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਪਹਿਲਾਂ ਪਾਰਟੀ ਵਿੱਚ ਹੋਰ ਵੀ ਲੀਡਰ ਸ਼ਾਮਿਲ ਹੋਣਗੇ। ਉਨਾਂ ਕਿਹਾ ਕਿ ਨਿੰਮਾ ਦੇ ਆਉਣ ਨਾਲ ਪਾਰਟੀ ਹੋਰ ਵੀ ਮਜਬੂਤ ਹੋਵੇਗੀ।