ਹਰਿੰਦਰ ਨਿੱਕਾ, ਬਰਨਾਲਾ 29 ਅਕਤੂਬਰ 2021
ਖੇਤ ‘ਚੋਂ ਲੰਘਦੀਆਂ ਬਿਜਲੀ ਦੀਆਂ ਨੀਵੀਆਂ ਤਾਰਾਂ ਦੀ ਲਪੇਟ ਵਿੱਚ ਆਉਣ ਨਾਲ ਨੌਜਵਾਨ ਕਿਸਾਨ ਦੀ ਮੌਤ ਹੋ ਗਈ । ਪ੍ਰਾਪਤ ਜਾਣਕਾਰੀ ਅਨੁਸਾਰ ਸੁਖਜਿੰਦਰ ਸਿੰਘ ਪੁੱਤਰ ਮੇਜਰ ਸਿੰਘ ਵਾਸੀ ਸੁਖਪੁਰਾ ਮੌੜ ਦੇ ਖੇਤ ਵਿੱਚ ਕੰਬਾਇਨ ਨਾਲ ਝੋਨੇ ਦੀ ਕਟਾਈ ਕੀਤੀ ਜਾ ਰਹੀ ਸੀ। ਕੰਬਾਇਨ ਚਾਲਕ ਕੰਬਾਇਨ ਚਲਾ ਰਿਹਾ ਸੀ, ਜਦੋਂ ਕਿ ਕਿਸਾਨ ਸੁਖਜਿੰਦਰ ਸਿੰਘ ਕੰਬਾਇਨ ਦੇ ਕਟਰ ਉਸ ਦਾ ਹੱਥ ਲੱਗ ਗਿਆ ਅਤੇ ਬਿਜਲੀ ਦੀਆਂ ਨੀਵੀਆਂ ਤਾਰਾਂ ਵਿੱਚ ਕੰਬਾਇਨ ਦੀ ਛੱਤਰੀ ਫਸ ਜਾਣ ਕਾਰਣ , ਕੰਬਾਇਨ ਦੇ ਕਟਰ ਵਿੱਚ ਵੀ ਕਰੰਟ ਆ ਗਿਆ। ਕਰੰਟ ਲੱਗਣ ਨਾਲ ਸੁਖਜਿੰਦਰ ਸਿੰਘ ਦੀ ਮੌਤ ਹੋ ਗਈ । ਮ੍ਰਿਤਕ ਦੇਹ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਬਰਨਾਲਾ ਦੀ ਮੌਰਚਰੀ ਵਿੱਚ ਲਿਆਂਦਾ ਗਿਆ ਹੈ।
ਉੱਧਰ ਕਿਸਾਨ ਦੇ ਪਰਿਵਾਰਿਕ ਮੈਂਬਰਾਂ ਦਾ ਦੋਸ਼ ਹੈ ਕਿ ਸੁਖਜਿੰਦਰ ਸਿੰਘ ਦੀ ਮੌਤ ਬਿਜਲੀ ਬੋਰਡ ਦੀ ਲਾਪਰਵਾਹੀ ਕਾਰਣ ਹੋਈ ਹੈ। ਕਿਉਂਕਿ ਕਈ ਵਾਰ ਬਿਜਲੀ ਬੋਰਡ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਖੇਤ ਵਿੱਚੋਂ ਲੰਘਦੀਆਂ ਬਿਜਲੀਆਂ ਦੀਆਂ ਨੀਵੀਂਆ ਤਾਰਾਂ ਨੂੰ ਉੱਚਾ ਚੁੱਕਣ ਲਈ ਕਿਹਾ ਗਿਆ ਸੀ। ਪਰੰਤੂ ਬਿਜਲੀ ਵਿਭਾਗ ਦੇ ਕਰਮਚਾਰੀਆਂ ਅਤੇ ਅਧਿਕਾਰੀਆਂ ਨੇ ਨੀਵੀਂਆਂ ਤਾਰਾਂ ਨੂੰ ਗੰਭੀਰਤਾ ਨਾਲ ਨਹੀਂ ਲਿਆ। ਜਿੰਨਾਂ ਦੀ ਅਣਗਿਹਲੀ ਹੀ ਸੁਖਜਿੰਦਰ ਸਿੰਘ ਦੀ ਮੌਤ ਦਾ ਕਾਰਣ ਬਣ ਗਈ। ਐਸਐਚਉ ਨਰਦੇਵ ਸਿੰਘ ਨੇ ਕਿਹਾ ਕਿ ਮ੍ਰਿਤਕ ਦੇ ਪਰਿਵਾਰਿਕ ਮੈਂਬਰਾਂ ਦੇ ਬਿਆਨ ਪਰ ਉਚਿੱਤ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।