ਹਰਿੰਦਰ ਨਿੱਕਾ , ਬਰਨਾਲਾ 26 ਅਕਤੂਬਰ 2021
ਨਸ਼ੇ ਦੀ ਦਲਦਲ ਵਿੱਚ ਫਸੇ ਇੱਕ ਨਸ਼ੇੜੀ ਨੌਜਵਾਨ ਨੇ ਨਸ਼ੇ ਲਈ ਖਰਚਾ ਦੇਣ ਤੋਂ ਨਾਂਹ ਸੁਣਦਿਆਂ ਹੀ ਆਪਣੀ ਮਾਂ ਨੂੰ ਕੁੱਟਣਾ ਸ਼ੁਰੂ ਕਰ ਦਿੱਤਾ। ਜਦੋਂ ਉਸ ਦੀ ਮਾਂ ਨੂੰ ਛੁਡਾਉਣ ਲਈ ਪਿਉ ਅੱਗੇ ਆਇਆ ਤਾਂ ਨਸ਼ੇੜੀ ਨੇ ਪਿਉ ਤੇ ਹਮਲਾ ਕਰਕੇ, ਉਸ ਨੂੰ ਗੰਭੀਰ ਰੂਪ ਵਿੱਚ ਜਖਮੀ ਕਰ ਦਿੱਤਾ। ਗੰਭੀਰ ਹਾਲਤ ਵਿੱਚ ਜਖਮੀ ਪਿਉ ਨੂੰ ਹਸਪਤਾਲ ਵਿੱਚ ਦਾਖਿਲ ਕਰਵਾਇਆ ਗਿਆ। ਪੁਲਿਸ ਨੇ ਜਖਮੀ ਪਿਉ ਦੇ ਬਿਆਨ ਪਰ ਦੋਸ਼ੀ ਪੁੱਤ ਦੇ ਖਿਲਾਫ ਕੇਸ ਦਰਜ਼ ਕਰਕੇ,ਉਸ ਦੀ ਤਲਾਸ਼ ਸ਼ੁਰੂ ਕਰ ਦਿੱਤੀ।
ਪੁਲਿਸ ਨੂੰ ਕਲਮਬੰਦ ਕਰਵਾਏ ਬਿਆਨ ਵਿੱਚ ਗੁਰਮੇਲ ਸਿੰਘ ਪੁੱਤਰ ਮੇਜ਼ਰ ਸਿੰਘ ਵਾਸੀ ਜੋਧਪੁਰ ਨੇ ਦੱਸਿਆ ਕਿ ਮੇਰਾ ਲੜਕਾ ਅਮਨਦੀਪ ਸਿੰਘ ਸਰਾਬੀ ਹਾਲਤ ਵਿੱਚ ਆਪਣੀ ਮਾਂ ਪਰਮਜੀਤ ਕੌਰ ਪਾਸੋਂ ਪੈਸੇ ਮੰਗ ਰਿਹਾ ਸੀ। ਪੈਸੇ ਦੇਣ ਤੋਂ ਮਨ੍ਹਾਂ ਕਰਨ ਤੇ ਅਮਨ ਨੇ ਆਪਣੀ ਮਾਂ ਦੀ ਮਾਰਕੁੱਟ ਸ਼ੁਰੂ ਕਰ ਦਿੱਤੀ। ਜਦੋਂ ਅਮਨ ਨੂੰ ਰੋਕਣ ਲਈ ਮੈਂ ਅੱਗੇ ਆਇਆ ਤਾਂ ਅਮਨਦੀਪ ਸਿੰਘ ਨੇ ਘਰੋ ਕਹੀ ਚੁੱਕ ਕੇ ਮੇਰੇ ਉੱਪਰ ਹਮਲਾ ਕਰਕੇ ,ਮੇਰੇ ਕਾਫੀ ਸੱਟਾ ਮਾਰੀਆਂ ਅਤੇ ਕਹੀ ਸਮੇਤ ਘਰੋਂ ਮੇਰੀ ਗੱਡੀ ਯੂਟੀਲਿਟੀ ਲੈ ਕੇ ਫਰਾਰ ਹੋ ਗਿਆ। ਅਮਨਦੀਪ ਜਾਂਦਾ ਹੋਇਆ ਧਮਕੀਆਂ ਦਿੰਦਾ ਸੀ ਕਿ ਅੱਜ ਤਾ ਤੂੰ ਬਚ ਗਿਆ , ਫਿਰ ਮੈਂ ਤੈਨੂੰ ਮਾਰਕੇ ਹੀ ਛੱਡਾਂਗਾ।
ਗੁਰਮੇਲ ਸਿੰਘ ਨੇ ਕਿਹਾ ਕਿ ਲੜਾਈ ਵਜ੍ਹਾ ਰੰਜਿਸ ਇਹ ਹੈ ਕਿ ਅਮਨਦੀਪ ਨਸ਼ੇੜੀ ਹੈਂ ਤੇ ਮੈਂ ਨਸ਼ੇ ਲਈ ਉਸ ਨੂੰ ਕੋਈ ਖਰਚਾ ਨਹੀ ਦਿੰਦਾ। ਜਿਸ ਕਰਕੇ, ਅਮਨ ,ਘਰ ਅੰਦਰ ਹਮੇਸ਼ਾ ਬਦਅਮਨੀ ਦਾ ਮਾਹੌਲ ਪੈਦਾ ਕਰਕੇ ਰੱਖਦਾ ਹੈ। ਇਸੇ ਰੰਜਿਸ ਕਰਕੇ ਹੀ ਉਸ ਨੇ ਮੇਰੇ ਸੱਟਾਂ ਮਾਰੀਆ ਹਨ। ਮਾਮਲੇ ਦੇ ਤਫਤੀਸ਼ ਅਧਿਕਾਰੀ ਏ.ਐਸ.ਆਈ. ਸਤਨਾਮ ਸਿੰਘ ਨੇ ਦੱਸਿਆ ਕਿ ਜਖਮੀ ਪਿਉ ਦੇ ਬਿਆਨ ਅਤੇ ਮੈਡੀਕਲ ਰਿਪੋਰਟ ਦੇ ਅਧਾਰ ਪਰ ਦੋਸ਼ੀ ਪੁੱਤ ਦੇ ਵਿਰੁੱਧ ਅਧੀਨ ਜੁਰਮ 325,323, 506 ਆਈਪੀਸੀ ਦੇ ਤਹਿਤ ਥਾਣਾ ਸਦਰ ਬਰਨਾਲਾ ਵਿਖੇ ਕੇਸ ਦਰਜ ਕਰਕੇ,ਨਾਮਜ਼ਦ ਦੋਸ਼ੀ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ। ਜਲਦ ਹੀ ਉਸ ਨੂੰ ਗਿਰਫਤਾਰ ਕਰਕੇ,ਅਗਲੀ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।