ਸੰਯੁਕਤ ਕਿਸਾਨ ਮੋਰਚਾ: ਧਰਨੇ ਦਾ 439 ਵਾਂ ਦਿਨ
- ਜਿੱਤ ਦੀ ਡੁੱਲ ਡੁੱਲ ਪੈਂਦੀ ਖੁਸ਼ੀ:ਬੀਬੀਆਂ ਨੇ ਟਰਾਲੀਉਂ ਉਤਰਦੇ ਹੀ ਸ਼ੁਰੂ ਕੀਤੀ ਗਿੱਧੇ ਦੀ ਧਮਾਲ ;ਸੰਚਾਲਕਾਂ ਦੀ ਬੇਨਤੀ ‘ਤੇ ਘੰਟਿਆਂ ਬਾਅਦ ਛੱਡਿਆ ਸਟੇਜ ਦਾ ‘ਕਬਜ਼ਾ’।
- ਭਲਕੇ ਮੰਗਲਵਾਰ ਧਰਨਾ ਸਥਲ ‘ਤੇ 11 ਵਜੇ ਸੁਖਮਨੀ ਸਾਹਿਬ ਦੇ ਭੋਗ ਪਾਏ ਜਾਣਗੇ; ਸਭ ਨੂੰ ਸ਼ਾਮਲ ਹੋਣ ਦੀ ਅਪੀਲ
- ਪਰਸੋਂ15 ਤਰੀਕ ਨੂੰ ਖਤਮ ਕੀਤਾ ਜਾਵੇਗਾ 441 ਦਿਨ ਪੁਰਾਣਾ ਧਰਨਾ; ਸ਼ਹਿਰ ‘ਚ ਧੰਨਵਾਦੀ ਫਤਹਿ ਮਾਰਚ ਹੋਵੇਗਾ ਆਖਰੀ ਪ੍ਰੋਗਰਾਮ : ਉਪਲੀ
- ਧਰਨੇ ‘ਚ ਰਘਬੀਰ ਸਿੰਘ ਕੱਟੂ ਗਿੱਲ ਦੀ ਕਿਤਾਬ ‘ਬੋਲ ਕਿਸਾਨੀ ਦੇ’ ਲੋਕ-ਅਰਪਣ ਕੀਤੀ; ਸਾਹਿਤ ‘ਤੇ ਅੰਦੋਲਨ ਦਾ ਰੰਗ ਹੋਰ ਗੂੜ੍ਹਾ ਹੋਣ ਲੱਗਾ: ਕੱਟੂ
ਰਵੀ ਸੈਣ,ਬਰਨਾਲਾ: 13 ਦਸੰਬਰ, 2021
ਸਰਕਾਰ ਵੱਲੋਂ ਮੰਗਾਂ ਮੰਨ ਲਏ ਜਾਣ ਅਤੇ ਸੰਯਕਤ ਕਿਸਾਨ ਮੋਰਚੇ ਵੱਲੋਂ ਅੰਦੋਲਨ ਨੂੰ ਮੁਅੱਤਲ ਕੀਤੇ ਜਾਣ ਬਾਅਦ ਦੇ ਫੈਸਲੇ ਤੋਂ ਬਾਅਦ ਰੇਲਵੇ ਸਟੇਸ਼ਨ ‘ਤੇ ਲਾਇਆ ਧਰਨਾ ਹੁਣ ਆਪਣੇ ਅੰਤਿਮ ਪੜਾਅ ਵੱਲ ਵਧ ਰਿਹਾ ਹੈ। ਮੋਰਚੇ ਦੀ ਕੌਮੀ ਲੀਡਰਸ਼ਿਪ ਦੇ ਫੈਸਲੇ ਅਨੁਸਾਰ 15 ਦਸੰਬਰ ਇਸ ਧਰਨੇ ਦਾ ਆਖਰੀ ਦਿਨ ਹੋਵੇਗਾ। ਅੱਜ 439 ਵੇਂ ਦਿਨ ਵੀ ਧਰਨਾ ਪੂਰੇ ਜੋਸ਼ੋ-ਖਰੋਸ਼ ਨਾਲ ਜਾਰੀ ਰਿਹਾ। ਜਿਉਂ ਜਿਉਂ ਧਰਨੇ ਦਾ ਆਖਰੀ ਦਿਨ ਨਜਦੀਕ ਆ ਰਿਹਾ ਹੈ, ਧਰਨਾਕਾਰੀ ਆਪਣੀ ਜਿੱਤ ਨੂੰ ਰੱਜ ਕੇ ਮਾਨਣਾ ਚਾਹੁੰਦੇ ਹਨ। ਸਵਾ ਸਾਲ ਰੇਲਵੇ ਲਾਈਨਾਂ, ਸੜਕਾਂ, ਪੱਥਰਾਂ ‘ਤੇ ਬੈਠ ਕੇ ਝੱਲੀਆਂ ਦੁਸ਼ਵਾਰੀਆਂ ਨੂੰ ਭੁਲਣਾ ਚਾਹੁੰਦੇ ਹਨ। ਲੜਾਈ ਜਿੰਨੀ ਲੰਬੀ ਸੀ, ਜਿੱਤ ਦੇ ਜਸ਼ਨਾਂ ਦੇ ਅਰਸੇ ਨੂੰ ਵੀ ਓਨਾ ਹੀ ਲੰਬਾ ਖਿਚਣਾ ਲੋਚਦੇ ਹਨ।
ਅੱਜ ਕਿਸਾਨ ਬੀਬੀਆਂ ਨੇ ਆਉਂਦੇ ਸਾਰ ਟਰਾਲੀਆਂ ਤੋਂ ਉਤਰਦੇ ਹੀ ਸਟੇਜ ‘ਤੇ ‘ਕਬਜ਼ਾ’ ਕਰ ਲਿਆ। ਲੱਗਦਾ ਹੈ ਕਿ ਸਰਕਾਰ ਖਿਲਾਫ ਉਨ੍ਹਾਂ ਦਾ ਗੁੱਸਾ ਅਜੇ ਠੰਡਾ ਨਹੀਂ ਹੋਇਆ। ਉਹ ਆਪਣੀਆਂ ਨਵੀਆਂ ਘੜੀਆਂ ਅੰਦੋਲਨੀ ਬੋਲੀਆਂ ਰਾਹੀਂ ਸਰਕਾਰ ਵਿਰੁੱਧ ਆਪਣਾ ਗੁੱਸਾ ਕੱਢਣਾ ਅਤੇ ਖੁਸ਼ੀ ਜ਼ਾਹਰ ਕਰਨਾ ਚਾਹੁੰਦੀਆਂ ਹਨ। ਸੰਚਾਲਕਾਂ ਨੇ ‘ਬੇਨਤੀ’ ਕਰਕੇ ਬੀਬੀਆਂ ਤੋਂ ਸਟੇਜ ਦਾ ‘ਕਬਜ਼ਾ’ ਛੁਡਾਇਆ।
ਅੱਜ ਬੁਲਾਰਿਆਂ ਨੇ ਜਾਣਕਾਰੀ ਦਿੱਤੀ ਕਿ ਭਲਕੇ ਮੰਗਲਵਾਰ ਨੂੰ ਧਰਨਾ ਸਥਲ ‘ਤੇ ਅੰਦੋਲਨ ਦੀ ਜਿੱਤ ਦੇ ਸ਼ੁਕਰਾਨੇ ਵਜੋਂ 11 ਵਜੇ ਸੁਖਮਨੀ ਸਾਹਿਬ ਦੇ ਪਾਠ ਦੇ ਭੋਗ ਪਾਏ ਜਾਣਗੇ। ਆਗੂਆਂ ਨੇ ਕਿਹਾ ਸਭ ਨੂੰ ਇਸ ਪ੍ਰੋਗਰਾਮ ਵਿੱਚ ਸ਼ਾਮਲ ਹੋਣ ਅਤੇ ਸਮੇਂ ਸਿਰ ਪਹੁੰਚਣ ਦੀ ਬੇਨਤੀ ਕੀਤੀ।
ਪਰਸੋਂ 15 ਦਸੰਬਰ ਬੁੱਧਵਾਰ ਨੂੰ, ਇੱਕ ਅਕਤੂਬਰ 2020 ਨੂੰ ਸ਼ੁਰੂ ਹੋਏ ਇਸ ਧਰਨੇ ਦਾ ਆਖਰੀ ਦਿਨ ਹੋਵੇਗਾ। 