ਨਸ਼ਿਆਂ ਨੂੰ ਠੱਲ੍ਹ ਪਾਉਣਾ ਅਤੇ ਹਰ ਤਰਾਂ ਦੇ ਅਪਰਾਧੀਆਂ ਨਾਲ ਸਖਤੀ ਨਾਲ ਨਜਿੱਠਣਾ ਮੇਰੀ ਪਹਿਲੀ ਤਰਜ਼ੀਹ
ਹਰਿੰਦਰ ਨਿੱਕਾ/ ਰਘਵੀਰ ਹੈਪੀ , ਬਰਨਾਲਾ 22 ਦਸੰਬਰ 2021
ਸ਼ਹਿਰ ਅੰਦਰ ਨਸ਼ਿਆਂ ਨੂੰ ਠੱਲ੍ਹ ਪਾਉਣਾ ਅਤੇ ਹਰ ਤਰਾਂ ਦੇ ਅਪਰਾਧੀਆਂ ਨਾਲ ਸਖਤੀ ਨਾਲ ਨਜਿੱਠਣਾ ਮੇਰੀ ਪਹਿਲੀ ਤਰਜ਼ੀਹ ਹੋਵੇਗੀ। ਇਹ ਦਾਅਵਾ ਇੰਸਪੈਕਟਰ ਗੁਰਮੀਤ ਸਿੰਘ ਨੇ ਥਾਣਾ ਸਿਟੀ 1 ਬਰਨਾਲਾ ਦੇ ਐਸ.ਐਚ.ਉ ਦਾ ਅਹੁਦਾ ਸੰਭਾਲਣ ਤੋਂ ਬਾਅਦ ਪਹਿਲੀ ਵਾਰ ਮੀਡੀਆ ਨੂੰ ਮੁਖਾਤਿਬ ਹੁੰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਜਿਲ੍ਹਾ ਪੁਲਿਸ ਮੁਖੀ ਅਲਕਾ ਮੀਨਾ ਦੇ ਦਿਸ਼ਾ ਨਿਰਦੇਸ਼ ਅਨੁਸਾਰ ਅਪਰਾਧਿਕ ਗਤੀਵਿਧੀਆਂ ਨੂੰ ਕੰਟਰੋਲ ਕਰਨ ਲਈ ਥਾਣੇ ਦੇ ਹੋਰ ਅਧਿਕਾਰੀਆਂ ਅਤੇ ਕਰਮਚਾਰੀਆਂ ਦੇ ਸਹਿਯੋਗ ਨਾਲ ਸ਼ਿਕੰਜਾ ਕਸਿਆ ਜਾਵੇਗਾ।
ਉਨਾਂ ਕਿਹਾ ਕਿ ਨਸ਼ਿਆਂ ਨੂੰ ਨਕੇਲ ਪਾਉਣਾ ਅਤੇ ਸ਼ਹਿਰ ਅੰਦਰ ਅਮਨ ਕਾਨੂੰਨ ਦੀ ਵਿਵਸਥਾ ਨੂੰ ਬਹਾਲ ਕਰਕੇ, ਲੋਕਾਂ ਵਿੱਚੋਂ ਅਪਰਾਧੀਆਂ ਦੇ ਖੌਫ ਨੂੰ ਘਟਾਉਣਾ ਮੇਰੀਆਂ ਪਹਿਲੀਆਂ ਤਰਜ਼ੀਹਾਂ ਵਿੱਚ ਸ਼ਾਮਿਲ ਹੈ। ਉਨਾਂ ਕਿਹਾ ਕਿ ਅਪਰਾਧੀਆਂ ਨੂੰ ਕੰਟਰੋਲ ਕਰਨ ਅਤੇ ਅਪਰਾਧ ਤੇ ਕਾਬੂ ਪਾਉਣ ਲਈ ਟਾਮ ਲੋਕਾਂ ਦਾ ਸਹਿਯੋਗ ਬੇਹੱਦ ਜਰੂਰੀ ਹੈ। ਉਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਸ਼ਹਿਰ ਅੰਦਰ ਹੋ ਰਹੇ ਅਪਰਾਧ ਸਬੰਧੀ, ਮੈਨੂੰ ਬਿਨਾਂ ਝਿਜਕ ਤੋਂ ਜਾਣਕਾਰੀ ਦਿਉ, ਬਿਨਾਂ ਦੇਰੀ ਤੋਂ ਅਪਰਾਧੀਆਂ ਖਿਲਾਫ ਕਾਰਵਾਈ ਕਰਨਾ ਮੇਰਾ ਕੰਮ ਹੈ। ਉਨਾਂ ਕਿਹਾ ਕਿ ਸ਼ਹਿਰ ਦੇ ਚੰਗੇ ਨਾਗਿਰਕਾਂ ਨੂੰ ਥਾਣੇ ਵਿੱਚ ਪੂਰਾ ਮਾਣ ਸਨਮਾਨ ਦੇਣਾ ਯਕੀਨੀ ਬਣਾਇਆ ਜਾਵੇਗਾ।
ਉਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਚੋਣਾਂ ਦੇ ਮੱਦੇਨਜ਼ਰ ਜਿਲ੍ਹਾ ਮਜਿਸਟ੍ਰੇਟ ਵੱਲੋਂ ਹਰ ਤਰਾਂ ਦਾ ਅਸਲਾ ਜਮ੍ਹਾਂ ਕਰਵਾਉਣ ਲਈ ਵਿਸ਼ੇਸ਼ ਮੁਹਿੰਮ ਵਿੱਢੀ ਜਾ ਰਹੀ ਹੈ। ਉਨਾਂ ਕਿਹਾ ਕਿ ਲੋਕਾਂ ਨੂੰ ਜਲਦੀ ਤੋਂ ਜਲਦੀ, ਅਸਲਾ ਥਾਣਿਆਂ ਜਾਂ ਅਸਲਾ ਡੀਲਰਾਂ ਕੋਲ ਜਮ੍ਹਾ ਕਰਵਾ ਕੇ ਚੰਗੇ ਨਾਗਿਰਕ ਹੋਣ ਦਾ ਫਰਜ਼ ਨਿਭਾਉਣਾ ਚਾਹੀਦਾ ਹੈ। ਉਨਾਂ ਕਿਹਾ ਕਿ ਮੀਡੀਆ ਲੋਕਤੰਤਰ ਦਾ ਚੌਥਾ ਥੰਮ੍ਹ ਹੈ, ਉਹ ਮੀਡੀਆ ਦਾ ਸਹਿਯੋਗ ਚਾਹੁੰਦੇ ਹਨ ।
ਵਰਨਣਯੋਗ ਹੈ ਕਿ 2014 ਬੈਚ ਦੇ ਪੁਲਿਸ ਅਧਿਕਾਰੀ ਇੰਸਪੈਕਟਰ ਗੁਰਮੀਤ ਸਿੰਘ ਕੋਲ ਪਬਲਿਕ ਡੀਲਿੰਗ ਅਤੇ ਵਧੀਆ ਪ੍ਰਸ਼ਾਸ਼ਨ ਦੇਣ ਦਾ ਲੰਬਾ ਤਜੁਰਬਾ ਹੈ। ਗੁਰਮੀਤ ਸਿੰਘ 2 ਸਾਲ 10 ਮਹੀਨੇ ਮੂਣਕ ਥਾਣੇ ‘ਚ ਬਤੌਰ ਐਸ.ਐਚ.ਉ ਸੇਵਾਵਾਂ ਨਿਭਾਉਣ ਤੋਂ ਇਲਾਵਾ ਮਾਨਸਾ ਜਿਲ੍ਹੇ ਦੇ ਵੱਖ ਵੱਖ ਥਾਣਿਆਂ ਵਿੱਚ ਲੱਗਭੱਗ ਪੰਜ ਸਾਲ ਆਪਣੀ ਕਾਬਲੀਅਤ ਦਾ ਲੋਹਾ ਮਨਵਾ ਚੁੱਕੇ ਹਨ। ਕੁੱਝ ਦਿਨ ਪਹਿਲਾਂ ਇੰਸਪੈਕਟਰ ਗੁਰਮੀਤ ਸਿੰਘ ਨੂੰ ਥਾਣਾ ਸਦਰ ਬਰਨਾਲਾ ਦਾ ਐਸਐਚਉ ਲਗਾਇਆ ਗਿਆ ਸੀ, ਜਦੋਂ ਕਿ ਹੁਣ ਉਨਾਂ ਨੂੰ ਜਿਲ੍ਹੇ ਦੇ ਅਬਾਦੀ ਪੱਖੋਂ ਨੰਬਰ 1 ਥਾਣਾ ਸਿਟੀ ਦੀ ਕਮਾਂਡ ਸੌਂਪੀ ਗਈ ਹੈ।