ਮਿਆਦ ਨਾ ਲਿਖਣ ਵਾਲਿਆਂ ’ਤੇ ਹੋਵੇਗੀ ਕਾਰਵਾਈ: ਜ਼ਿਲਾ ਸਿਹਤ ਅਫਸਰ
ਰਘਵੀਰ ਹੈਪੀ/ ਰਵੀ ਸੈਣ ਬਰਨਾਲਾ, 25 ਅਕਤੂਬਰ 2021
ਸਿਹਤ ਵਿਭਾਗ ਬਰਨਾਲਾ ਵੱਲੋਂ ਸਿਵਲ ਸਰਜਨ ਬਰਨਾਲਾ ਡਾ. ਜਸਬੀਰ ਸਿੰਘ ਔਲਖ ਦੇ ਦਿਸ਼ਾ ਨਿਰਦੇਸ਼ ਅਧੀਨ ਤਿਉਹਾਰਾਂ ਦੇ ਮੱਦੇਨਜ਼ਰ ਮਿਆਰੀ ਖਾਧ ਪਦਾਰਥਾਂ ਦੀ ਵਿਕਰੀ ਯਕੀਨੀ ਬਣਾਉਣ ਦੇ ਉਦੇਸ਼ ਨਾਲ ਸਿਹਤ ਵਿਭਾਗ ਦੀ ਟੀਮ ਵੱਲੋਂ ਜ਼ਿਲਾ ਸਿਹਤ ਅਫਸਰ ਡਾ. ਜਸਪ੍ਰੀਤ ਸਿੰਘ ਗਿੱਲ ਦੀ ਅਗਵਾਈ ਵਿੱਚ ਭਦੌੜ ਸ਼ਹਿਰ ਵਿਖੇ ਸੈਂਪਲਿੰਗ ਕੀਤੀ ਗਈ।
ਇਸ ਮੌਕੇ ਜ਼ਿਲਾ ਸਿਹਤ ਅਫਸਰ ਜਸਪ੍ਰੀਤ ਸਿੰਘ ਗਿੱਲ ਨੇ ਦੱਸਿਆ ਕਿ ਉਨਾਂ ਵੱਲੋਂ ਭਦੌੜ ਵਿਖੇ ਵੱਖ ਵੱਖ ਮਿਠਾਈਆਂ ਦੀਆਂ ਦੁਕਾਨਾਂ ਤੋਂ 7 ਤਰਾਂ ਦੇ ਸੈਂਪਲ ਲਏ ਗਏ ਹਨ ਅਤੇ ਇਨਾਂ ਸੈਂਪਲਾ ਦੀ ਗੁਣਵੱਤਾ ਜਾਂਚਣ ਲਈ ਅਗਲੇਰੀ ਜਾਂਚ ਲਈ ਰਾਜ ਪੱਧਰੀ ਲੈਬ ਵਿਖੇ ਭੇਜੇ ਜਾ ਰਹੇ ਹਨ। ਉਨਾਂ ਦੱਸਿਆ ਕਿ ਮਿਠਾਈ ਦੀ ਮਿਆਦ ਲਿਖਣਾ ਲਾਜ਼ਮੀ ਹੈ।
ਖਾਧ ਸੁਰੱਖਿਆ ਅਫਸਰ ਜਸਵਿੰਦਰ ਸਿੰਘ ਨੇ ਦੱਸਿਆ ਕਿ ਉਨਾਂ ਵੱਲੋਂ ਭਦੌੜ ਵਿਖੇ ਕਈ ਮਿਠਾਈਆਂ ਨੂੰ ਨਸ਼ਟ ਕਰਵਾਇਆਂ ਗਿਆ ਤਾਂ ਜੋ ਆਮ ਲੋਕਾਂ ਨੂੰ ਗੁਣਵੱਤਾ ਭਰਪੂਰ ਮਿਠਾਈਆਂ ਮਿਲ ਸਕਣ। ਉਨਾਂ ਦੱਸਿਆ ਕਿ ਦੁਕਾਨਦਾਰਾਂ ਨੂੰ ਜਾਗਰੂਕ ਕੀਤਾ ਗਿਆ ਹੈ ਕਿ ਕਿਸੇ ਵੀ ਤਰਾਂ ਦੀ ਮਿਠਾਈ ਦੀ ਮਿਆਦ ਲਿਖਣਾ ਲਾਜ਼ਮੀ ਹੈ। ਉਨਾਂ ਕਿਹਾ ਕਿ ਜੇਕਰ ਕੋਈ ਇਸ ਦੀ ਉਲੰਘਣਾ ਕਰਦਾ ਪਾਇਆ ਗਿਆ ਤਾਂ ਉਸ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।