ਕਾਲਜ਼ ਫੇਰੀ ਦੌਰਾਨ ਕੈਬਨਿਟ ਮੰਤਰੀ ਵਿਜੈਇੰਦਰ ਸਿੰਗਲਾ ਨੂੰ ਵਿਦਿਆਰਥੀ ਮੰਗਾਂ ਸੰਬੰਧੀ ਮੰਗ ਪੱਤਰ ਦਿੱਤਾ
ਮੌਕੇ ‘ਤੇ ਹੀ ਕੈਬਨਿਟ ਮੰਤਰੀ ਨੇ ਉੱਚ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਨੂੰ ਫੋਨ ‘ਤੇ ਵਿਦਿਆਰਥੀਆਂ ਦੀਆਂ ਕੁਝ ਸੱਮਸਿਆਵਾਂ ਨੋਟ ਕਰਵਾਈਆਂ
ਪਰਦੀਪ ਕਸਬਾ , ਸੰਗਰੂਰ 24 ਦਸੰਬਰ 2021
ਸਥਾਨਕ ਸਰਕਾਰੀ ਰਣਬੀਰ ਕਾਲਜ ਸੰਗਰੂਰ ਵਿਖੇ ਕੈਬਨਿਟ ਮੰਤਰੀ ਵਿਜੈਇੰਦਰ ਸਿੰਗਲਾ ਦੀ ਕਾਲਜ ਫੇਰੀ ਦੌਰਾਨ ਤਿੰਨ ਵਿਦਿਆਰਥੀ ਜੱਥੇਬੰਦੀਆਂ ਪੰਜਾਬ ਸਟੂਡੈਂਟਸ ਯੂਨੀਅਨ (ਸ਼ਹੀਦ ਰੰਧਾਵਾ), ਪੰਜਾਬ ਸਟੂਡੈਂਟਸ ਯੂਨੀਅਨ (ਲਲਕਾਰ) ਅਤੇ ਪੰਜਾਬ ਰੈਡੀਕਲ ਸਟੂਡੈਂਟਸ ਯੂਨੀਅਨ ਦੀ ਅਗਵਾਈ ਹੇਠ ਵਿਦਿਆਰਥੀ ਮੰਗਾਂ ਸੰਬੰਧੀ ਮੰਗ ਪੱਤਰ ਦਿੱਤਾ ਗਿਆ। ਮੰਗ ਪੱਤਰ ਤੋਂ ਪਹਿਲਾਂ ਕਾਲਜ ਵਿੱਚ ਰੈਲੀ ਕੀਤੀ ਗਈ। ਇਸ ਮੌਕੇ ਪੀ.ਆਰ.ਐੱਸ.ਯੂ ਦੀ ਆਗੂ ਸੰਦੀਪ ਕੌਰ,ਪੀ.ਐੱਸ.ਯੂ(ਲਲਕਾਰ) ਦੇ ਆਗੂ ਗੁਰਪ੍ਰੀਤ ਜੱਸਲ ਅਤੇ ਪੀ.ਐੱਸ.ਯੂ (ਸ਼ਹੀਦ ਰੰਧਾਵਾ) ਦੇ ਆਗੂ ਰਮਨ ਸਿੰਘ ਕਾਲਾਝਾੜ, ਕੋਮਲ ਖਨੌਰੀ ਨੇ ਸੰਬੋਧਨ ਕਰਦਿਆਂ ਕਿਹਾ ਕਿ ਅੱਜ ਪੰਜਾਬ ਦੇ ਸਰਕਾਰੀ ਕਾਲਜਾਂ ਵਿੱਚ ਸਹੂਲਤਾਂ ਦੀ ਦੁਰਗਤ ਕੀਤੀ ਜਾ ਰਹੀ ਹੈ।
ਵਿਦਿਆਰਥੀਆਂ ਤੋਂ ਪੀਟੀਏ ਫੰਡ ਦੇ ਨਾਮ ‘ਤੇ ਕਰੋੜਾਂ ਰੁਪਏ ਕੱਠੇ ਕੀਤੇ ਜਾ ਰਹੇ ਹਨ।ਐਸ.ਸੀ ਵਿਦਿਆਰਥੀਆਂ ਲਈ ਵਜ਼ੀਫ਼ੇ ਲਈ ਅਪਲਾਈ ਕਰਨ ਲਈ ਆਨਲਾਈਨ ਪੋਰਟਲ ਬੰਦ ਕਰ ਦਿੱਤਾ ਗਿਆ ਜਿਸ ਕਾਰਨ ਬਹੁਤ ਸਾਰੇ ਵਿਦਿਆਰਥੀਆਂ ਵਜ਼ੀਫਾ ਅਪਲਾਈ ਨਹੀਂ ਕਰ ਸਕੇ।
