ਅੱਜ ਜ਼ਿਲ੍ਹਾ ਸੰਗਰੂਰ ਵਿਚ ਕੋਵਿਡ -19 ਦਾ ਕੋਈ ਪਾਜ਼ੀਟਿਵ ਕੇਸ ਨਹੀਂ ਆਇਆ- ਡਾ. ਅੰਜਨਾ ਗੁਪਤਾ
ਹਰਪ੍ਰੀਤ ਕੌਰ ਬਬਲੀ , ਸੰਗਰੂਰ, 16 ਅਗਸਤ 2021 ਕੋਵਿਡ-19 ਦੀ ਤਾਜ਼ਾ ਸਥਿਤੀ ਬਾਰੇ ਜਾਣਕਾਰੀ ਦਿੰਦੇ ਹੋਏ ਸਿਵਲ ਸਰਜਨ ਸੰਗਰੂਰ ਡਾ. ਅੰਜਨਾ ਗੁਪਤਾ ਨੇ ਦੱਸਿਆ ਕਿ ਜ਼ਿਲ੍ਹੇ ਵਿਚ ਅੱਜ ਕੋਈ ਵੀ ਕੋਰੋਨਾ ਦਾ ਮਰੀਜ ਪਾਜੇਟਿਵ ਨਹੀਂ ਆਇਆ ਜਦਕਿ ਅੱਜ 1514 ਮਰੀਜਾਂ ਦੇ ਸੈਂਪਲ ਲਏ ਗਏ ਹਨ। ਉਨ੍ਹਾਂ ਦੱਸਿਆ ਕਿ ਹੁਣ ਤੱਕ ਕੁੱਲ 6 ਲੱਖ 23 ਹਜ਼ਾਰ 445 ਸੈਂਪਲ ਲਏ ਗਏ ਹਨ ਜਿਨ੍ਹਾਂ ਵਿਚੋਂ 6 ਲੱਖ 7 ਹਜ਼ਾਰ 748 ਵਿਅਕਤੀਆਂ ਦੇ ਨਤੀਜ਼ੇ ਨੇਗੇਟਿਵ ਪਾਏ ਗਏ।
ਉਨ੍ਹਾਂ ਦੱਸਿਆ ਕਿ 14828 ਕੋਵਿਡ ਮਰੀਜ਼ ਤੰਦਰੁਸਤ ਹੋ ਕੇ ਆਪਣੇ ਪਰਿਵਾਰਾਂ ਵਿੱਚ ਰਹਿ ਰਹੇ ਹਨ। ਉਨ੍ਹਾਂ ਦੱਸਿਆ ਕਿ ਹੁਣ ਜ਼ਿਲ੍ਹੇ ਦੇ 9 ਕੋਰੋਨਾ ਮਰੀਜ਼ ਇਕਾਂਤਵਾਸ ਵਿਚ ਹਨ।
ਡਾ. ਗੁਪਤਾ ਨੇ ਜ਼ਿਲਾ ਵਾਸੀਆਂ ਨੂੰ ਅਪੀਲ ਕੀਤੀ ਕਿ ਸਾਨੂੰ ਬਿਲਕੁਲ ਵੀ ਅਵੇਸਲੇ ਨਹੀਂ ਹੋਣਾ ਚਾਹੀਦਾ ਕਿਉਂਕਿ ਕੋਵਿਡ 19 ਦੀ ਤੀਸਰੀ ਲਹਿਰ ਬਰੂਹਾਂ ਤੇ ਖੜੀ ਦਸਤਕ ਦੇ ਰਹੀ ਹੈ। ਉਨ੍ਹਾਂ ਕਿਹਾ ਕਿ ਸਾਨੂੰ ਕੋਵਿਡ ਨਿਯਮਾਂ ਦੀ ਸਖ਼ਤੀ ਨਾਲ ਪਾਲਣਾ ਕਰਨੀ ਚਾਹੀਦੀ ਹੈ ਜਿਵੇਂ ਕਿ ਘਰੋਂ ਬਾਹਰ ਨਿਕਲਣ ਲੱਗਿਆਂ ਚਿਹਰੇ ਤੇ ਮਾਸਕ ਪਹਿਨਣਾ, ਹੱਥਾਂ ਨੂੰ ਵਾਰ ਵਾਰ ਸਾਬਣ ਪਾਣੀ ਨਾਲ ਸਾਫ ਕਰਨਾ ਅਤੇ ਸਮਾਜਿਕ ਦੂਰੀ ਬਣਾ ਕੇ ਰੱਖਣਾ।