ਚਰਚਿਤ ਨਾਮ ਕੁਲਵੰਤ ਸਿੰਘ ਟਿੱਬਾ ਬਣੇ ਕਾਂਗਰਸੀ
- ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਰਾਜ ਪੱਧਰੀ ਸਮਾਗਮ ਚ ਟਿੱਬਾ ਨੂੰ ਕੀਤਾ ਸ਼ਾਮਲ
ਮਹਿਲ ਕਲਾਂ 17 ਦਸੰਬਰ 2021(ਗੁਰਸੇਵਕ ਸਿੰਘ ਸਹੋਤਾ,ਪਾਲੀ ਵਜੀਦਕੇ)
‘ਹੋਪ ਫ਼ਾਰ ਮਹਿਲ ਕਲਾਂ’ ਦੇ ਇੰਚਾਰਜ ਵਜੋਂ ਪਿਛਲੇ ਲੰਮੇ ਸਮੇਂ ਤੋਂ ਹਲਕੇ ਵਿੱਚ ਆਪਣੀਆਂ ਸਰਗਰਮੀਆਂ ਕਰ ਰਹੇ ਕੁਲਵੰਤ ਸਿੰਘ ਟਿੱਬਾ ਅੱਜ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਹੇਠ ਕਾਂਗਰਸ ਵਿਚ ਸ਼ਾਮਲ ਹੋ ਗਏ। ਪਿਛਲੇ ਕਈ ਦਿਨਾਂ ਤੋਂ ਚਰਚਾ ਸੀ ਕਿ ਕੁਲਵੰਤ ਸਿੰਘ ਟਿੱਬਾ ਕਾਂਗਰਸ ਦਾ ਹੱਥ ਫੜ ਸਕਦੇ ਹਨ, ਜੋ ਚਰਚਾਵਾਂ ਸੱਚ ਹੋਈਆਂ। ਟਿੱਬਾ ਪਿਛਲੇ ਤਿੰਨ ਸਾਲਾਂ ਤੋਂ ਹਲਕੇ ਦੇ ਪਿੰਡਾਂ ਵਿਚ ਲੋਕਾਂ ਨੂੰ ਲਗਾਤਾਰ ਮਿਲ ਰਹੇ ਸਨ,ਉਨ੍ਹਾਂ ਦੀ ਸੰਸਥਾ ‘ਹੋਪ ਫਾਰ ਮਹਿਲ ਕਲਾਂ’ ਵੱਲੋਂ ਲਗਾਤਾਰ ਸਮਾਜ ਭਲਾਈ ਦੇ ਕੰਮਾਂ ਦੇ ਨਾਲ ਨਾਲ ਸਰਕਾਰੀ ਸਹੂਲਤਾਂ ਲੈਣ ਲਈ ਲੋਕਾਂ ਦੀ ਮਦਦ ਕਰ ਰਹੀ ਸੀ। ਲੰਘੇ ਕਿਸਾਨੀ ਸੰਘਰਸ਼ ਵਿੱਚ ਵੀ ਕੁਲਵੰਤ ਸਿੰਘ ਟਿੱਬਾ ਵੱਲੋਂ ਵਧੀਆ ਭੂਮਿਕਾ ਨਿਭਾਈ ਗਈ ਸੀ। ਰਾਜਨੀਤਕ ਸਰਗਰਮੀਆਂ ਦੇ ਚਲਦਿਆਂ ਬਹੁਤ ਸਾਰੀਆਂ ਪਾਰਟੀਆਂ ਉਨ੍ਹਾਂ ਨਾਲ ਸੰਪਰਕ ਬਣਾ ਰਹੀਆਂ ਸਨ ਪਰ ਕੁਲਵੰਤ ਸਿੰਘ ਟਿੱਬਾ ਲੋਕਾਂ ਦੀ ਸੇਵਾ ਨੂੰ ਸਮਰਪਤ ਰਹੇ। ਹੁਣ ਜਦੋਂ ਵਿਧਾਨ ਸਭਾ ਚੋਣਾਂ ਨਜ਼ਦੀਕ ਆਈਆਂ ਹਨ ਤਾਂ ਕੁਲਵੰਤ ਸਿੰਘ ਟਿੱਬਾ ਨੇ ਕਾਂਗਰਸ ਚ ਸ਼ਾਮਲ ਹੁੰਦਿਆਂ ਹੀ ਵਿਧਾਨ ਸਭਾ ਹਲਕਾ ਮਹਿਲ ਕਲਾਂ ਤੇ ਆਪਣੀ ਦਾਅਵੇਦਾਰੀ ਜਤਾ ਦਿੱਤੀ ਹੈ। ਪਾਰਟੀ ਪ੍ਰਧਾਨ ਨਵਜੋਤ ਸਿੰਘ ਸਿੱਧੂ,ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ,ਪੰਜਾਬ ਦੇ ਸਿੱਖਿਆ ਮੰਤਰੀ ਪਰਗਟ ਸਿੰਘ ਨਾਲ ਵੀ ਕੁਲਵੰਤ ਸਿੰਘ ਟਿੱਬਾ ਵੱਲੋਂ ਕਈ ਮੀਟਿੰਗਾਂ ਕੀਤੀਆਂ ਜਾ ਚੁੱਕੀਆਂ ਹਨ। ਅੱਜ ਜਲੰਧਰ ‘ਚ ਕਾਂਗਰਸ ਦੀ ਹੋਈ ਰਾਜ ਪੱਧਰੀ ਸਮਾਗਮ ਵਿੱਚ ਚਰਨਜੀਤ ਸਿੰਘ ਚੰਨੀ ਤੇ ਹਰੀਸ਼ ਰਾਵਤ ਨੇ ਉਨ੍ਹਾਂ ਨੂੰ ਸਾਥੀਆਂ ਸਮੇਤ ਸ਼ਾਮਲ ਕੀਤਾ। ਕੁਲਵੰਤ ਸਿੰਘ ਟਿੱਬਾ ਜਿੱਥੇ ਸੀਨੀਅਰ ਕਾਂਗਰਸੀਆਂ ਦੇ ਸੰਪਰਕ ਵਿਚ ਸਨ ਉਥੇ ਜ਼ਿਲ੍ਹਾ ਅਬਜ਼ਰਬਰ ਸੀਤਾ ਰਾਮ ਲਾਂਬਾ ਅਤੇ ਹਲਕਾ ਅਬਜ਼ਰਵਰ ਇਸ਼ਾਨ ਖ਼ਾਨ ਵੀ ਟਿੱਬਾ ਨੂੰ ਕਈ ਵਾਰ ਮਿਲ ਚੁੱਕੇ ਹਨ। ਟਿੱਬਾ ਦੀ ਸਿੱਧੇ ਰੂਪ ਚ ਕਾਂਗਰਸ ਚ ਸ਼ਾਮਲ ਹੋ ਜਾਣ ਨਾਲ ਮਹਿਲ ਕਲਾਂ ਦੀ ਸਿਆਸਤ ਚ ਨਵੀਂ ਹਲਚਲ ਪੈਦਾ ਹੋ ਗਈ ਹੈ ਕਿਉਂਕਿ ਕੁਲਵੰਤ ਸਿੰਘ ਟਿੱਬਾ ਵੀ ਮਹਿਲ ਕਲਾਂ ਰਿਜ਼ਰਵ ਸੀਟ ਲਈ ਆਪਣੀ ਦਾਅਵੇਦਾਰੀ ਪੇਸ਼ ਕਰਨਗੇ। ਕਾਂਗਰਸ ਪਾਰਟੀ ਦੇ ਬਹੁਤ ਸਾਰੇ ਸਥਾਨਕ ਲੀਡਰਾਂ ਨਾਲ ਵੀ ਕੁਲਵੰਤ ਸਿੰਘ ਟਿੱਬਾ ਦੇ ਚੰਗੇ ਸਬੰਧ ਹਨ, ਜੋ ਟਿੱਬਾ ਨੂੰ ਕਾਂਗਰਸ ਚ ਸ਼ਾਮਲ ਹੋਣ ਦੀ ਅਪੀਲ ਕਰ ਰਹੇ ਸਨ। ਹੁਣ ਦੇਖਣਾ ਹੋਵੇਗਾ ਕਿ ਆਉਣ ਵਾਲੇ ਸਮੇਂ ਵਿੱਚ ਕੁਲਵੰਤ ਸਿੰਘ ਟਿੱਬਾ ਦਾ ਕੀ ਭਵਿੱਖ ਹੋਵੇਗਾ। ਜੇਕਰ ਹਾਈਕਮਾਨ ਸੱਚਮੁੱਚ ਹੀ ਉਨ੍ਹਾਂ ਨੂੰ ਚੋਣ ਮੈਦਾਨ ਵਿਚ ਉਤਾਰਦੀ ਹੈ ਤਾਂ ਕੁਲਵੰਤ ਬਨਾਮ ਕੁਲਵੰਤ ਟੱਕਰ ਦੇਖਣ ਨੂੰ ਮਿਲ ਸਕਦੀ ਹੈ। ਕਿਉਂਕਿ ਆਮ ਆਦਮੀ ਪਾਰਟੀ ਦੇ ਨੌਜਵਾਨ ਵਿਧਾਇਕ ਨੂੰ ਨੌਜਵਾਨ ਉਮੀਦਵਾਰ ਹੀ ਟੱਕਰ ਦੇ ਸਕਦਾ ਹੈ, ਇਹ ਆਮ ਲੋਕਾਂ ਦਾ ਵੀ ਮੰਨਣਾ ਹੈ। ਹੁਣ ਦੇਖਣਾ ਹੋਵੇਗਾ ਕਿ ਆਉਣ ਵਾਲੇ ਦਿਨਾਂ ਵਿਚ ਬਤੌਰ ਕਾਂਗਰਸੀ ਕੁਲਵੰਤ ਸਿੰਘ ਟਿੱਬਾ ਆਪਣੀਆਂ ਰਾਜਸੀ ਸਰਗਰਮੀਆਂ ਕਦੋਂ ਸ਼ੁਰੂ ਕਰਦੇ ਹਨ।