ਜਗਸੀਰ ਸਿੰਘ ਚਹਿਲ, ਬਰਨਾਲਾ 29 ਅਕਤੂਬਰ 2021
ਸਾਬਕਾ ਵਿਧਾਇਕ ਅਤੇ ਹਲਕਾ ਇੰਚਾਰਜ ਕੇਵਲ ਸਿੰਘ ਢਿੱਲੋਂ ਨਾਲ ਉਸ ਸਮੇਂ ਕਲੋਲ ਹੋ ਗਈ, ਜਦੋਂ ਕੇਵਲ ਢਿੱਲੋਂ ਵੱਲੋਂ ਕੁੱਝ ਮਹੀਨੇ ਪਹਿਲਾਂ ਧਨੌਲਾ ਸ਼ਹਿਰ ਦੇ ਵਿਕਾਸ ਕੰਮਾਂ ਦੀ ਕਰਵਾਈ ਸ਼ੁਰੂਆਤ ਨੂੰ ਟੈਂਡਰ ਰੱਦ ਹੋਣ ਕਾਰਣ ਬਰੇਕਾਂ ਲੱਗ ਗਈਆਂ ਵਰਨਯੋਗ ਹੈ ਕਿ ਧਨੌਲਾ ਸ਼ਹਿਰ ਦੀਆਂ ਗਲੀਆਂ ਵਿੱਚ ਇੰਟਰਲਾਕ ਟਾਇਲਾਂ ਲਾਉਣ ਦੇ ਕੰਮ ਦੀ ਰਸਮੀ ਸੁਰੂਆਤ ਕੀਤੀ ਗਈ ਸੀ। ਪਰੰਤੂ ਉਕਤ ਵਿਕਾਸ ਕੰਮਾਂ ਵਿੱਚ ‘ ਭ੍ਰਿਸਟਾਚਾਰ ’ ਦੀ ਕਥਿਤ ਬੋਅ ਆਉਣ ਤੋਂ ਬਾਅਦ ਨਗਰ ਕੌਂਸਲ ਵੱਲੋਂ ਲਗਾਏ ਕਰੀਬ ਡੇਢ ਕਰੋੜ ਰੁਪਏ ਦੇ ਟੈਂਡਰ ਰੱਦ ਕਰ ਦਿੱਤੇ ਗਏ ਕਿਉਂਕਿ ਗਲੀਆਂ ਵਿੱਚ ਇੱਟਾਂ ਪਈਆਂ ਹੋਣ ਦੇ ਬਾਵਜੂਦ ਉਕਤ ਕੰਮਾਂ ਲਈ ਮੁੜ ਨਵੇਂ ਸਿਰਿਉਂ ਟੈਂਡਰ ਪਾਏ ਜਾ ਰਹੇ ਸਨ ।
ਕਦੋਂ ਕੀ ਹੋਇਆ ਤੇ ਕੀ ਹੈ ਪੂਰਾ ਮਾਮਲਾ
ਜਿਕਰਯੋਗ ਹੈ ਕਿ ਨਗਰ ਕੌਂਸਲ ਧਨੌਲਾ ਵਲੋਂ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਅਰਬਨ ਮਿਸ਼ਨ ਤਹਿਤ 22 ਜੁਲਾਈ 2021 ਨੂੰ 1ਕਰੋੜ 49 ਲੱਖ 28 ਹਜ਼ਾਰ ਰੁਪਏ ਦੇ ਵਿਕਾਸ ਦੇ ਕੰਮ ਸ਼ਹਿਰ ਦੇ ਵੱਖ-ਵੱਖ ਵਾਰਡਾਂ ਦੀਆਂ ਗਲੀਆਂ ਦੇ ਨਿਰਮਾਣ ਲਈ ਲਗਾਏ ਗਏ ਸਨ,ਜ਼ੋ ਕਿ ਮਿਤੀ 12-8-21 ਨੂੰ ਖੋਲੇ ਜਾਣੇ ਸਨ।ਪਰ ਉਕਤ ਟੈਂਡਰਾਂ ਵਿੱਚ ‘ਦੀ ਊਧਮ ਨਗਰ ਕੋਆਪਰੇਟਿਵ ਸੁਸਾਇਟੀ’ ਨੂੰ ਕੰਮ ਨਾ ਦਿੱਤੇ ਜਾਣ ਨੂੰ ਲੈ ਕੇ ਉਹਨਾ ਵਲੋਂ ਆਪਣੇ ਨਾਲ ਹੋਈ ਕਥਿਤ ਧੱਕੇਸ਼ਾਹੀ ਸੰਬੰਧੀ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਰਿੱਟ ਨੰਬਰ ਸੀ.