ਮੰਨੀਆਂ ਮੰਗਾਂ ਲਾਗੂ ਕਰਵਾਉਣ ਲਈ ਮਜ਼ਦੂਰਾਂ ਵੱਲੋਂ ਜ਼ਿਲ੍ਹਾ ਪੱਧਰੀ ਇਕੱਤਰਤਾ
* 27 ਦੇ ਭਾਰਤ ਬੰਦ ਤੇ 28 ਨੂੰ ਬਰਨਾਲਾ ਵਿਖੇ ਸਾਮਰਾਜ ਵਿਰੋਧੀ ਕਾਨਫਰੰਸ ਦੀ ਹਮਾਇਤ ਦਾ ਐਲਾਨ
ਹਰਪ੍ਰੀਤ ਕੌਰ ਬਬਲੀ , ਸੰਗਰੂਰ 23 ਸਤੰਬਰ 2021
ਪੰਜਾਬ ਖੇਤ ਮਜ਼ਦੂਰ ਯੂਨੀਅਨ ਵੱਲੋਂ ਇੱਥੇ ਗੁਰਦੁਆਰਾ ਨਾਨਣਕਾਣੀ ਸਾਹਿਬ ਵਿਖੇ ਜ਼ਿਲੇ ਦੇ ਤਿੰਨ ਦਰਜ਼ਨ ਪਿੰਡਾਂ ਚੋਂ ਆਏ ਸੈਂਕੜੇ ਖੇਤ ਮਜ਼ਦੂਰਾਂ ਦੀ ਮੀਟਿੰਗ ਕਰਕੇ ਖੇਤ ਮਜ਼ਦੂਰਾਂ ਦੀਆਂ ਮੰਨੀਆਂ ਮੰਗਾਂ ਲਾਗੂ ਕਰਵਾਉਣ ਅਤੇ ਰਹਿੰਦੀਆਂ ਮੰਗਾਂ ਮਨਵਾਉਣ ਲਈ ਵਿਸ਼ਾਲ ਤੇ ਦਿਰੜ ਸੰਘਰਸ਼ ਦੇ ਰਾਹ ਪੈਣ ਦਾ ਸੱਦਾ ਦਿੱਤਾ ਗਿਆ। ਇਸ ਮੌਕੇ ਕਾਲ਼ੇ ਖੇਤੀ ਕਾਨੂੰਨਾਂ ਦੀ ਵਾਪਸੀ ਲਈ 27 ਸਤੰਬਰ ਦੇ ਭਾਰਤ ਬੰਦ ਅਤੇ 28 ਸਤੰਬਰ ਨੂੰ ਬੀਕੇਯੂ ਏਕਤਾ ਉਗਰਾਹਾਂ ਵੱਲੋਂ ਬਰਨਾਲਾ ਵਿਖੇ ਸ਼ਹੀਦ ਭਗਤ ਸਿੰਘ ਦੇ ਜਨਮ ਦਿਹਾੜੇ ਮੌਕੇ ਕੀਤੀ ਜਾ ਰਹੀ “ਸਾਮਰਾਜ ਵਿਰੋਧੀ ਕਾਨਫਰੰਸ” ‘ਚ ਸ਼ਾਮਲ ਹੋਣ ਰਾਹੀਂ ਮਜ਼ਦੂਰ ਕਿਸਾਨ ਏਕਤਾ ਨੂੰ ਤਕੜਾਈ ਦੇਣ ਸਬੰਧੀ ਵੀ ਫੈਸਲਾ ਲਿਆ ਗਿਆ।
ਮੀਟਿੰਗ ਨੂੰ ਯੂਨੀਅਨ ਦੇ ਸੂਬਾ ਜਨਰਲ ਸਕੱਤਰ ਲਛਮਣ ਸਿੰਘ ਸੇਵੇਵਾਲਾ ਨੇ ਸੰਬੋਧਨ ਕਰਦਿਆਂ ਆਖਿਆ ਕਿ ਪੰਜਾਬ ਦੀ ਕਾਂਗਰਸ ਸਰਕਾਰ ਨਾਂ ਸਿਰਫ਼ ਚੋਣਾਂ ਸਮੇਂ ਕੀਤੇ ਵਾਅਦੇ ਪੂਰੇ ਕਰਨ ਤੋਂ ਭੱਜ ਗਈ ਹੈ ਸਗੋਂ ਬੀਤੇ ਦਿਨੀਂ ਮਜ਼ਦੂਰ ਜਥੇਬੰਦੀਆਂ ਦੇ ਸਾਂਝੇ ਮਜ਼ਦੂਰ ਮੋਰਚੇ ਦੇ ਆਗੂਆਂ ਨਾਲ਼ ਮੀਟਿੰਗਾਂ ਸਮੇਂ ਕੀਤੇ ਫੈਸਲੇ ਲਾਗੂ ਕਰਨ ਤੋਂ ਵੀ ਟਾਲ ਮਟੋਲ ਕਰ ਰਹੀ ਹੈ। ਉਹਨਾਂ ਮਜ਼ਦੂਰਾਂ ਕਿਸਾਨਾਂ ਤੇ ਲੋਕਾਂ ਦੇ ਮਸਲੇ ਹੱਲ ਕਰਨ ਲਈ ਬੰਦਿਆਂ ਦੀ ਥਾਂ ਲੋਕ ਦੋਖੀ ਅਤੇ ਜਗੀਰਦਾਰਾਂ ਤੇ ਸਾਮਰਾਜ ਪੱਖੀ ਨੀਤੀਆਂ ਬਦਲਣ ਦੀ ਲੋੜ ‘ਤੇ ਜ਼ੋਰ ਦਿੱਤਾ।
ਉਹਨਾਂ ਸੰਨ ਸੰਤਾਲੀ ਦੀ ਸਤਾ ਬਦਲੀ ਦੀ ਪੌਣੀ ਸਦੀ ਬੀਤਣ ਦੇ ਬਾਵਜੂਦ ਗਰੀਬੀ, ਬੇਰੁਜ਼ਗਾਰੀ, ਕਰਜ਼ੇ, ਖੁਦਕੁਸ਼ੀਆਂ ਤੇ ਜਾਤਪਾਤੀ ਜ਼ਬਰ ਜ਼ੁਲਮ ਵਰਗੀਆਂ ਅਲਾਮਤਾਂ ਆਏ ਦਿਨ ਵਿਕਰਾਲ ਰੂਪ ਧਾਰਨ ਕਰ ਰਹੀਆਂ ਹਨ ਅਤੇ ਮੋਦੀ ਦੇ ਸਤਾ ਸੰਭਾਲਣ ਤੋਂ ਬਾਅਦ ਮੁਲਕ ਭਰ ਅੰਦਰ ਦਲਿਤਾਂ ਜ਼ਬਰ ਜ਼ੁਲਮ ਹੋਰ ਵੀ ਤੇਜ਼ੀ ਫੜ ਗਿਆ ਹੈ। ਉਹਨਾਂ ਆਖਿਆ ਕਿ ਸ਼ਹੀਦ ਭਗਤ ਸਿੰਘ ਵੱਲੋਂ ਮਨੁੱਖ ਹੱਥੋਂ ਮਨੁੱਖ ਦੀ ਲੁੱਟ-ਖਸੁੱਟ ਰਹਿਤ ਸਮਾਜ ਸਿਰਜਣ ਦਾ ਜ਼ੋ ਟੀਚਾ ਮਿੱਥਿਆ ਗਿਆ ਸੀ ਉਹ ਅਜ਼ੇ ਵੀ ਅਧੂਰਾ ਹੈ ਅਤੇ ਦੇਸ਼ ਦੇ ਵਿੱਚ ਜਗੀਰਦਾਰਾਂ, ਸੂਦਖੋਰਾਂ, ਕਾਰਪੋਰੇਟ ਘਰਾਣਿਆਂ ਤੇ ਸਾਮਰਾਜੀ ਮੁਲਕਾਂ ਦੀ ਲੁੱਟ ਆਏ ਦਿਨ ਤੇਜ਼ ਹੋ ਰਹੀ ਹੈ।
ਉਹਨਾਂ ਕਿਹਾ ਕਿ ਮਜ਼ਦੂਰਾਂ ਕਿਸਾਨਾਂ ਤੇ ਕਿਰਤੀ ਲੋਕਾਂ ਦੀ ਮੁਕਤੀ, ਖੁਸ਼ਹਾਲੀ ਤੇ ਬਰਾਬਰੀ ਦੇ ਲਈ ਜ਼ਮੀਨਾਂ ਦੀ ਕਾਣੀ ਵੰਡ ਖ਼ਤਮ ਕਰਕੇ ਖੇਤੀ ਅਧਾਰਿਤ ਰੁਜ਼ਗਾਰ ਮੁਖੀ ਸਨਅਤਾ ਲਾਉਣ ਅਤੇ ਖੇਤੀ ਖੇਤਰ ਚੋਂ ਸਾਮਰਾਜੀ ਕੰਪਨੀਆਂ ਦੀ ਲੁੱਟ ਨੂੰ ਬੰਦ ਕਰਨ , ਸੂਦਖੋਰੀ ਦਾ ਖਾਤਮਾ ਕਰਕੇ ਖੇਤ ਮਜ਼ਦੂਰਾਂ ਤੇ ਗਰੀਬ ਕਿਸਾਨਾਂ ਲਈ ਬਿਨਾਂ ਵਿਆਜ਼ ਲੰਮੀ ਮਿਆਦ ਦੇ ਕਰਜ਼ੇ ਦੇਣ ਦੀ ਨੀਤੀ ਬਨਾਉਣ ,ਨਿੱਜੀਕਰਨ ਦੀਆਂ ਨੀਤੀਆਂ ਰੱਦ ਕਰਕੇ ਸਭਨਾਂ ਅਦਾਰਿਆਂ ‘ਚ ਪੱਕੀ ਭਰਤੀ ਕਰਨ ਅਤੇ ਵਿੱਦਿਆ ਤੇ ਸਿਹਤ ਸਹੂਲਤਾਂ ਦਾ ਮੁਫ਼ਤ ਪ੍ਰਬੰਧ ਕਰਨ ਵਰਗੇ ਕਦਮ ਚੁੱਕੇ ਜਾਣ ਦੀ ਲੋੜ ਹੈ। ਇਹਨਾਂ ਕਦਮਾਂ ਨੂੰ ਲਾਗੂ ਕਰਨ ਰਾਹੀਂ ਹੀ ਸ਼ਹੀਦ ਭਗਤ ਸਿੰਘ ਦੀ ਸੋਚ ਨੂੰ ਅਮਲੀ ਜਾਮਾ ਪਹਿਨਾਉਣ ਦੇ ਰਾਹ ਅੱਗੇ ਵਧਿਆ ਜਾ ਸਕਦਾ ਅਤੇ ਖਰੀ ਅਜ਼ਾਦੀ ਤੇ ਸੱਚੀ ਜਮਹੂਰੀਅਤ ਦੀ ਸਿਰਜਣਾ ਕੀਤੀ ਜਾ ਸਕਦੀ ਹੈ।
ਇਸ ਮੌਕੇ ਯੂਨੀਅਨ ਦੇ ਸੂਬਾ ਕਮੇਟੀ ਮੈਂਬਰ ਹਰਭਗਵਾਨ ਸਿੰਘ ਮੂਣਕ ਨੇ ਖੇਤ ਮਜ਼ਦੂਰਾਂ ਨੂੰ ਸੱਦਾ ਦਿੱਤਾ ਕਿ ਉਹ ਆਪਣੀ ਬੰਦਖਲਾਸੀ ਲਈ ਵੋਟ ਪਾਰਟੀਆਂ ਤੋਂ ਝਾਕ ਛੱਡ ਕੇ ਵਿਸ਼ਾਲ, ਸਿਰੜੀ ਤੇ ਸਾਂਝੇ ਘੋਲਾਂ ਦੀ ਉਸਾਰੀ ਲਈ ਡਟ ਜਾਣ। ਉਹਨਾਂ ਪਿੰਡਾਂ ਵਿੱਚ ਮਜ਼ਦੂਰ ਯੂਨੀਅਨ ਦੀਆਂ ਕਮੇਟੀਆਂ ਗਠਿਤ ਕਰਨ ਅਤੇ ਮਜ਼ਦੂਰ ਜਥੇਬੰਦੀਆਂ ਦੇ ਸਾਂਝੇ ਮੋਰਚੇ ਵੱਲੋਂ ਸੰਘਰਸ਼ ਲੜਕੇ ਕੱਟੇ ਹੋਏ ਪਲਾਟਾਂ ਕਬਜ਼ੇ ਇੱਕ ਮਹੀਨੇ ‘ਚ ਦੇਣ ਅਤੇ ਪੁੱਟੇ ਹੋਏ ਬਿਜਲੀ ਮੀਟਰ ਬਿਨਾਂ ਸ਼ਰਤ ਜੋੜਨ ਦੀਆਂ ਮਨਵਾਈਆ ਮੰਗਾਂ ਲਾਗੂ ਕਰਵਾਉਣ ਲਈ ਸਰਗਰਮ ਪੈਰਵਈ ਕਰਨ।
ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਜ਼ਿਲ੍ਹਾ ਪ੍ਰੈਸ ਸਕੱਤਰ ਜਗਤਾਰ ਸਿੰਘ ਕਾਲਾਝਾੜ ਨੇ ਖੇਤ ਮਜ਼ਦੂਰਾਂ ਨੂੰ ਆਪਣੀ ਜਥੇਬੰਦੀ ਵੱਲੋਂ ਭਰਵਾਂ ਸਹਿਯੋਗ ਦੇਣ ਦਾ ਭਰੋਸਾ ਦਿੱਤਾ ਗਿਆ।