ਰੈਲੀ ਤੋਂ ਉਪਰੰਤ ਵਿਦਿਆਰਥੀਆਂ ਜੱਥੇਬੰਦੀਆਂ ਦੇ ਵਫਦ ਵੱਲੋਂ ਕੈਬਨਿਟ ਮੰਤਰੀ ਨੂੰ ਮੰਗ ਪੱਤਰ ਦਿੱਤਾ ਗਿਆ। ਮੰਗ ਪੱਤਰ ਰਾਹੀ ਮੰਗ ਕੀਤੀ ਗਈ ਕਿ ਡਾ. ਅੰਬੇਦਕਰ ਵਜ਼ੀਫਾ ਸਕੀਮ ਤਹਿਤ ਅਪਲਾਈ ਕਰਨ ਲਈ ਵਿਦਿਆਰਥੀਆਂ ਨੂੰ ਕਾਫੀ ਦਿੱਕਤਾਂ ਆਉਣ ਕਾਰਨ ਵੱਡੀ ਗਿਣਤੀ ਵਜ਼ੀਫਾ ਅਪਲਾਈ ਨਹੀਂ ਕਰ ਸਕੇ ।ਇਸ ਲਈ ਵਜ਼ੀਫਾ ਅਪਲਾਈ ਕਰਨ ਲਈ ਪੋਰਟਲ ਮੁੜ ਖੋਲ੍ਹਿਆ ਜਾਵੇ,ਸਰਕਾਰੀ ਕਾਲਜਾਂ ਵਿੱਚ ਸੰਘਰਸ਼ ਕਰ ਰਹੇ ਗੈਸਟ ਫੈਕਲਟੀ ਪ੍ਰੋਫ਼ੈਸਰਾਂ ਨੂੰ ਸੁਰੱਖਿਅਤ ਕੀਤਾ ਜਾਵੇ,ਰਣਬੀਰ ਕਾਲਜ ਗੇਟ ਅੱਗੇ ਬੱਸਾਂ ਰੁਕਣਾ ਯਕੀਨੀ ਬਣਾਇਆ ਜਾਵੇ,ਕਾਲਜ ਵਿੱਚ ਬਿਲਡਿੰਗ,ਫਰਨੀਚਰ,
ਪਾਰਕਿੰਗ ਸ਼ੈੱਡ, ਮੁੰਡਿਆਂ ਲਈ ਕਾਮਨ ਰੂਮ ਅਤੇ ਵਿਦਿਆਰਥੀ ਹੋਸਟਲਾਂ ਦਾ ਪ੍ਰਬੰਧ ਕੀਤਾ ਜਾਵੇ,ਕੁੜੀਆਂ ਦੇ ਹੋਸਟਲ ਨੂੰ ਕਲਾਸਾਂ ਦੇ ਤੌਰ ਤੇ ਵਰਤਣਾ ਬੰਦ ਕੀਤਾ ਜਾਵੇ ਅਤੇ ਉੱਥੇ ਕੁੜੀਆਂ ਦੇ ਹੋਸਟਲਾਂ ਦਾ ਪ੍ਰਬੰਧ ਕੀਤਾ ਜਾਵੇ,ਸਰਕਾਰੀ ਕਾਲਜਾਂ ਵਿੱਚ ਵਿਦਿਆਰਥੀਆਂ ਤੋਂ ਪੀਟੀਏ ਵਸੂਲਣਾ ਬੰਦ ਕੀਤਾ ਜਾਵੇ,ਪੰਜਾਬ ਸਰਕਾਰ ਵੱਲੋਂ ਕੁੜੀਆਂ ਨਾਲ ਕੀਤਾ ਮੁਫ਼ਤ ਸਿੱਖਿਆ ਦਾ ਵਾਅਦਾ ਪੂਰਾ ਕਰੋ,ਵਿਧਾਨ ਸਭਾ ਦਾ ਸੈਸ਼ਨ ਸੱਦ ਕੇ ਨਵੀਂ ਸਿੱਖਿਆ ਨੀਤੀ 2020 ਰੱਦ ਕੀਤੀ ਜਾਵੇ,ਹਰ ਨੌਜਵਾਨ ਨੂੰ ਸਥਾਈ ਰੁਜਗਾਰ ਮੁੱਹਈਆ ਕਰਵਾਇਆ ਜਾਵੇ ਅਤੇ ਰੁਜਗਾਰ ਨਾ ਮਿਲਣ ਤੱਕ ਹਰ ਬੇਰੁਜਗਾਰ ਨੂੰ ਗੁਜਾਰੇ ਲਈ ਬੇਰੁਜਗਾਰੀ ਭੱਤਾ ਦਿੱਤਾ ਜਾਵੇ ਅਤੇ ਰੁਜ਼ਗਾਰ ਮੰਗਦੇ ਨੌਜਵਾਨਾਂ ‘ਤੇ ਜ਼ਬਰ ਕਰਨਾ ਬੰਦ ਕੀਤਾ ਜਾਵੇ ਅਤੇ ਪਿਛਲੇ ਦਿਨੀਂ ਮਾਨਸਾ ਵਿਖੇ ਨੌਜਵਾਨਾਂ ਤੇ ਲਾਠੀਆਂ ਵਰ੍ਹਾਉਣ ਵਾਲੇ ਡੀਐਸਪੀ ਤੇ ਸਖ਼ਤ ਕਾਰਵਾਈ ਕੀਤੀ ਜਾਵੇ।