ਪਿੰਡ ਹਮੀਦੀ ਵਿਖੇ ਸਾਉਣ ਮਹੀਨੇ ਨੂੰ ਸਮਰਪਿਤ ਤੀਆਂ ਲਾਈਆਂ ਗਈਆਂ
ਧੀਆਂ ਨੇ ਲੋਕ ਬੋਲੀਆਂ, ਸਿੱਠਣੀਆਂ ਅਤੇ ਗਿੱਧੇ ਨਾਲ ਖ਼ੁਸ਼ੀ ਦਾ ਕੀਤਾ ਇਜ਼ਹਾਰ
ਗੁਰਸੇਵਕ ਸਿੰਘ ਸਹੋਤਾ,ਪਾਲੀ ਵਜੀਦਕੇ, ਮਹਿਲ ਕਲਾਂ 15 ਅਗਸਤ 2021
ਪਿੰਡ ਹਮੀਦੀ ਵਿਖੇ ਸਾਉਣ ਮਹੀਨੇ ਨੂੰ ਸਮਰਪਿਤ ਤੀਆਂ ਦਾ ਤਿਉਹਾਰ ਮਨਾਇਆ ਗਿਆ। ਇਸ ਮੌਕੇ ਸਰਪੰਚ ਜਸਪ੍ਰੀਤ ਕੌਰ ਮਾਗਟ ਹਮੀਦੀ ਦੀ ਅਗਵਾਈ ਵਿੱਚ ਇਕੱਠੀਆਂ ਹੋਈਆਂ ਧੀਆਂ ਧਿਆਣੀਆਂ ਨੇ ਲੋਕ ਬੋਲੀਆਂ ਅਤੇ ਗਿੱਧੇ ਰਾਹੀਂ ਆਪਣੀ ਖੁਸ਼ੀ ਸਾਂਝੀ ਕੀਤੀ। ਇਸ ਮੌਕੇ ਲੜਕੀਆਂ ਦੇ ਝੂਟਣ ਲਈ ਪੀਂਘਾਂ ਵੀ ਪਾਈਆਂ ਗਈਆ। ਇਸ ਮੌਕੇ ਵਿਸ਼ੇਸ਼ ਤੌਰ ਤੇ ਪੁੱਜੇ ਸਰਪੰਚ ਜਸਪ੍ਰੀਤ ਕੌਰ ਮਾਂਗਟ ਅਤੇ ਸਮਾਜ ਸੇਵੀ ਤੇ ਪੰਚ ਜਸਵਿੰਦਰ ਸਿੰਘ ਮਾਂਗਟ (ਹਮੀਦੀ) ਨੇ ਕਿਹਾ ਕਿ ਧੀਆਂ ਦਾ ਇਹ ਤਿਉਹਾਰ ਸਾਡੇ ਸਮਾਜ ਦਾ ਇੱਕ ਅਨਿੱਖੜਵਾਂ ਅੰਗ ਹਨ।
ਤੀਆਂ ਜ਼ਰੀਏ ਪਿੰਡ ਦੀਆਂ ਲੜਕੀਆਂ ਇੱਕ ਸਾਂਝੀ ਜਗ੍ਹਾ ਤੇ ਇਕੱਠੀਆਂ ਹੋ ਕੇ ਗੀਤਾਂ ਅਤੇ ਲੋਕ ਬੋਲੀਆਂ ਰਾਹੀਂ ਇਕ ਦੂਸਰੇ ਨਾਲ ਖ਼ੁਸ਼ੀ ਸਾਂਝੀ ਕਰਦੀਆਂ ਹਨ ਅਤੇ ਆਪਣੇ ਮਨ ਦੇ ਚਾਅ ਪੂਰੇ ਕਰਦੀਆਂ ਹਨ। ਧੀਆਂ ਲਈ ਖ਼ੁਸ਼ੀਆਂ ਦੇ ਪ੍ਰਤੀਕ ਇਸ ਤਿਉਹਾਰ ਦੀ ਅਹਿਮੀਅਤ ਇਸ ਗੱਲੋਂ ਵੀ ਅਹਿਮ ਹੈ ਕਿ ਇਹ ਸਾਡੇ ਵਿਰਸੇ ਦਾ ਉਹ ਸੁਨਹਿਰੀ ਪਲ ਹੈ ਜੋ ਖ਼ੁਸ਼ੀਆਂ ਦੇ ਸੁਨੇਹੇ ਲੈ ਕੇ ਆਉਂਦਾ ਹੈ। ਉਨ੍ਹਾਂ ਕਿਹਾ ਕਿ ਅੱਜ ਅਲੋਪ ਹੋ ਰਹੇ ਪੰਜਾਬੀ ਵਿਰਸੇ ਤੋਂ ਬੱਚਿਆਂ ਨੂੰ ਜਾਣੂ ਕਰਾਉਣ ਲਈ ਇਸ ਤਰ੍ਹਾਂ ਦੇ ਉਪਰਾਲੇ ਹੋਣਾ ਬੜਾ ਜ਼ਰੂਰੀ ਹੈ ਤਾਂ ਜੋ ਹੁਣ ਵਾਲੀ ਪੀੜ੍ਹੀ ਆਪਣੇ ਵਿਰਸੇ ਨਾਲ ਜੁੜ ਕੇ ਆਪਣੇ ਸੱਭਿਆਚਾਰ ਨੂੰ ਸਾਂਭ ਕੇ ਰੱਖ ਸਕੇ।
