ਰਾਮ ਸਰੂਪ ਅਣਖੀ ਸਾਹਿਤ ਸਭਾ ਧੌਲਾ ਵੱਲੋਂ ਮਾਤਾ ਬਸੰਤ ਕੌਰ ਯਾਦਗਰੀ ਲਾਇਬਰੇਰੀ ਅਤਰਗੜ੍ਹ ਨੂੰ 101 ਕਿਤਾਬਾਂ ਭੇਂਟ
-ਅਣਖੀ ਸਾਹਿਤ ਸਭਾ ਧੌਲਾ ਦਾ ਸਾਹਿਤਕ ਕਾਰਜ ਸਲਾਘਾਯੋਗ- ਸਿਵਲ ਸਰਜਨ ਡਾ. ਔਲਖ
ਪਰਦੀਪ ਕਸਬਾ , ਬਰਨਾਲਾ 20 ਸਤੰਬਰ 2021
ਰਾਮ ਸਰੂਪ ਅਣਖੀ ਸਾਹਿਤ ਸਭਾ (ਰਜਿ:) ਧੌਲਾ ਵੱਲੋਂ ਮਾਤਾ ਬਸੰਤ ਕੌਰ ਯਾਦਗਰੀ ਲਾਇਬਰੇਰੀ ਪਿੰਡ ਅਤਰਗੜ੍ਹ ਨੂੰ ਵਿਸ਼ਵ ਅਤੇ ਪੰਜਾਬੀ ਸਾਹਿਤ ਦੀਆਂ 101 ਕਿਤਾਬਾਂ ਭੇਂਟ ਕੀਤੀਆਂ ਗਈਆਂ।ਇਹ ਕਿਤਾਬਾਂ ਬਰਨਾਲਾ ਦੇ ਸਿਵਲ ਸਰਜਨ ਡਾ. ਜਸਬੀਰ ਸਿੰਘ ਔਲਖ ਦੀ ਰਹਿਨੁਮਾਈ ਵਿਚ ਉਨ੍ਹਾਂ ਦੇ ਜੱਦੀ ਪਿੰਡ ਅਤਰਗੜ੍ਹ ਦੀ ਮਾਤਾ ਬਸੰਤ ਕੌਰ ਯਾਦਗਰੀ ਲਾਇਬਰੇਰੀ ਨੂੰ ਭੇਂਟ ਕੀਤੀ ਗਈਆਂ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਬਰਨਾਲਾ ਸਿਵਲ ਸਰਜਨ ਡਾ. ਜਸਬੀਰ ਸਿੰਘ ਔਲਖ ਨੇ ਕਿਹਾ ਕਿ ਪਿੰਡ ਧੌਲਾ ਦੀ ਰਾਮ ਸਰੂਪ ਅਣਖੀ ਸਾਹਿਤ ਸਭਾ (ਰਜਿ:) ਅਜੋਕੇ ਸਮੇਂ ਵਿਚ ਸਾਹਿਤਕ ਖੇਤਰ ਵਿਚ ਨਵੀਆਂ ਪਿਰਤਾਂ ਪਾ ਰਹੀ ਹੈ।ਸਭ ਤੋਂ ਵੱਡੀ ਗੱਲ ਇਹ ਸਭਾ ਸ੍ਰੀ ਅਣਖੀ ਜੀ ਦੇ ਜੱਦੀ ਪਿੰਡ ਤੋਂ ਚੱਲ ਕੇ ਅੱਜ ਦੇਸ਼ ਵਿਦੇਸ਼ ਵਿਚ ਸਾਹਿਤਕ ਸਮਾਗਮ ਕਰ ਰਹੀ ਹੈ।
ਸਭਾ ਦੇ ਚੇਅਰਮੈਨ ਬੇਅੰਤ ਬਾਜਵਾ ਅਤੇ ਕਾਰਜਕਾਰੀ ਪ੍ਰਧਾਨ ਅਮਨਦੀਪ ਸਿੰਘ ਨੇ ਕਿਹਾ ਕਿ ਸਭਾ ਦੇ ਮੁੱਖ ਮੰਤਵ ਮਿਆਰੀ ਸਾਹਿਤ ਨੂੰ ਅੱਗੇ ਲੈ ਕੇ ਆਉਣਾ ਹੈ।ਇਸ ਮੌਕੇ ਬਰਨਾਲਾ ਜਰਨਲਿਸਟ ਐਸੋਸੀਏਸ਼ਨ ਦੇ ਜਨਰਲ ਸੈਕਟਰੀ ਤੇ ਸੀਨੀ: ਪੱਤਰਕਾਰ ਹਰਿੰਦਰਪਾਲ ਨਿੱਕਾ, ਸ੍ਰੋਮਣੀ ਕਮੇਟੀ ਮੈਂਬਰ ਬਲਦੇਵ ਸਿੰਘ ਚੂੰਘਾਂ ਅਤੇ ਸਭਾ ਦੇ ਮੀਤ ਪ੍ਰਧਾਨ ਦੀਪ ਅਮਨ ਸਿੰਘ ਹਾਜ਼ਰ ਸਨ।