ਹੱਕ ਮੰਗਦੇ ਅਧਿਆਪਕਾਂ ‘ਤੇ ਤਸ਼ੱਦਦ ਦੇ ਵਿਰੋਧ ‘ਚ ਸਾਂਝੇ ਅਧਿਆਪਕ ਮੋਰਚੇ ਨੇ ਮੁੱਖ ਮੰਤਰੀ ਦਾ ਫੂਕਿਆ ਪੁਤਲਾ
- ਬੇਰੁਜ਼ਗਾਰਾਂ ਨੂੰ ਪੱਕਾ ਸਰਕਾਰੀ ਰੁਜ਼ਗਾਰ ਦੇਣ ਅਤੇ ਕੱਚੇ ਮੁਲਾਜ਼ਮ ਬਿਨਾਂ ਸ਼ਰਤ ਪੱਕੇ ਕਰਨ ਦੀ ਕੀਤੀ ਮੰਗ
- ਮੁੱਖ ਮੰਤਰੀ ਦੀ ਮਾਨਸਾ ਫੇਰੀ ਮੌਕੇ ਅੰਨ੍ਹੇਵਾਹ ਲਾਠੀਚਾਰਜ ਕਰਨ ਵਾਲੇ ਅਧਿਕਾਰੀਆਂ ਨੂੰ ਫੌਰੀ ਬਰਖਾਸਤ ਕਰਨ ਦੀ ਮੰਗ
ਹਰਿੰਦਰ ਮੱਲ੍ਹੀਆਂ,13 ਦਸੰਬਰ, 2021 ਬਰਨਾਲਾ
ਹੱਕੀ ਮੰਗਾਂ ਲਈ ਸੰਘਰਸ਼ ਕਰ ਰਹੇ ਬੇਰੁਜ਼ਗਾਰ ਅਤੇ ਕੱਚੇ ਅਧਿਆਪਕਾਂ ਉੱਪਰ ਪੰਜਾਬ ਸਰਕਾਰ ਦੇ ਇਸ਼ਾਰੇ ਤੇ ਹੋ ਰਹੇ ਤਸ਼ੱਦਦ ਦੇ ਵਿਰੋਧ ਵਿਚ ਸਾਂਝੇ ਅਧਿਆਪਕ ਮੋਰਚੇ ਵੱਲੋਂ ਦਿੱਤੇ ਬਲਾਕ ਪੱਧਰੀ ਐਕਸ਼ਨਾਂ ਦੇ ਸੱਦੇ ਤਹਿਤ ਬਰਨਾਲਾ ਬਲਾਕ ਦੇ ਅਧਿਆਪਕਾਂ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਬਰਨਾਲਾ ਵਿੱਚ ਇਕੱਠੇ ਹੋ ਕੇ ਬਜ਼ਾਰਾਂ ਵਿੱਚ ਦੀ ਰੋਸ ਪ੍ਰਦਰਸ਼ਨ ਕਰਦੇ ਹੋਏ ਸਥਾਨਿਕ ਸ਼ਹੀਦ ਭਗਤ ਸਿੰਘ ਚੌਂਕ ਵਿੱਚ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦਾ ਪੁਤਲਾ ਫੂਕ ਕੇ ਸਖ਼ਤ ਰੋਸ ਜ਼ਾਹਰ ਕੀਤਾ ਗਿਆ ਅਤੇ ਮਾਨਸਾ ਵਿਖੇ ਬੇਰੁਜ਼ਗਾਰਾਂ ਉੱਪਰ ਹੋਏ ਪੁੁਲਸੀਆ ਤਸ਼ੱਦਦ ਨੂੰ ਜਮਹੂਰੀ ਹੱਕਾਂ ਦਾ ਘਾਣ ਕਰਨ ਵਾਲੀ ਸ਼ਰਮਨਾਕ ਘਟਨਾ ਕਰਾਰ ਦਿੱਤਾ ਗਿਆ। ਮੋਰਚੇ ਨੇ ਕੱਚੇ ਮੁਲਾਜ਼ਮ ਪੱਕੇ ਕਰਨ, ਬੇਰੁਜ਼ਗਾਰਾਂ ਨੂੰ ਪੱਕਾ ਸਰਕਾਰੀ ਰੁਜ਼ਗਾਰ ਦੇਣ, ਨਵੀਆਂ ਭਰਤੀਆਂ ਮੁਕੰਮਲ ਕਰਨ ਅਤੇ ਮਾਨਸਾ ਲਾਠੀਚਾਰਜ਼ ਲਈ ਜ਼ਿੰਮੇਵਾਰ ਡੀ ਐੱਸ ਪੀ ਅਤੇ ਹੋਰਨਾਂ ਅਧਿਕਾਰੀਆਂ ਨੂੰ ਫੌਰੀ ਬਰਖਾਸਤ ਕਰਨ ਦੀ ਮੰਗ ਵੀ ਕੀਤੀ।
ਸਾਂਝੇ ਅਧਿਆਪਕ ਮੋਰਚੇ ਦੇ ਆਗੂ ਹਰਿੰਦਰ ਮੱਲ੍ਹੀਆਂ, ਗੁਰਮੀਤ ਸੁਖਪੁਰਾ, ਪਰਮਿੰਦਰ ਸਿੰਘ ਰੁਪਾਲ ਨੇ ਕਿਹਾ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਵਾਲੀ ਸਰਕਾਰ ਵੀ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਧੌਂਸਮਈ ਨਕਸ਼ੇ ਕਦਮਾਂ ਉਪਰ ਹੀ ਚੱਲ ਰਹੀ ਹੈ। ਜਿਸ ਦਾ ਪ੍ਰਗਟਾਵਾ ਮੌਜੂਦਾ ਮੁੱਖ ਮੰਤਰੀ ਵੱਲੋਂ ਹੱਕ ਮੰਗਦੇ ਲੋਕਾਂ ਬਾਰੇ ਵੱਖ-ਵੱਖ ਸਟੇਜਾਂ ਤੋਂ ਕੀਤੀਆਂ ਗ਼ੈਰ ਜ਼ਿੰਮੇਵਾਰਾਨਾ ਟਿੱਪਣੀਆਂ ਕਰਨ, ਸੰਘਰਸ਼ੀ ਲੋਕਾਂ ਉੱਪਰ ਪੁਲੀਸ ਕੇਸ ਦਰਜ ਕਰਨ ਅਤੇ ਡੀ.ਜੇ. ਚਲਾ ਕੇ ਲੋਕਾਂ ਦੀ ਆਵਾਜ਼ ਦਬਾਉਣ ਵਰਗੇ ਗ਼ੈਰਵਾਜਬ ਫ਼ੈਸਲਿਆਂ ਤੋਂ ਸਾਫ ਜ਼ਾਹਰ ਹੁੰਦਾ ਹੈ। ਸਾਂਝੇ ਅਧਿਆਪਕ ਮੋਰਚੇ ਦੇ ਆਗੂਆਂ ਨੇ ਮੰਗ ਕੀਤੀ ਕਿ ਸਾਰੇ ਕੱਚੇ ਮੁਲਾਜ਼ਮ ਸਮੇਤ ਸਿੱਖਿਆ ਪ੍ਰੋਵਾਈਡਰ, ਵਲੰਟੀਅਰ ਅਧਿਆਪਕ, ਆਈ.ਈ.ਵੀ, ਮੈਰੀਟੋਰੀਅਸ ਤੇ ਆਦਰਸ਼ ਸਕੂਲ ਸਟਾਫ, ਕਸਤੂਰਬਾ ਗਾਂਧੀ ਬਾਲਿਕਾ ਵਿਦਿਆਲਾ ਹੋਸਟਲਾਂ ਦਾ ਸਟਾਫ ਅਤੇ ਨਾਨ ਟੀਚਿੰਗ ਕਰਮਚਾਰੀ ਬਿਨਾਂ ਸ਼ਰਤ ਵਿਭਾਗਾਂ ਵਿੱਚ ਪੱਕੇ ਕੀਤੇ ਜਾਣ, ਪਿਕਟਸ ਸੁਸਾਇਟੀ ਅਧੀਨ ਰੈਗੂਲਰ ਕੰਪਿਊਟਰ ਅਧਿਆਪਕਾਂ ਨੂੰ ਸਿੱਖਿਆ ਵਿਭਾਗ ਵਿੱਚ ਸ਼ਿਫਟ ਕੀਤਾ ਜਾਵੇ ਅਤੇ ਬੇਰੁਜ਼ਗਾਰਾਂ ਲਈ ਪੱਕੇ ਸਰਕਾਰੀ ਰੁਜ਼ਗਾਰ ਦਾ ਪ੍ਰਬੰਧ ਕੀਤਾ ਜਾਵੇ।
ਆਗੂਆਂ ਕੁਸ਼ਲ ਸਿੰਘੀ, ਰਾਜੀਵ ਕੁਮਾਰ, ਅਮਰਜੀਤ ਸਿੰਘ ਖਾਲਸਾ, ਅਮਰੀਕ ਸਿੰਘ ਭੱਦਲਵੱਡ, ਹਰਜੀਤ ਸਿੰਘ ਖੁੱਡੀ, ਅੰਮ੍ਰਿਤ ਪਾਲ ਕੋਟਦੁੱਨਾ, ਏਕਮ ਪ੍ਰੀਤ ਸਿੰਘ ਭੋਤਨਾ ਨੇ ਕਿਹਾ ਕਿ ਸਿੱਖਿਆ ਵਿਭਾਗ ਵਿਚ ਸ਼ੁਰੂ ਕੀਤੀਆਂ ਨਵੀਂ ਭਰਤੀਆਂ (ਪ੍ਰੀ ਪ੍ਰਾਇਮਰੀ 8393, ਪ੍ਰਾਇਮਰੀ ਦੀਆਂ 2364, 6635 ਆਦਿ) ਫੌਰੀ ਪੂਰੀਆਂ ਕਰਕੇ ਨਿਯੁਕਤੀ ਪੱਤਰ ਜਾਰੀ ਕੀਤੇ ਜਾਣ ਅਤੇ ਸੈਕੰਡਰੀ ਵਿੱਚ ਸਾਰੇ ਵਿਸ਼ਿਆਂ ਦੀਆਂ ਬਣਦੀਆਂ ਸਾਰੀਆਂ ਖਾਲੀ ਅਸਾਮੀਆਂ ਅਨੁਸਾਰ ਨਵੀਂ ਭਰਤੀ ਦੇ ਇਸ਼ਤਿਹਾਰ ਜਾਰੀ ਕੀਤੇ ਜਾਣ। ਇਸ ਮੌਕੇ ਦਰਸ਼ਨ ਬਦਰਾ, ਗੁਰਗੀਤ ਸਿੰਘ ਠੀਕਰੀਵਾਲਾ,ਮਨਜੀਤ ਸਿੰਘ ਬਖਤਗੜ, ਕੇਵਲ ਸਿੰਘ ਆਦਿ ਹਾਜ਼ਰ ਸਨ ।