ਪੇਂਡੂ_ਅਤੇ_ਖੇਤ_ਮਜ਼ਦੂਰ_ਜਥੇਬੰਦੀਆਂ_ਦੇ_ਸਾਂਝੇ_ਮੋਰਚੇ_ਵਲੋਂ ਵਾਅਦਾ ਖਿਲਾਫੀ ਵਿਰੁੱੱਧ ਮੁੱਖ_ਮੰਤਰੀ ਦੀ ਆਮਦ ‘ਤੇ ਕਾਲੇ ਝੰਡਿਆਂ ਵਿਰੋਧ
ਮੰਨੀਆਂ ਮੰਗਾਂ ਲਾਗੂ ਕਰਨ ਦੀ ਮੰਗ
ਪਰਦੀਪ ਕਸਬਾ , ਜੰਡਿਆਲਾ ਮੰਜਕੀ, 24 ਦਸੰਬਰ 2021
ਪੇਂਡੂ ਅਤੇ ਖੇਤ ਮਜ਼ਦੂਰ ਜਥੇਬੰਦੀਆਂ ਦੇ ਸਾਂਝੇ ਮੋਰਚੇ ਦੇ ਸੂਬਾਈ ਸੱਦੇ ਤਹਿਤ ਮਜ਼ਦੂਰ ਮੰਗਾਂ ਦੀ ਵਾਅਦਾ ਖਿਲਾਫੀ ਵਿਰੁੱੱਧ ਜੰਡਿਆਲਾ ਮੰਜਕੀ ਨੇੜੇ ਪਿੰਡ ਬੁੰਡਾਲਾ ਵਿਖੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਆਮਦ’ਤੇ ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਅਤੇ ਦਿਹਾਤੀ ਮਜ਼ਦੂਰ ਸਭਾ ਵਲੋਂ ਕਾਲ਼ੇ ਝੰਡਿਆਂ ਨਾਲ ਤਿੱਖਾ ਵਿਰੋਧ ਕੀਤਾ ਗਿਆ। ਵਿਰੋਧ ਨੂੰ ਧਿਆਨ ਵਿੱਚ ਰੱਖਦੇ ਹੋਏ ਪ੍ਰਸ਼ਾਸਨ ਨੇ ਆਗੂਆਂ ਨੂੰ ਮੁੱਖ ਮੰਤਰੀ ਨਾਲ ਗੱਲਬਾਤ ਲਈ ਪੇਸਕਸ਼ ਕੀਤੀ ਲੇਕਿਨ ਮੁੱਖ ਮੰਤਰੀ ਬਿਨ੍ਹਾਂ ਗੱਲਬਾਤ ਕੀਤੇ ਹੀ ਮੂੰਹ ਫੇਰ ਚੱਲਦਾ ਬਣਿਆ।ਜਿਸ ‘ਤੇ ਮੁੱਖ ਮੰਤਰੀ ਦੇ ਮਜ਼ਦੂਰ ਦੋਖੀ ਵਤੀਰੇ ਦੀ ਨਿੰਦਾ ਕਰਦਿਆਂ ਜਥੇਬੰਦੀਆਂ ਨੇ ਵਿਰੋਧ ਨੂੰ ਤੇਜ ਕਰਨ ਦਾ ਐਲਾਨ ਕੀਤਾ।
ਇਸ ਮੌਕੇ ਯੂਨੀਅਨ ਦੇ ਸੂਬਾਈ ਪ੍ਰੈੱਸ ਸਕੱਤਰ ਕਸ਼ਮੀਰ ਸਿੰਘ ਘੁੱਗਸ਼ੋਰ, ਸੂਬਾ ਆਗੂ ਹੰਸ ਰਾਜ ਪੱਬਵਾਂ, ਦਿਹਾਤੀ ਮਜ਼ਦੂਰ ਸਭਾ ਦੇ ਸੂਬਾਈ ਆਗੂ ਪਰਮਜੀਤ ਸਿੰਘ ਰੰਧਾਵਾ ਤੇ ਮੇਜਰ ਫਿਲੌਰ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਝੂਠ ਬੋਲਕੇ ਦਲਿਤ ਮਜ਼ਦੂਰਾਂ ਨੂੰ ਗੁੰਮਰਾਹ ਕਰਨ ਰਾਹੀਂ ਵੋਟਾਂ ਵਟੋਰਨ ਦੇ ਕੋਝੇ ਹੱਥ ਕੰਡੇ ਵਰਤੇ ਰਹੇ ਹਨ ਅਤੇ ਗਰੀਬ ਲੋਕਾਂ ਨਾਲ਼ ਫੋਕੀਆਂ ਫੋਟੋਆਂ ਕਰਵਾਕੇ ਉਹਨਾਂ ਨੂੰ ਬੁੱਕਲ਼ ‘ਚ ਲੈਕੇ ਗਲਾ ਘੁੱਟਣ ਦੀ ਨੀਤੀ ‘ਤੇ ਚੱਲ ਰਿਹਾ ਹੈ।ਜਿਸ ਕਰਕੇ ਕਾਂਗਰਸੀ ਮੰਤਰੀਆਂ, ਵਿਧਾਇਕਾਂ ਦਾ ਕਾਲ਼ੇ ਝੰਡਿਆਂ ਨਾਲ ਡਟਵਾਂ ਵਿਰੋਧ ਕੀਤਾ ਜਾ ਰਿਹਾ ਹੈ।
