ਤੀਜੇ ਦਿਨ ਵੀ ਬੀ.ਐੱਡ ਬੇਰੁਜ਼ਗਾਰ ਅਧਿਆਪਕਾਂ ਦਾ ਟੈਂਕੀ ਵਾਲਾ ਮੋਰਚਾ ਜਾਰੀ
ਮੀਟਿੰਗ ਦੇ ਲਾਰੇ ਤੋ ਖਫਾ ਅਧਿਆਪਕਾਂ ਨੇ ਘੇਰਿਆ ਡੀ ਸੀ ਦਫਤਰ,ਫੂਕੀ ਅਰਥੀ
ਪ੍ਰਦੀਪ ਕਸਬਾ , ਜਲੰਧਰ, 30 ਅਕਤੂਬਰ 2021
ਭਾਵੇਂ ਪੰਜਾਬ ਸਰਕਾਰ ਵੱਲੋਂ ਨਵੇਂ ਮੁੱਖ ਮੰਤਰੀ ਸ੍ਰ ਚਰਨਜੀਤ ਸਿੰਘ ਚੰਨੀ ਅਤੇ ਸਿੱਖਿਆ ਮੰਤਰੀ ਸ੍ਰ ਪਰਗਟ ਸਿੰਘ ਰੋਜ਼ਾਨਾ ਪੰਜਾਬ ਦੇ ਪ੍ਰਦਰਸ਼ਨਕਾਰੀਆਂ ਨੂੰ ਸੰਘਰਸ਼ ਦਾ ਰਾਹ ਛੱਡਣ ਦੀ ਅਪੀਲ ਕਰ ਰਹੇ ਹਨ। ਪਰ ਰੁਜ਼ਗਾਰ ਪ੍ਰਾਪਤੀ ਲਈ ਪਿਛਲੇ ਕਰੀਬ ਸਾਢੇ ਚਾਰ ਸਾਲ ਤੋਂ ਸੰਘਰਸ਼ ਕਰ ਰਹੇ ਬੀ.ਐੱਡ ਟੈਟ ਪਾਸ ਬੇਰੁਜ਼ਗਾਰ ਅਧਿਆਪਕਾਂ ਦਾ ਸਥਾਨਕ ਬੱਸ ਸਟੈਂਡ ਵਾਲੀ ਟੈਂਕੀ ਥੱਲੇ 28 ਅਕਤੂਬਰ ਤੋ ਚਲਦਾ ਪੱਕਾ ਮੋਰਚਾ ਦਿਨੋ ਦਿਨ ਤਿੱਖਾ ਹੋ ਰਿਹਾ ਹੈ।
ਮੀਟਿੰਗ ਦੇ ਲਾਰੇ ਤੋ ਅੱਕੇ ਬੇਰੁਜ਼ਗਾਰਾਂ ਨੇ ਬੱਸ ਸਟੈਂਡ ਤੋ ਮਾਰਚ ਕਰਕੇ ਡਿਪਟੀ ਕਮਿਸ਼ਨਰ ਦਫ਼ਤਰ ਅੱਗੇ ਕਾਂਗਰਸ ਸਰਕਾਰ ਦਾ ਅਰਥੀ ਫੂਕ ਮੁਜਾਹਰਾ ਕਰਕੇ ਇੱਕ ਘੰਟਾ ਘਿਰਾਓ ਕੀਤਾ।
ਯੂਨੀਅਨ ਦੇ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਢਿੱਲਵਾਂ ਨੇ ਦੱਸਿਆ ਕਿ ਸਥਾਨਕ ਸਿੱਖਿਆ ਮੰਤਰੀ ਦੀ ਕੋਠੀ ਅੱਗੇ 28 ਅਕਤੂਬਰ ਨੂੰ ਪੁਲਿਸ ਵੱਲੋਂ ਭਿਆਨਕ ਜ਼ਬਰ ਕੀਤਾ ਗਿਆ। ਜਿੱਥੇ ਦੋ ਮਹਿਲਾ ਅਧਿਆਪਕਾਂ ਬੇਹੋਸ਼ ਹੋ ਗਈਆਂ ਸਨ। ਉਸ ਮੌਕੇ ਪ੍ਰਸ਼ਾਸ਼ਨ ਨੇ ਬੇਰੁਜ਼ਗਾਰਾਂ ਦੀ 29 ਅਕਤੂਬਰ ਲਈ ਚੰਡੀਗੜ੍ਹ ਵਿਖੇ ਮੁੱਖ ਮੰਤਰੀ ਨਾਲ ਪੈਨਲ ਮੀਟਿੰਗ ਤੈਅ ਕਰਵਾਈ ਸੀ,ਜਿਹੜੀ ਕਿ ਫੇਰ ਲਾਰਾ ਸਾਬਤ ਹੋਈ। ਓਹਨਾ ਦੱਸਿਆ ਕਿ ਪਿਛਲੇ ਸਿੱਖਿਆ ਮੰਤਰੀ ਵਾਂਗ ਸ੍ਰ ਪਰਗਟ ਸਿੰਘ ਵੀ ਬੇਰੁਜ਼ਗਾਰ ਅਧਿਆਪਕਾਂ ਪ੍ਰਤੀ ਬੇਰੁਖੀ ਧਾਰਨ ਕਰ ਰਹੇ ਹਨ।ਇਸ ਦੇ ਰੋਸ ਵਜੋ ਬੇਰੁਜ਼ਗਾਰਾਂ ਨੇ ਡਿਪਟੀ ਕਮਿਸ਼ਨਰ ਦਫ਼ਤਰ ਤੱਕ ਰੋਸ ਮਾਰਚ ਕਰਕੇ ਅਰਥੀ ਫੂਕ ਕੇ ਪਿੱਟ ਸਿਆਪਾ ਕੀਤਾ।
ਓਹਨਾ ਦੱਸਿਆ ਕਿ ਦੂਜੇ ਦਿਨ ਫੇਰ ਪੰਜ ਬੇਰੁਜ਼ਗਾਰਾਂ ਨੇ ਭੁੱਖ ਹੜਤਾਲ ਕੀਤੀ। ਜਿੰਨ੍ਹਾਂ ਵਿੱਚ ਜਸਵਿੰਦਰ ਕੌਰ, ਨਰਪਿੰਦਰ ਕੌਰ, ਸਰਬਜੀਤ ਕੌਰ,ਰੇਸ਼ਮ ਕੌਰ ਅਤੇ ਨੀਲਮ ਹਨ।ਉਧਰ ਟੈਂਕੀ ਉੱਪਰ ਮੁਨੀਸ਼ ਫਾਜ਼ਿਲਕਾ ਅਤੇ ਜਸਵੰਤ ਸਿੰਘ ਘੁਬਾਇਆ ਜਿਓਂ ਦੀ ਤਿਉਂ ਡਟੇ ਹੋਏ ਸਨ।
ਬੇਰੁਜ਼ਗਾਰ ਆਗੂਆਂ ਅਮਨ ਸੇਖਾ,ਸੰਦੀਪ ਗਿੱਲ,ਬਲਰਾਜ ਫਰੀਦਕੋਟ,ਗੁਰਪ੍ਰੀਤ ਸਿੰਘ ਬਠਿੰਡਾ,ਰਸ਼ਪਾਲ ਸਿੰਘ ਜਲਾਲਾਬਾਦ,ਲਖਵਿੰਦਰ ਮੁਕਤਸਰ ਆਦਿ ਨੇ ਕਿਹਾ ਕਿ ਬੇਰੁਜ਼ਗਾਰਾਂ ਦੀ ਮੰਗ ਹੈ ਕਿ ਸਮਾਜਿਕ ਸਿੱਖਿਆ,ਹਿੰਦੀ ਅਤੇ ਪੰਜਾਬੀ ਦੀਆਂ 9000 ਅਸਾਮੀਆਂ ਸਮੇਤ ਕੁਲ 18000 ਅਸਾਮੀਆਂ ਦੀ ਭਰਤੀ ਦੀ ਮੰਗ ਕਰਦੇ ਆ ਰਹੇ ਹਨ।
ਬੇਰੁਜ਼ਗਾਰਾਂ ਨੇ ਦੱਸਿਆ ਕਿ ਅਸਾਮੀਆਂ ਦੇ ਇਸ਼ਤਿਹਾਰ ਜਾਰੀ ਹੋਣ ਤੱਕ ਪੱਕਾ ਮੋਰਚਾ ਜਾਰੀ ਰਹੇਗਾ।
ਇੰਨ੍ਹਾਂ ਤੋਂ ਇਲਾਵਾ ਅਮਨ ਬਠਿੰਡਾ,ਸੰਦੀਪ ਮੋਫਰ, ਅਮਨਦੀਪ ਕੌਰ ਬਠਿੰਡਾ,ਹਰਪ੍ਰੀਤ ਸਿੰਘ ਫਿਰੋਜ਼ਪੁਰ,ਦੀਪਕਾ ਰਾਣੀ ਪਟਿਆਲਾ,ਮਲਕ ਪ੍ਰੀਤ ਅਤੇ ਤਾਹਿਰਾ ਮਾਲੇਰਕੋਟਲਾ,ਅਮਨਜੀਤ ਅਤੇ ਦਵਿੰਦਰ ਰੋਪੜ,ਹਰਜਿੰਦਰ ਕੌਰ ਗੋਲੀ ਮੁਕੇਰੀਆਂ,ਜਸਵਿੰਦਰ ਸ਼ੇਰਪੁਰ,ਮਨਦੀਪ ਰੱਤੂ ਜਲੰਧਰ,ਨਰਿੰਦਰ ਨਿਆਮਤਾਂ, ਅਸ਼ਵਨੀ ਬਹਿਰਾਮ ਪੁਰ ਦੋਵੇਂ ਗੁਰਦਾਪੁਰ,ਨਿਤਿਨ ਸ਼ੈਣੀ ਪਠਾਨਕੋਟ,ਪ੍ਰਿਤਪਾਲ ਕੌਰ,ਨੀਤਿਕਾ ਕਪੂਰਥਲਾ,ਕਿਰਨ ਈਸ਼ੜਾ,ਅੰਗਰੇਜ ਸਿੰਘ,ਅਮਨ ਬਠਿੰਡਾ,ਰਾਜਬੀਰ ਕੌਰ ਆਦਿ ਹਾਜ਼ਰ ਸਨ।