441 ਦਿਨ ਬਾਅਦ ਖਤਮ ਹੋ ਰਹੇ ਇਸ ਧਰਨੇ ਦੇ ਆਖਰੀ ਦਿਨ ਵਧ ਤੋਂ ਵਧ ਸ਼ਮੂਲੀਅਤ ਕਰਵਾਉਣ ਲਈ ਲਾਮਬੰਦੀ ਕੀਤੀ ਜਾ ਰਹੀ ਹੈ। ਪਿੰਡਾਂ ਵਿੱਚ ਵਿਸ਼ੇਸ਼ ਸੁਨੇਹੇ ਲਾਏ ਜਾ ਰਹੇ ਹਨ। ਵਿਸ਼ੇਸ਼ ਪਕਵਾਨਾਂ ਦੇ ਲੰਗਰ ਲਾਉਣ ਦੀ ਵਿਉਂਤਬੰਦੀ ਕੀਤੀ ਜਾ ਰਹੀ ਹੈ। ਧਰਨਾਕਾਰੀਆਂ ਵਿੱਚ ਇਸ ਦਿਨ ਲਈ ਖਾਸ ਕਿਸਮ ਦਾ ਉਤਸ਼ਾਹ ਪਾਇਆ ਜਾ ਰਿਹਾ ਹੈ।
ਬੁਲਾਰਿਆਂ ਨੇ ਦੱਸਿਆ ਕਿ ਇਸ ਧਰਨੇ ਦੇ ਆਖਰੀ ਦਿਨ 15 ਦਸੰਬਰ ਨੂੰ ਆਖਰੀ ਪ੍ਰੋਗਰਾਮ ਵਜੋਂ ਸ਼ਹਿਰ ਦੇ ਬਾਜਾਰਾਂ ਵਿੱਚੋਂ ਦੀ ਧੰਨਵਾਦੀ ਜੋਸ਼ੀਲਾ ਫਤਹਿ ਮਾਰਚ ਕੀਤਾ ਜਾਵੇਗਾ। ਸਹਿਯੋਗ ਦੇਣ ਲਈ ਸਾਰੇ ਸ਼ਹਿਰ ਵਾਸੀਆਂ ਦਾ ਧੰਨਵਾਦ ਕੀਤਾ ਜਾਵੇਗਾ।
ਅੱਜ ਧਰਨੇ ਨੂੰ ਬਲਵੰਤ ਸਿੰਘ ਉਪਲੀ, ਕਰਨੈਲ ਸਿੰਘ ਗਾਂਧੀ,ਮੇਲਾ ਸਿੰਘ ਕੱਟੂ, ਬਾਬੂ ਸਿੰਘ ਖੁੱਡੀ ਕਲਾਂ ਗੁਰਦਰਸ਼ਨ ਸਿੰਘ ਦਿਉਲ, ਅਮਰਜੀਤ ਕੌਰ, ਨਛੱਤਰ ਸਿੰਘ ਸਾਹੌਰ, ਹਰਚਰਨ ਸਿੰਘ ਚੰਨਾ, ਪ੍ਰੇਮਪਾਲ ਕੌਰ, ਸੰਪੂਰਨ ਸਿੰਘ ਚੂੰਘਾਂ, ਬਲਜੀਤ ਸਿੰਘ ਚੌਹਾਨਕੇ, ਗੁਰਮੇਲ ਸ਼ਰਮਾ ਨੇ ਸੰਬੋਧਨ ਕੀਤਾ। ਅੱਜ ਧਰਨੇ ਵਿੱਚ ਰਘੁਬੀਰ ਸਿੰਘ ਕੱਟੂ ਗਿੱਲ ਦੀ ਕਿਸਾਨ ਅੰਦੋਲਨ ਬਾਰੇ ਲਿਖੀਆਂ ਕਵਿਤਾਵਾਂ ਦੀ ਕਿਤਾਬ ‘ ਬੋਲ ਕਿਸਾਨੀ ਦੇ’ ਸੰਚਾਲਨ ਕਮੇਟੀ ਮੈਂਬਰਾਂ ਵੱਲੋਂ ਲੋਕ-ਅਰਪਣ ਕੀਤੀ ਗਈ। ਬੁਲਾਰਿਆਂ ਨੇ ਕਿਹਾ ਕਿ ਸਾਹਿਤਕਾਰਾਂ ਨੇ ਇਸ ਅੰਦੋਲਨ ਦੀ ਜਿੱਤ ਲਈ ਬਹੁਤ ਵੱਡਮੁੱਲਾ ਯੋਗਦਾਨ ਦਿੱਤਾ ਹੈ। ਸਾਹਿਤ ‘ਤੇ ਇਸ ਅੰਦੋਲਨ ਦਾ ਰੰਗ ਹੋਰ ਗੂੜ੍ਹਾ ਹੋਣ ਲੱਗਾ ਹੈ।
ਅੱਜ ਰਘਬੀਰ ਸਿੰਘ ਕੱਟੂ ਤੇ ਨਰਿੰਦਰ ਪਾਲ ਸਿੰਗਲਾ ਨੇ ਕਵਿਤਾਵਾਂ ਸੁਣਾਈਆਂ।