ਆਗੂਆਂ ਨੇ ਦੋਸ਼ ਲਾਇਆ ਕਿ ਮੁੱਖ ਮੰਤਰੀ ਵੱਲੋਂ 23 ਨਵੰਬਰ ਨੂੰ ਮਜ਼ਦੂਰ ਜਥੇਬੰਦੀਆਂ ਨਾਲ਼ ਮੀਟਿੰਗ ਦੌਰਾਨ ਬੇਘਰਿਆਂ ਦੇ ਨਾਲ- ਨਾਲ ਲੋੜਵੰਦ ਪਰਿਵਾਰਾਂ ਨੂੰ ਵੀ ਪਲਾਟ ਦੇਣ, ਕੱਟੇ ਪਲਾਟਾਂ ਦੇ ਕਬਜ਼ੇ ਦੇਣ, ਮਜ਼ਦੂਰ ਘਰਾਂ ‘ਚੋਂ ਬਿਜਲੀ ਦੇ ਪੁੱਟੇ ਮੀਟਰ ਬਿਨਾਂ ਸ਼ਰਤ ਜੋੜਨ, ਕੋਅਪਰੇਟਿਵ ਸੁਸਾਇਟੀਆਂ ‘ਚ ਮਜ਼ਦੂਰਾਂ ਲਈ 25 ਫੀਸਦੀ ਰਾਖਵਾਂਕਰਨ ਕਰਕੇ ਕਰਜ਼ਾ ਰਾਸ਼ੀ 50 ਹਜ਼ਾਰ ਰੁਪਏ ਕਰਨ,ਮਾਈਕਰੋਫਾਈਨਾਸ ਕੰਪਨੀਆਂ ਦੁਆਰਾ ਮਜ਼ਦੂਰ ਔਰਤਾਂ ਨੂੰ ਜ਼ਲੀਲ ਕਰਨ ਤੇ ਉਹਨਾਂ ਦੇ ਘਰੇਲੂ ਸਮਾਨ ਦੀ ਕੁਰਕੀ ਨੂੰ ਸਖ਼ਤੀ ਨਾਲ ਰੋਕਣ, ਦਲਿਤਾਂ ‘ਤੇ ਜ਼ਬਰ ਦੇ ਦੋਸ਼ੀਆਂ ਨੂੰ ਸਜ਼ਾਵਾਂ ਦੇਣ ਲਈ ਸਿੱਟ ਦਾ ਗਠਨ ਕਰਨ ਵਰਗੀਆਂ ਅਨੇਕਾਂ ਮੰਗਾਂ ਪ੍ਰਵਾਨ ਕਰਨ ਤੋਂ ਬਾਅਦ ਇਹਨਾਂ ਨੂੰ ਅਮਲੀ ਰੂਪ ‘ਚ ਲਾਗੂ ਕਰਨ ਲਈ ਕੋਈ ਕਦਮ ਨਹੀਂ ਚੁੱਕਿਆ ਗਿਆ। ਉਹਨਾਂ ਕਿਹਾ ਕਿ ਮੁੱਖ ਮੰਤਰੀ ਵੱਲੋਂ ਜ਼ਮੀਨੀ ਹੱਦਬੰਦੀ ਕਾਨੂੰਨ ਤੋਂ ਵਾਧੂ ਜ਼ਮੀਨਾਂ ਦੇ ਮਾਲਕਾਂ ਦੀਆਂ ਸੂਚੀਆਂ ਬਨਾਉਣ ਸਬੰਧੀ ਪੱਤਰ ਜਾਰੀ ਕਰਕੇ ਵਾਪਸ ਲੈਣਾ ਉਸਦੇ ਮਜ਼ਦੂਰ ਦੋਖੀ ਅਤੇ ਜਗੀਰਦਾਰਾਂ ਤੇ ਧਨਾਢਾ ਦਾ ਨੁੰਮਾਇੰਦਾ ਹੋਣ ਦਾ ਮੂੰਹ ਬੋਲਦਾ ਸਬੂਤ ਹੈ ਜਿਸ ਕਰਕੇ ਮਜ਼ਦੂਰ ਵਰਗ ਅੰਦਰ ਕਾਂਗਰਸ ਦੀਆਂ ਨੀਤੀਆਂ ਖਿਲਾਫ ਭਾਰੀ ਰੋਸ ਪਾਇਆ ਜਾ ਰਿਹਾ ਹੈ।
ਇਸ ਮੌਕੇ ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਦੇ ਸੂਬਾ ਪ੍ਰੈੱਸ ਸਕੱਤਰ ਕਸ਼ਮੀਰ ਸਿੰਘ ਘੁੱਗਸ਼ੋਰ, ਸੂਬਾ ਆਗੂ ਹੰਸ ਰਾਜ ਪੱਬਵਾਂ, ਦਰਸ਼ਨਪਾਲ ਬੁੰਡਾਲਾ, ਦਿਹਾਤੀ ਮਜ਼ਦੂਰ ਸਭਾ ਦੇ ਸੂਬਾਈ ਆਗੂ ਪਰਮਜੀਤ ਸਿੰਘ ਰੰਧਾਵਾ,ਮੇਜਰ ਫਿਲੌਰ ਤੋਂ ਇਲਾਵਾ ਚੰਨਣ ਸਿੰਘ ਬੁੱਟਰ ਆਦਿ ਨੇ ਸੰਬੋਧਨ ਕੀਤਾ।