ਨਿਰਧਾਰਿਤ ਥਾਵਾਂ ’ਤੇ ਹੀ ਕੀਤੀ ਜਾ ਸਕੇਗੀ ਪਟਾਖਿਆਂ ਦੀ ਵਿਕਰੀ
ਰਘਵੀਰ ਹੈਪੀ , ਬਰਨਾਲਾ, 29 ਅਕਤੂਬਰ 2021
ਮਾਣਯੋਗ ਸੁਪਰੀਮ ਕੋਰਟ ਅਤੇ ਮਾਣਯੋਗ ਹਾਈ ਕੋਰਟ ਵੱਲੋਂ ਸਮੇਂ ਸਮੇਂ ’ਤੇ ਜਾਰੀ ਕੀਤੇ ਗਏ ਦਿਸ਼ਾ ਨਿਰਦੇਸ਼ਾਂ ਦੀ ਰੌਸ਼ਨੀ ਵਿੱਚ ਅੱਜ ਜ਼ਿਲਾ ਬਰਨਾਲਾ ਦੇ ਬਿਨੈਕਾਰਾਂ ਨੂੰ ਦੀਵਾਲੀ ਦੇ ਮੱਦੇਨਜ਼ਰ ਛੋਟੇ ਪਟਾਖਿਆਂ ਦੀ ਵਿਕਰੀ ਸਬੰਧੀ ਆਰਜ਼ੀ ਲਾਇਸੈਂਸ ਜਾਰੀ ਕਰਨ ਲਈ ਡਰਾਅ ਕੱਢੇ ਗਏ।
ਜ਼ਿਲਾ ਪ੍ਰਬੰਧਕੀ ਕੰਪਲੈਕਸ ਦੇ ਰੈੱਡ ਕ੍ਰਾਸ ਭਵਨ ਦੇ ਮੀਟਿੰਗ ਹਾਲ ਵਿਖੇ ਬਿਨੈਕਾਰਾਂ ਦੀ ਮੌਜੂਦਗੀ ਵਿੱਚ ਡਿਪਟੀ ਕਮਿਸ਼ਨਰ ਸ੍ਰੀ ਕੁਮਾਰ ਸੌਰਭ ਰਾਜ ਵੱਲੋਂ ਪਾਰਦਰਸ਼ੀ ਢੰਗ ਨਾਲ ਆਰਜ਼ੀ ਲਾਇਸੈਂਸਾਂ ਸਬੰਧੀ ਪਰਚੀ ਕੱਢ ਕੇ ਨਾਵਾਂ ਦਾ ਐਲਾਨ ਕੀਤਾ ਗਿਆ। ਉਨਾਂ ਦੱਸਿਆ ਕਿ ਬਰਨਾਲਾ ਤੋਂ 175, ਹੰਡਿਆਇਆ ਤੋਂ 13, ਮਹਿਲ ਕਲਾਂ ਤੋਂ 128, ਭਦੌੜ ਤੋਂ 30, ਤਪਾ ਤੋਂ 3 ਦਰਖਾਸਤਾਂ ਪ੍ਰਾਪਤ ਹੋਈਆਂ ਸਨ, ਜਿਨਾਂ ਵਿੱਚੋਂ ਪਟਾਖੇ ਵੇਚਣ ਲਈ ਅਲਾਟਮੈਂਟ ਡਰਾਅ ਦੌਰਾਨ ਬਰਨਾਲਾ ਤੋਂ 20, ਹੰਡਿਆਇਆ ਤੋਂ 6, ਮਹਿਲ ਕਲਾਂ ਤੋਂ 6, ਭਦੌੜ ਤੋਂ 6, ਤਪਾ ਤੋਂ 3 ਡਰਾਅ ਅਲਾਟ ਕੀਤੇ ਗਏ।
ਇਸ ਮੌਕੇ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲੇ ਵਿੱਚ ਛੋਟੇ ਪਟਾਖਿਆਂ ਦੀ ਖਰੀਦ/ਵੇਚ ਲਈ ਥਾਵਾਂ ਨਿਰਧਾਰਤ ਕੀਤੀਆਂ ਗਈਆਂ ਹਨ ਤੇ ਇਨਾਂ ਥਾਵਾਂ ’ਤੇ ਹੀ ਪਟਾਖਿਆਂ ਦੀ ਖਰੀਦ/ਵੇਚ ਕੀਤੀ ਜਾਵੇ। ਇਨਾਂ ਥਾਵਾਂ ’ਚ ਬਰਨਾਲਾ ਸ਼ਹਿਰ ਵਿਖੇ 25 ਏਕੜ ਸਕੀਮ ਇੰਮਪੂਰਵਮੈਂਟ ਟਰੱਸਟ, ਬਰਨਾਲਾ ਅਤੇ ਬਾਬਾ ਕਾਲਾ ਮਹਿਰ ਖੇਡ ਸਟੇਡੀਅਮ ਬਰਨਾਲਾ, ਪੱਕਾ ਬਾਗ ਸਟੇਡੀਅਮ ਧਨੌਲਾ, ਗੁਰੂ ਤੇਗ ਬਹਾਦਰ ਸਟੇਡੀਅਮ ਹੰਡਿਆਇਆ (ਬਰਨਾਲਾ) ਹੈ। ਮਹਿਲ ਕਲਾਂ ਵਿਖੇ ਗੋਲਡਨ ਸਿਟੀ ਕਲੋਨੀ ਜੋ ਕਿ ਬਰਨਾਲਾ-ਮਹਿਲ ਕਲਾਂ ਰੋਡ ’ਤੇ ਸਥਿਤ ਹੈ, ਤਪਾ ਵਿਖੇ ਘੁੰਨਸ ਰੋਡ ਉਪਰ ਬਣੇ ਸਟੇਡੀਅਮ (ਕੱਸੀ ਵਾਲੇ ਗਰਾਊਂਡ) ਦੀ ਜਗਾ, ਭਦੌੜ ਵਿਖੇ ਪਬਲਿਕ ਸਪੋਰਟਸ ਸਟੇਡੀਅਮ ਵਾਲੀ ਜਗਾ ਪੱਤੀ ਮੇਹਰ ਸਿੰਘ ਅਤੇ ਸਹਿਣਾ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸਹਿਣਾ ਦੇ ਖੇਡ ਮੈਦਾਨ ਵਾਲੀ ਜਗਾ ਹੋਵੇਗੀ।