ਦੇਸ਼ ਭਗਤ ਯਾਦਗਾਰ ਕਮੇਟੀ ਦੇ ਵਫ਼ਦ ਨੇ ਡੀ.ਸੀ. ਅੰਮ੍ਰਿਤਸਰ ਨੂੰ
ਜੱਲ੍ਹਿਆਂਵਾਲਾ ਬਾਗ਼ ਸਬੰਧੀ ਦਿੱਤਾ ਮੈਮੋਰੈਡਮ
ਪਰਦੀਪ ਕਸਬਾ , ਜਲੰਧਰ , 22 ਸਤੰਬਰ 2021
ਦੇਸ਼ ਦੇ ਆਜ਼ਾਦੀ ਸੰਗਰਾਮ ਦੀ ਇਤਿਹਾਸਕ ਸਮਾਰਕ ਜਲ੍ਹਿਆਂਵਾਲਾ ਬਾਗ਼ ਨਾਲ ਸੁੰਦਰੀਕਰਨ ਤੇ ਨਵੀਨੀਕਰਨ ਦੇ ਨਾਂਅ ‘ਤੇ ਕੀਤੀ ਛੇੜਛਾੜ ਵਿਰੁੱਧ ਦੇਸ਼ ਭਗਤ ਯਾਦਗਾਰ ਕਮੇਟੀ ਦਾ ਇੱਕ ਵਫ਼ਦ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਸ੍ਰੀ ਗੁਰਪ੍ਰੀਤ ਸਿੰਘ ਖਹਿਰਾ ਨੂੰ ਮੈਮੋਰੈਡਮ ਪੇਸ਼ ਕੀਤਾ।
ਕਮੇਟੀ ਦੇ ਪ੍ਰਧਾਨ ਕਾ.ਅਜਮੇਰ ਸਿੰਘ, ਮੀਤ ਪ੍ਰਧਾਨ ਕਾ.ਸੀਤਲ ਸਿੰਘ ਸੰਘਾ, ਜਨਰਲ ਸਕੱਤਰ ਕਾ. ਗੁਰਮੀਤ ਸਿੰਘ, ਸਹਾਇਕ ਸਕੱਤਰ ਡਾ. ਪਰਮਿੰਦਰ, ਖਜ਼ਾਨਚੀ ਕਾ.ਰਣਜੀਤ ਸਿੰਘ ਔਲਖ ਅਤੇ ਟਰੱਸਟ ਮੈਂਬਰ ਸੁਰਿੰਦਰ ਕੁਮਾਰੀ ਕੋਛੜ ਦੇ ਵਫ਼ਦ ਨੇ ਡਿਪਟੀ ਕਮਿਸ਼ਨਰ ਨਾਲ ਮਿਲ ਕੇ ਉਨ੍ਹਾਂ ਨੂੰ ਨਵੀਨੀਕਰਣ ਦੇ ਨਾਂਅ ‘ਤੇ ਸਰਕਾਰ ਵਲੋਂ ਕੀਤੀਆਂ ਤਬਦੀਲੀਆਂ ਬਾਰੇ ਵਿਸਥਾਰ-ਪੂਰਵਕ ਗੱਲਬਾਤ ਕੀਤੀ ਅਤੇ ਰੋਸ ਪ੍ਰਗਟ ਕੀਤਾ ਕਿ ਇਹ ਤਬਦੀਲੀਆਂ ਏਸ ਇਤਿਹਾਸ ਧਰੋਹਰ ਨਾਲ ਕੋਝਾ ਮਜ਼ਾਕ ਹੈ, ਜਿਸ ਨੂੰ ਦੇਸ਼ ਭਗਤ ਆਵਾਮ ਕਦੇ ਵੀ ਬਰਦਾਸ਼ਤ ਨਹੀਂ ਕਰੇਗੀ।
ਗੱਲਬਾਤ ਦੌਰਾਨ ਬਾਗ਼ ਦੀ ਮੁੱਖ ਗਲੀ ਜਿਸ ਰਾਹੀਂ ਜਨਰਲ ਡਾਇਰ ਅੰਦਰ ਗਿਆ ਸੀ, ਇਕੱਠ ‘ਤੇ ਗੋਲੀ ਚਲਾਉਣ ਵਾਲੀ ਥਾਂ, ਸ਼ਹੀਦੀ ਜੋਤੀ, ਸ਼ਹੀਦੀ ਖੂਹ ਅਤੇ ਗੈਲਰੀਆਂ ਵਿੱਚ ਸਾਕੇ ਨਾਲ ਸਬੰਧਤ ਕੁਝ ਤਸਵੀਰ ਹਟਾਉਣ ਅਤੇ ਲਗੀਆਂ ਕੁਝ ਤਸਵੀਰ ਹੇਠ ਗਲਤ ਨਾਂਅ ਲਿਖੇ ਜਾਣ ਬਾਰੇ ਵਿਸਥਾਰ ਵਿੱਚ ਦਸਿਆ ਗਿਆ ਕਿ ਕਿਸ ਤਰ੍ਹਾਂ ਅੰਗਰੇਜ਼ ਸਾਮਰਾਜ ਵੱਲੋਂ ਕੀਤੇ ਉਸ ਖੂਨੀ ਸਾਕੇ ਦੀ ਲੋਅ ਨੂੰ ਮੱਧਮ ਕਰਨ ਲਈ ਸੁੰਦਰੀਕਰਨ ਦੇ ਨਾਂਅ ‘ਤੇ ਵਿਗਾੜ ਕੀਤਾ ਗਿਆ ਹੈ, ਜਦੋਂ ਕਿ ਇਸ ਯਾਦਗਾਰ ਦੀ ਅਸਲ ਇਤਿਹਾਸਕ ਦਿੱਖ ਨੂੰ ਸੰਭਾਲਣ ਦੀ ਲੋੜ ਸੀ।
ਡਿਪਟੀ ਕਮਿਸ਼ਨਰ ਸ੍ਰੀ ਖਹਿਰਾ ਨੇ ਵਫ਼ਦ ਦੀਆਂ ਮੰਗਾਂ ਨੂੰ ਬਹੁਤ ਸੰਜੀਦਗੀ ਨਾਲ ਸੁਣਿਆ ਅਤੇ ਵਿਸ਼ਵਾਸ਼ ਦੁਆਇਆ ਕਿ ਉਹ ਕਮੇਟੀ ਦੇ ਇਨ੍ਹਾਂ ਜਜਬਾਤ ਅਤੇ ਮੰਗਾਂ ਨੂੰ ਸਬੰਧਤ ਵਿਭਾਗ ਅਤੇ ਅਧਿਕਾਰੀਆਂ ਕੋਲ ਪਹੁੰਚਾਉਣਗੇ। ਉਨ੍ਹਾਂ ਦੱਸਿਆ ਕਿ ਮੁੱਖ ਤੌਰ ‘ਤੇ ਜਲ੍ਹਿਆਂਵਾਲਾ ਬਾਗ਼ ਦੀ ਸੰਭਾਲ ਕੌਮੀ ਜੱਲ੍ਹਿਆਂਵਾਲਾ ਟਰੱਸਟ ਦੇ ਅਧੀਨ ਹੈ, ਜਿਸ ਦੇ ਚੇਅਰਮੈਨ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਹਨ।