ਦੇਰ ਰਾਤ ਥਾਣਾ ਸਿਟੀ ਮੂਹਰੇ ਲਾਇਆ ਵਪਾਰੀਆਂ ਨੇ ਧਰਨਾ, ਦਿੱਤੀ ਚਿਤਾਵਨੀ, ਹੁਣ ਹੋਰ ਅੱਤਿਆਚਾਰ ਨਹੀਂ ਕਰਾਂਗੇ ਸਹਿਣ
ਮੀਤ ਹੇਅਰ ਨੇ ਕਿਹਾ, ਮੈਂ ਪੂਰੀ ਤਰਾਂ ਵਪਾਰੀਆਂ ਦੇ ਨਾਲ, ਤਿਉਹਾਰਾਂ ਦੇ ਦਿਨਾਂ ‘ਚ ਵਪਾਰੀਆਂ ਨੂੰ ਪ੍ਰੇਸ਼ਾਨ ਨਾ ਕਰੇ ਪ੍ਰਸ਼ਾਸ਼ਨ
ਰਘਵੀਰ ਹੈਪੀ / ਅਦੀਸ਼ ਗੋਇਲ , ਬਰਨਾਲਾ 30 ਅਕਤੂਬਰ 2021
ਸ਼ਹਿਰ ਅੰਦਰ ਪਟਾਖਾ ਵਪਾਰੀਆਂ ਦੇ ਖਿਲਾਫ ਪ੍ਰਸ਼ਾਸ਼ਨ ਵੱਲੋਂ ਕੀਤੀ ਗਈ ਸਖਤੀ ਤੋਂ ਬਾਅਦ ਵਪਾਰੀਆਂ ਵਿੱਚ ਭਾਰੀ ਰੋਸ ਫੈਲ ਗਿਆ ਹੈ। ਗੁੱਸੇ ਵਿੱਚ ਭਰੇ ਪੀਤੇ ਵਪਾਰੀਆਂ ਨੇ ਲੰਘੀ ਰਾਤ ਵਪਾਰੀਆਂ ਨੂੰ ਬੇਵਜ੍ਹਾ ਪ੍ਰੇਸ਼ਾਨ ਕਰਨ ਦੇ ਵਿਰੁੱਧ ਸੈਂਕੜੇ ਵਪਾਰੀਆਂ ਨੇ ਥਾਣਾ ਸਿਟੀ 1 ਬਰਨਾਲਾ ਦੇ ਮੂਹਰੇ ਰੋਸ਼ ਧਰਨਾ ਦਿੱਤਾ। ਵਪਾਰੀਆਂ ਨੇ ਪ੍ਰਜਾਬ ਸਰਕਾਰ, ਸਿਵਲ ਅਤੇ ਪੁਲਿਸ ਪ੍ਰਸ਼ਾਸ਼ਨ ਦੇ ਖਿਲਾਫ ਜੰਮ ਕੇ ਨਾਅਰੇਬਾਜੀ ਵੀ ਕੀਤੀ। ਹਲਕਾ ਵਿਧਾਇਕ ਗੁਰਮੀਤ ਸਿੰਘ ਮੀਤ ਹੇਅਰ ਨੇ ਵੀ ਮੌਕੇ ਤੇ ਪਹੁੰਚ ਕੇ ਵਪਾਰੀਆਂ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜ੍ਹਨ ਦਾ ਐਲਾਨ ਕਰਕੇ ਹਾਅ ਦਾ ਨਾਅਰਾ ਮਾਰਿਆ । ਇਸ ਮੌਕੇ ਮੀਤ ਹੇਅਰ ਨੇ ਕਿਹਾ ਕਿ ਪ੍ਰਸ਼ਾਸ਼ਨ ਵਪਾਰੀਆਂ ਨੂੰ ਤਿਉਹਾਰਾਂ ਦੇ ਦਿਨਾਂ ਵਿੱਚ ਪ੍ਰੇਸ਼ਾਨ ਕਰਕੇ ਮਰਨ ਲਈ ਮਜਬੂਰ ਕਰ ਰਿਹਾ ਹੈ। ਉਨਾਂ ਕਿਹਾ ਕਿ ਦੀਵਾਲੀ ਦਾ ਤਿਉਹਾਰ ਖੁਸ਼ੀਆਂ ਦਾ ਤਿਉਹਾਰ ਹੈ, ਪ੍ਰਸ਼ਾਸ਼ਨ ਨੂੰ ਵਪਾਰੀਆਂ ਨੂੰ ਤੰਗ ਕਰਕੇ, ਲੋਕਾਂ ਦੀਆਂ ਖੁਸ਼ੀਆਂ ਵਿੱਚ ਖਲਲ ਨਹੀਂ ਪਾਉਣਾ ਚਾਹੀਦਾ। ਉਨਾਂ ਕਿਹਾ ਕਿ ਇੱਕ ਪਾਸੇ ਪੰਜਾਬ ਦਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਐਲਾਨ ਕਰਦਾ ਹੈ ਕਿ ਪੁਲਿਸ ਕਿਸੇ ਵਪਾਰੀ ਨੂੰ ਤੰਗ ਨਹੀਂ ਕਰੇਗੀ, ਪਰੰਤੂ ਹੈਰਾਨੀ ਦੀ ਗੱਲ ਹੈ ਕਿ ਮੁੱਖ ਮੰਤਰੀ ਦੀ ਕਹਿਣ ਤੋਂ ਉਲਟ ਪੁਲਿਸ ਨੇ ਵਪਾਰੀਆਂ ਤੇ ਸ਼ਿਕੰਜ਼ਾ ਹੋਰ ਵਧਾ ਦਿੱਤਾ ਹੈ। ਮੀਤ ਹੇਅਰ ਨੇ ਕਿਹਾ ਕਿ ਮੁੱਖ ਮੰਤਰੀ ਚੰਨੀ, ਲੋਕਾਂ ਦੀ ਵਾਹ ਵਾਹ ਬਟੋਰਟ ਲਈ, ਚੰਗੀਆਂ ਚੰਗੀਆਂ ਲੋਕ ਹਿੱਤ ਦੀਆਂ ਗੱਲਾਂ ਲੋਕਾਂ ਨੂੰ ਗੁੰਮਰਾਹ ਕਰਨ ਲਈ ਜਰੂਰ ਕਰਦਾ ਹੈ। ਪਰੰਤੂ ਆਪਣੇ ਐਲਾਨਾਂ ਤੇ ਅਮਲ ਕਰਨ ਲਈ, ਉਹ ਕੋਈ ਹੁਕਮ ਪ੍ਰਸ਼ਾਸ਼ਨਿਕ ਅਧਿਕਾਰੀਆਂ ਤੱਕ ਪਹੁੰਚਦੇ ਨਹੀਂ ਕਰਦਾ।
ਭਾਜਪਾ ਦੇ ਸੂਬਾ ਕਮੇਟੀ ਮੈਂਬਰ ਅਤੇ ਵਪਾਰੀ ਆਗੂ ਧੀਰਜ ਦੱਧਾਹੂਰ , ਕ੍ਰਾਂਤੀਕਾਰੀ ਵਪਾਰ ਮੰਡਲ ਦੇ ਪ੍ਰਧਾਨ ਨੀਰਜ ਜਿੰਦਲ ,ਵਪਾਰ ਮੰਡਲ ਬਰਨਾਲਾ ਦੇ ਪ੍ਰਧਾਨ ਨਾਇਬ ਕਾਲਾ ਨੇ ਕਿਹਾ ਕਿ ਉਹ ਵਪਾਰੀਆਂ ਨਾਲ ਪ੍ਰਸ਼ਾਸ਼ਨ ਦੀ ਧੱਕੇਸ਼ਾਹੀ ਬਰਦਾਸ਼ਤ ਨਹੀਂ ਕਰਨਗੇ। ਉੱਧਰ ਪਟਾਖਾ ਵਪਾਰੀ ਦੀਵਾਨ ਚੰਦ ਨੇ ਰੋ ਰੋ ਕੇ ਕਿਹਾ ਕਿ ਪ੍ਰਸ਼ਾਸ਼ਨ ਵੱਲੋਂ ਉਨਾਂ ਨੂੰ ਬਰਬਾਦ ਕੀਤਾ ਗਿਆ ਹੈ, ਜਿਹੜੇ ਪਟਾਖੇ, ਸਵਾ ਕਰੋੜ ਰੁਪੱਏ ਮੁੱਲ ਦੇ ਬਰਾਮਦ ਕਰਨ ਦਾ ਦਾਅਵਾ ਕੀਤਾ ਜਾ ਰਿਹਾ ਹੈ, ਉਸ ਬਿਲਕੁਲ ਗਲਤ ਹੈ, ਉਸ ਦਾ ਗੋਦਾਪ ਸ਼ਹਿਰ ਦੀ ਅਬਾਦੀ ਤੋਂ ਕਰੀਬ 3 ਕਿਲੋਮੀਟਰ ਦੂਰ ਹੈ, ਪਟਾਖੇ 20 ਲੱਖ ਰੁਪਏ ਦੀ ਕੀਮਤ ਦੇ ਵੀ ਨਹੀਂ ਹਨ। ਉਨਾਂ ਦੋਸ਼ ਲਾਇਆ ਕਿ ਉਸ ਦੇ ਗੋਦਾਮ ਤੇ ਪ੍ਰਸ਼ਾਸ਼ਨ ਨਾਲ ਗੰੜਤੁੱਪ ਕਰਕੇ ਰੇਡ ਕਰਵਾਉਣ ਵਾਲਿਆਂ ਦੀ ਜੁੰਡਲੀ ਨਾਲੇ ਉਨਾਂ ਤੋਂ ਰੇਡ ਪਵਾਉਣ ਦਾ ਭੈਅ ਦਿਖਾ ਕੇ ਰੁਪਏ ਲੈਂਦੀ ਰਹੀ, ਨਾਲੇ ਫਿਰ ਰੇਡ ਕਰਵਾ ਦਿੱਤੀ। ਇਸੇ ਤਰਾਂ ਹੋਰ ਵਪਾਰੀਆਂ ਨੇ ਵੀ ਕੁੱਝ ਵਪਾਰੀ ਆਗੂਆਂ ਦੀ ਭੂਮਿਕਾ ਨੂੰ ਵਪਾਰੀ ਵਿਰੋਧੀ ਕਰਾਰ ਦਿੱਤਾ। ਇਸ ਮੌਕੇ ਆਪ ਦੇ ਜਿਲ੍ਹਾ ਪ੍ਰਧਾਨ ਗੁਰਦੀਪ ਸਿੰਘ ਬਾਠ ਅਤੇ ਹੋਰ ਆਗੂ ਮੌਜੂਦ ਰਹੇ।