ਫਾਜ਼ਿਲਕਾ ਜ਼ਿਲੇ੍ਹ ਦੀ ਪਹਿਲ: ਪਿੰਡਾਂ ਵਿੱਚ ਗੰਦੇ ਪਾਣੀ ਦੀ ਨਿਕਾਸੀ ਲਈ ਪੈ ਰਹੀਆਂ ਹਨ ਜਮੀਨਦੋਜ਼ ਪਾਈਪਾਂ
ਪਿੰਡ ਹੋ ਰਹੇ ਹਨ ਸਾਫ ਸੁਥਰੇ, ਮੱਖੀ ਮੱਛਰ ਖਤਮ ਘਟਨਗੀਆਂ ਬਿਮਾਰੀਆਂ
ਲੋਕਾਂ ਦੇ ਜੀਵਨ ਪਧਰ ਵਿੱਚ ਹੋ ਰਿਹਾ ਹੈ ਸੁਧਾਰ
ਬੀ ਟੀ ਐਨ , ਫਾਜ਼ਿਲਕਾ 15 ਸਤੰਬਰ 2021
ਫਾਜ਼ਿਲਕਾ ਜ਼ਿਲੇ੍ਹ ਦੇ ਪਿੰਡਾਂ ਵਿੱਚ ਜਲਦ ਹੀ ਲੋਕਾਂ ਨੂੰ ਗੰਦੇ ਪਾਣੀ ਵਾਲੀਆਂ ਖੁਲੀਆਂ ਨਾਲੀਆਂ ਤੋਂ ਪੂਰੀ ਤਰ੍ਹਾਂ ਛੁਟਕਾਰਾ ਮਿਲ ਜਾਵੇਗਾ। ਇਸ ਸਬਧੀ ਪੇਂਡੂ ਵਿਕਾਸ ਵਿਭਾਗ ਵੱਲੋਂ ਪਿੰਡਾਂ ਵਿੱਚ ਗੰਦੇ ਪਾਣੀ ਦੇ ਨਿਕਾਸ ਲਈ ਜਮੀਨਦੋਜ਼ ਪਾਈਪਾਂ ਪਾਉਣ ਦੇ ਪ੍ਰੋਜੈਕਟ ਚਲਾਏ ਜਾ ਰਹੇ ਹਨ।
ਇਸ ਸਬੰਧੀ ਜ਼ਿਲੇ੍ਹ ਦੇ ਡਿਪਟੀ ਕਮਿਸ਼ਨਰ ਸ. ਅਰਵਿੰਦ ਪਾਲ ਸਿੰਘ ਸੰਧੂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸਰਕਾਰ ਵੱਲੋਂ ਪੇਂਡੂ ਵਿਕਾਸ ਨੂੰ ਤਰਜੀਹ ਦਿੱਤੀ ਜਾ ਰਹੀ ਹੈ ਅਤੇ ਪਿੰਡਾਂ ਦੇ ਵਿਕਾਸ ਲਈ ਫੰਡ ਮੁਹਈਆ ਕਰਵਾਏ ਜਾ ਰਹੇ ਹਨ।
ਵਧੀਕ ਡਿਪਟੀ ਕਮਿਸ਼ਨਰ ਵਿਕਾਸ ਸ੍ਰੀ ਸਾਗਰ ਸੇਤੀਆ ਨੇ ਕਿਹਾ ਕਿ ਵਿਭਾਗ ਪਿੰਡਾਂ ਨੂੰ ਸਵੱਛ ਕਰਨ ਅਤੇ ਲੋਕਾਂ ਨੂੰ ਸਾਫ ਸੁਥਰੇ ਚੌਗਿਰਦੇ ਵਾਲਾ ਜੀਵਨ ਮੁਹੱਈਆ ਕਰਵਾਉਣ ਲਈ ਇਸ ਪ੍ਰੋਜੈਕਟ ਤੇ ਕੰਮ ਕਰ ਰਿਹਾ ਹੈ।ਇਸ ਤਹਿਤ ਗੱਲੀਆਂ ਨੂੰ ਪੱਕਾ ਕਰਨ ਮੌਕੇ ਹੀ ਜਮੀਨਦੋਜ਼ ਪਾਈਪਾ ਵਿਛਾਇਆ ਜਾ ਰਹੀਆਂ ਹਨ।ਜਿਸ ਰਾਹੀਂ ਗੰਦਾ ਪਾਣੀ ਘਰ ਤੋਂ ਅਜਿਹਾ ਪਾਣੀ ਸਟੋਰ ਕਰਨ ਵਾਲੇ ਟੋਭੇ ਤੱਕ ਪਹੁੰਚਦਾ ਹੈ। ਉਨ੍ਹਾਂ ਕਿਹਾ ਕਿ ਹਰੇਕ ਘਰ ਦੇ ਲਈ ਇੱਕ ਚੈਂਬਰ ਬਣਾਇਆ ਗਿਆ ਹੈ ਜਿਥੇ ਪਾਣੀ ਵਿਚਲਾ ਠੋਸ ਮਾਦਾ ਥੱਲੇ ਬੈਠ ਜਾਂਦਾ ਹੈ ਅਤੇ ਨਿੱਤਰੇ ਪਾਣੀ ਦੀ ਪਾਈਪ ਰਾਹੀਂ ਨਿਕਾਸੀ ਹੋ ਜਾਂਦੀ ਹੈ।
ਇਸ ਪ੍ਰੋਜੈਕਟ ਤਹਿਤ ਆਪਣੇ ਪਿੰਡ ਵਿੱਚ ਅੰਡਰ ਗਰਾਉਡ ਪਾਈਪ ਪਾਉਣ ਵਾਲੇ ਦੌਲਤ ਪੁਰਾ ਪਿੰਡ ਦੇ ਸਰਪੰਚ ਹਰਪ੍ਰੀਤ ਸਿਘ ਸਿੱਧੂ ਨੇ ਦੱਸਿਆ ਕਿ ਉਨ੍ਹਾਂ ਦੀ ਪੰਚਾਇਤ ਨੂੰ 10 ਲੱਖ ਰੁਪਏ ਦੀ ਗਰਾਂਟ ਮਿਲੀ ਜਿਸ ਨਾਲ 2721 ਫੁੱਟ ਪਾਈਪ ਲਾਈਨ ਪਾਈ ਗਈ।ਜਿਸ ਨਾਲ ਹੁਣ ਪਿੰਡ ਦੀ ਫਿਰਨੀ ਪੂਰੀ ਤਰ੍ਹਾਂ ਸਾਫ ਹੋ ਗਈ ਹੈ।
ਪਿੰਡ ਪੰਜਕੋਸੀ ਜਿਥੇ 30 ਹਜ਼ਾਰ ਫੁੱਟ ਪਾਈਪ ਪਾਈ ਗਈ ਹੈ ਦੇ ਨਿਵਾਸੀ ਮਨੀਸ਼ ਪੁਨੀਆ, ਈਸ਼ੂ, ਕਾਲੂ ਰਾਮ ਪੇਂਟਰ ਅਤੇ ਭਾਨੀ ਰਾਮ ਨੇ ਦੱਸਿਆ ਕਿ ਹੁਣ ਖੁੱਲੀਆ ਨਾਲੀਆਂ ਖਤਮ ਹੋਣ ਨਾਲ ਉਨ੍ਹਾਂ ਦੇ ਮੁਹੱਲੇ ਵਿੱਚ ਨਾਲੀਆਂ ਦੇ ਗੰਦੇ ਪਾਣੀ ਦੀ ਬਦਬੂ ਨਹੀ ਮਾਰਦੀ ਅਤੇ ਨਾ ਹੀ ਮੱਛਰ ਮੱਖੀ ਪਨਪਦੇ ਹਨ।ਪਿੰਡ ਕਿੱਲੀਆਂ ਵਾਲੀ ਦੇ ਪ੍ਰੇਮ ਸਿੰਘ ਅਤੇ ਇਕ ਹੋਰ ਵਸਨੀਕ ਨੀਲਮ ਰਾਣੀ ਨੇ ਗੰਦੇ ਪਾਣੀ ਦੀ ਨਿਕਾਸੀ ਲਈ ਜਮੀਨਦੋਜ਼ ਪਾਈਪਾਂ ਪਾਉਣ ਲਈ ਪੰਜਾਬ ਸਰਕਾਰ ਦਾ ਧੰਨਵਾਦ ਕਰਦਿਆਂ ਕਿਹਾ ਕਿ ਹੁਣ ਸਾਡੀਆਂ ਗੱਲੀਆਂ ਵੀ ਸੋਹਣੇ ਸ਼ਹਿਰਾ ਦਾ ਭੁਲੇਖਾ ਪਾਉਂਦੀਆ ਹਨ।