ਉਨ੍ਹਾਂ ਕਿਹਾ ਕਿ ਇਹ ਤਿਉਹਾਰ ਹਰ ਸਾਲ ਮਨਾਇਆ ਜਾਵੇਗਾ ਅਤੇ ਗਰਾਮ ਪੰਚਾਇਤ ਵੱਲੋਂ ਧੀਆਂ ਧਿਆਣੀਆਂ ਦਾ ਪੂਰਾ ਸਹਿਯੋਗ ਕੀਤਾ ਜਾਵੇਗਾ। ਇਸ ਮੌਕੇ ਸਰਬਜੀਤ ਕੌਰ ਹਮੀਦੀ ਨੇ ਕਿਹਾ ਕਿ ਧੀਆਂ ਧਿਆਣੀਆਂ ਅਤੇ ਸੁਆਣੀਆਂ ਲਈ ਖ਼ੁਸ਼ੀਆਂ ਦੇ ਪ੍ਰਤੀਕ ਇਸ ਤਿਉਹਾਰ ਨੂੰ ਰਲ ਮਿਲ ਕੇ ਮਨਾਉਣਾ ਅਤੇ ਖ਼ੁਸ਼ੀਆਂ ਦੇ ਵਿੱਚ ਬੋਲੀਆਂ, ਗਿੱਧਾ ਅਤੇ ਸਿੱਠਣੀਆਂ ਗਾ ਕੇ ਖੁਸ਼ੀਆਂ ਸਾਂਝੀਆਂ ਕਰਨੀਆਂ ਪਿੰਡ ਦੀਆਂ ਸਾਂਝੀਆਂ ਥਾਵਾਂ ਤੇ ਰੌਣਕਾਂ ਲਾਉਣਾ ਮਾਣ ਵਾਲੀ ਗੱਲ ਹੈ। ਧੀਆਂ ਧਿਆਣੀਆਂ ਇਸ ਮਾਣ ਨੂੰ ਲਗਾਤਾਰ ਬਰਕਰਾਰ ਰੱਖਣ ਅਤੇ ਆਪਣੇ ਵਿਰਸੇ ਨਾਲ ਜੁੜੇ ਰਹਿ ਕੇ ਜ਼ਿੰਦਗੀ ਜਿਊਣ ਦਾ ਪ੍ਰਣ ਲੈਣ। ਉਨ੍ਹਾਂ ਪਿੰਡ ਦੀਆਂ ਸਮੂਹ ਨੌਜਵਾਨ ਧੀਆਂ ਅਤੇ ਬਜ਼ੁਰਗ ਮਾਤਾਵਾਂ ਨੂੰ ਅਪੀਲ ਕੀਤੀ ਕਿ ਪਿੰਡ ਹਮੀਦੀ ਵਿਖੇ ਹਰ ਸਾਲ ਤੀਆਂ ਦਾ ਤਿਉਹਾਰ ਮਨਾਇਆ ਜਾਇਆ ਕਰੇਗਾ ਤੇ ਉਹ ਵੱਡੀ ਸ਼ਮੂਲੀਅਤ ਕਰਨ।
ਇਸ ਮੌਕੇ ਪੰਚ ਅਮਰ ਸਿੰਘ, ਇੰਦਰਜੀਤ ਕੌਰ ਚੋਪੜਾ, ਪਲਵਿੰਦਰ ਕੌਰ ਮਾਂਗਟ, ਚਰਨਜੀਤ ਕੌਰ ਰੰਧਾਵਾ, ਹਰਜਿੰਦਰ ਕੌਰ ਮਾਨ, ਰਾਣੀ ਕੌਰ, ਹਰਪਾਲ ਕੌਰ ਪਾਲੋ, ਹਰਵਿੰਦਰ ਕੌਰ ਰਾਣੀ ,ਪੰਚ ਕਰਮਜੀਤ ਕੌਰ, ਹਰਪ੍ਰੀਤ ਕੌਰ ਮਾਂਗਟ ਸਮੇਤ ਹੋਰ ਪਤਵੰਤੇ ਵੀ ਹਾਜ਼ਰ ਸਨ ।