ਡਬਲਿਊ.ਪੀ. 18291 ਵੀ ਦਾਇਰ ਕੀਤੀ ਗਈ ਸੀ। ਪਰ ਉਸ ਤੋਂ ਉਕਤ ਸੁਸਾਇਟੀ ਅਤੇ ਬਾਕੀ ਠੇਕੇਦਾਰਾਂ ਵਿੱਚ ਹੋਏ ਆਪਸੀ ਸਮਝੌਤੇ ਤੋਂ ਬਾਅਦ ਨਗਰ ਕੌਂਸਲ ਧਨੌਲਾ ਵਲੋਂ ਉੱਚ ਅਧਿਕਾਰੀਆਂ ਨੂੰ ਇੱਕ ਪੱਤਰ ਜਾਰੀ ਕਰਕੇ ਮਾਮਲਾ ਠੰਡੇ ਬਸਤੇ ਵਿੱਚ ਪਾ ਦਿੱਤਾ ਗਿਆ ਸੀ। ਹੁਣ ਇਹਨਾਂ ਵਿਕਾਸ ਦੇ ਕੰਮਾਂ ਦੇ ਟੈਂਡਰਾਂ ਨੂੰ ਨਗਰ ਕੌਂਸਲ ਧਨੌਲਾ ਵਲੋਂ ਕੈਂਸਲ ਕਰਕੇ ਮਿਤੀ 27 ਅਕਤੂਬਰ 2021 ਨੂੰ ਦੁਬਾਰਾ ਲਗਾ ਦਿੱਤਾ ਗਿਆ । ਜਿਨ੍ਹਾਂ ਨੂੰ ਮਿਤੀ 3 ਨਵੰਬਰ 2021 ਨੂੰ ਖੋਲਿਆ ਜਾਣਾ ਹੈ ।ਜਿਸ ਸੰਬੰਧੀ ਨਗਰ ਕੌਂਸਲ ਧਨੌਲਾ ਵਲੋਂ ਮਿਤੀ 29-10-21 ਦੇ ਦੋ ਪੰਜਾਬੀ ਅਖਬਾਰਾਂ ਵਿੱਚ ਇਸ਼ਤਿਹਾਰ ਵੀ ਪ੍ਰਕਾਸ਼ਿਤ ਕਰਵਾਇਆ ਗਿਆ ਹੈ।
ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ
ਹੁਣ ਸਵਾਲ ਇਹ ਵੀ ਪੈਦਾ ਹੁੰਦਾ ਹੈ ਕਿ ਕਿਸੇ ਵੀ ਵਿਕਾਸ ਦੇ ਕੰਮ ਦਾ ਟੈਂਡਰ ਖੁੱਲਣ ਤੋਂ ਬਾਅਦ ਸਬੰਧਤ ਅਧਿਕਾਰੀਆਂ ਵਲੋਂ ਇਸ ਸੰਬੰਧੀ ਟੈਂਡਰ ਪ੍ਰਾਪਤ ਹੋਣ ਵਾਲੀ ਸੁਸਾਇਟੀ ਨੂੰ ਕੰਮ ਕਰਨ ਦਾ ਹੁਕਮ ਪੱਤਰ ਜਾਰੀ ਕੀਤਾ ਜਾਂਦਾ ਹੈ। ਪਰ ਇਸ ਕੇਸ ਵਿੱਚ ਅਜਿਹਾ ਸਭ ਕੁਝ ਨਿਯਮਾਂ ਅਤੇ ਕਾਨੂੰਨ ਨੂੰ ਪੱਖੋਂ ਪਰੋਖੇ ਕਰਕੇ ਹੋਇਆ ਹੈ, ਕਿਉਂਕਿ ਜਿਨ੍ਹਾਂ ਸਮਾਂ ਟੈਂਡਰ ਹੀ ਨਹੀਂ ਖੋਲਿਆ ਗਿਆ ਹੈ। ਇਹ ਵੀ ਨਹੀਂ ਪਤਾ ਹੈ ਕਿ ਇਹ ਕੰਮ ਕਿਸ ਸੁਸਾਇਟੀ ਨੂੰ ਮਿਲੇਗਾ ਅਤੇ ਨਾ ਹੀ ਅਜੇ ਕਿਸੇ ਕੰਮ ਦਾ ਵਰਕ ਆਰਡਰ ਕੱਟਿਆ ਗਿਆ ਹੈ, ਤਾਂ ਇਹਨਾਂ ਕੰਮਾਂ ਦੀ ਸ਼ੁਰੂਆਤ ਕਿਵੇਂ ਕਰਵਾਈ ਗਈ ਹੈ ਅਤੇ ਉਦਘਾਟਨ ਕਰਨ ਲਈ ਇੰਟਰਲਾਕ ਟਾਈਲ ਕਿਹੜੀ ਠੇਕੇਦਾਰ ਸੁਸਾਇਟੀ ਵਲੋਂ ਲਿਆਂਦੀਆਂ ਗਈਆਂ ਸਨ। ਜਦੋਂ ਕਿ ਇਹ ਤਾਂ ਅਜੇ ਸਮੇਂ ਦੇ ਗਰਭ ਵਿੱਚ ਹੈ ਕਿ ਕਿਹੜਾ ਕੰਮ ਕਿਹੜੇ ਠੇਕੇਦਾਰ ਨੂੰ ਮਿਲੇਗਾ । ਇਹ ਵੀ ਪਤਾ ਲੱਗਾ ਹੈ ਕਿ ਪਹਿਲਾਂ ਪਏ ਟੈਡਰਾਂ ਦੌਰਾਨ ਕੌਂਸਲ ਦੇ ਪ੍ਰਬੰਧਕਾਂ,ਅਧਿਕਾਰੀਆਂ ਅਤੇ ਸੰਬੰਧਿਤ ਠੇਕੇਦਾਰ ਦਰਮਿਆਨ ਕਥਿਤ ‘ਪੂਲ ’ ਹੋਇਆ ਸੀ ਅਤੇ ਇਸ ਤੋਂ ਬਾਅਦ ਕਰੀਬ 20 ਤੋਂ 25 ਪ੍ਰਤੀਸ਼ਤ ਘਟਾ ਕੇ ਪੈਣ ਵਾਲੇ ਟੈਂਡਰ ਮਹਿਜ 3 ਪ੍ਰਤੀਸ਼ਤ ਨਾਲ ਮਨਜੂਰ ਹੋਏ ਸਨ। ਇਹ ਵੀ ਸੁਣਨ ਨੂੰ ਮਿਲ ਰਿਹਾ ਕਿ ‘ਦੀ ਊਧਮ ਕੋਆਪਮ੍ਰੇਟਿਵ ਸੁਸਾਇਟੀ ਵਲੋਂ ਪਹਿਲ ਕੀਤੇ ਕੰਮਾਂ ਦੀ ਵੱਡੀ ਬਕਾਇਆ ਰਕਮ ਨਗਰ ਕੌਸਲ ਸਿਰ ਖੜ੍ਹੀ ਹੈ। ਜਿਸ ਨੂੰ ਦੇਖਦਿਆਂ ‘ਦੀ ਊਧਮ ਸੁਸਾਇਟੀ ’ ਵਲੋਂ ਮਾਨਯੋਗ ਅਦਾਲਤ ਵਿੱਚ ਪਾਈ ਰਿੱਟ ਵਾਪਿਸ ਲੈ ਲਈ ਹੈ। ਜਿੰਨ੍ਹਾ ਗਲੀਆਂ ਵਿੱਚ ਕੰਮ ਸੁਰੂ ਹੋਣਾ ਸੀ । ਉੱਥੋਂ ਦੇ ਵਸਨੀਕ ਕੰਮ ਸੁਰੂ ਹੋਣ ਦੀ ਉਡੀਕ ਕਰ ਰਹੇ ਹਨ ? । ਨਗਰ ਕੌਂਸਲ ਵਿਕਾਸ ਪੁਰਸ ਤੋਂ ਕੰਮ ਦੀ ਰਸਮੀ ਸੁਰੂਆਤ ਕਰਵਾਉਣ ਤੋਂ ਬਾਅਦ ਟੈਂਡਰ ਪਾ ਰਹੀ ਹੈ।
ਕੀ ਕਹਿਣਾ ਹੈ ਕਾਰਜ ਸਾਧਕ ਅਫ਼ਸਰ ਦਾ
ਇਸ ਸੰਬੰਧੀ ਕਾਰਜ ਸਾਧਕ ਅਫਸਰ ਮਨਪ੍ਰੀਤ ਸਿੰਘ ਸਿੱਧੂ ਨਾਲ ਸੰਪਰਕ ਕੀਤਾ ਗਿਆ ਤਾਂ ਉਹਨਾਂ ਮੰਨਿਆ ਕਿ ਕੁਝ ਟੈਂਡਰ ਰੱਦ ਹੋਏ ਹਨ, ਪਰ ਉਹਨਾ ਨੂੰ ਇਸ ਸੰਬੰਧੀ ਫਿਲਹਾਲ ਪੂਰੀ ਜਾਣਕਾਰੀ ਨਹੀਂ ਹੈ।